

ਲੁਧਿਆਣਾ 24 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਬੀਤੇ ਦਿਨੀਂ ਵਿਦਿਆਰਥੀਆਂ ਦੀ ਕਲਾਮਤਕ ਪ੍ਰਤਿਭਾ ਨੂੰ ਪਛਾਣਨ ਅਤੇ ਵਿਸਾਖੀ ਦੇ ਤਿਉਹਾਰ ਨੂੰ ਜਾਨਣ ਲਈ ਵਿਸ਼ੇਸ਼ ਸਮਾਗਮ ਕਰਵਾਇਆ| ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿਤ ਇਸ ਸਮਾਗਮ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ| ਡਾ. ਗੋਸਲ ਨੇ ਇਸ ਮੌਕੇ ਵਿਸਾਖੀ ਨੂੰ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦਾ ਅਜਿਹਾ ਤਿਉਹਾਰ ਕਿਹਾ ਜਿਸ ਨਾਲ ਅਰਥਚਾਰਾ ਅਤੇ ਰਹੁਰੀਤਾਂ ਜੁੜੀਆਂ ਹੋਈਆਂ ਹਨ| ਡਾ. ਗੋਸਲ ਨੇ ਕਿਹਾ ਕਿ ਇਸ ਦਿਨ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਗਊ ਗਰੀਬ ਅਤੇ ਬੇਸਹਾਰਿਆਂ ਦੀ ਰੱਖਿਆ ਲਈ ਆਦਰਸ਼ ਮਨੁੱਖ ਦੀ ਸਾਜਨਾ ਕੀਤੀ| ਡਾ. ਗੋਸਲ ਨੇ ਅਜੋਕੇ ਪ੍ਰਸੰਗ ਵਿਚ ਵਿਸਾਖੀ ਦੇ ਮਹੱਤਵ ਨੂੰ ਦ੍ਰਿੜ ਕਰਵਾਇਆ|
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਵਿਰਾਸਤ ਦੀ ਸਾਂਭ-ਸੰਭਾਲ ਲਈ ਪੀ.ਏ.ਯੂ. ਵੱਲੋਂ ਕੀਤੇ ਜਾ ਰਹੇ ਯਤਨਾਂ ਉੱਪਰ ਚਾਨਣਾ ਪਾਇਆ| ਉਹਨਾਂ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜ ਕੇ ਪੰਜਾਬੀ ਹੋਣ ਉੱਪਰ ਮਾਣ ਕਰਨ ਦੀ ਲੋੜ ਹੈ|
ਸਮਾਗਮ ਦੇ ਮੁੱਖ ਬੁਲਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਉੱਘੇ ਸਿੱਖ ਸਕਾਲਰ ਡਾ. ਹਰਪਾਲ ਸਿੰਘ ਪੰਨੂ ਸਨ| ਉਹਨਾਂ ਨੇ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਅਧਿਆਤਮਕ ਅਤੇ ਆਰਥਿਕ ਮਹੱਤਤਾ ਬਾਰੇ ਗੱਲ ਕੀਤੀ| ਨਾਲ ਹੀ ਉਹਨਾਂ ਨੇ ਇਸ ਦਿਨ ਨੂੰ ਪੰਜਾਬ ਦੇ ਇਤਿਹਾਸ ਵਿਚ ਵਿਲੱਖਣ ਅਤੇ ਮਹੱਤਵਪੂਰਨ ਦਿਹਾੜਾ ਆਖਿਆ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਵਾਗਤ ਦੇ ਸ਼ਬਦ ਕਹਿੰਦਿਆਂ ਵਿਦਿਆਰਥੀਆਂ ਅਤੇ ਮਹਿਮਾਨਾਂ ਦੇ ਨਾਲ-ਨਾਲ ਯੂਨੀਵਰਸਿਟੀ ਕਰਮਚਾਰੀਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ| ਉਹਨਾਂ ਕਿਹਾ ਕਿ ਇਸ ਦਿਨ ਵਿਦਿਆਰਥੀਆਂ ਦੀ ਕਲਾਤਮਕ ਰੁਚੀਆਂ ਨੂੰ ਹੋਰ ਤੀਬਰ ਕਰਨ ਲਈ ਹੁਨਰ ਖੋਜ ਮੁਕਾਬਲੇ ਕਰਵਾਏ ਜਾ ਰਹੇ ਹਨ ਤਾਂ ਜੋ ਇਹ ਦਿਨ ਵਿਰਾਸਤੀ ਤੌਰ ਤੇ ਨੌਜਵਾਨ ਪੀੜੀ ਨੂੰ ਪ੍ਰਫੁੱਲਿਤ ਕਰ ਸਕੇ| ਇਸ ਮੌਕੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ|
ਸੱਭਿਆਚਾਰਕ ਪੇਸ਼ਕਾਰੀਆਂ ਦੀ ਲੜੀ ਵਿਚ ਲੋਕਗੀਤ, ਲੋਕ ਨਾਚ ਅਤੇ ਲੋਕ ਵੰਨਗੀਆਂ ਪੇਸ਼ ਕੀਤੀਆਂ ਗਈਆਂ| ਉੱਘੇ ਕਵੀਸ਼ਰ ਮੰਡੇਰ ਬ੍ਰਦਰਜ਼ ਨੇ ਵੀ ਵਿਰਾਸਤੀ ਕਵੀਸ਼ਰੀ ਗਾ ਕੇ ਰੰਗ ਬੰਨ ਦਿੱਤਾ|
ਅੰਤ ਵਿਚ ਧੰਨਵਾਦ ਦੇ ਸ਼ਬਦ ਸੱਭਿਆਚਾਰ ਬਾਰੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਤੂਰ ਨੇ ਕਹੇ| ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਸੱਭਿਆਚਾਰ ਦੇ ਖੇਤਰ ਦੇ ਨਾਮਵਰ ਹਸਤਾਖਰ ਵੀ ਮੌਜੂਦ ਸਨ|
ਯੂਨੀਵਰਸਿਟੀ ਵੱਲੋਂ ਇਸ ਮੌਕੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਗੁਰਤੇਗ ਸਿੰਘ ਨੇ ਪਹਿਲਾ, ਨਵਦੀਪ ਸਿੰਘ ਅਤੇ ਹਰਸ਼ਾਨਦੀਪ ਸਿੰਘ ਨੇ ਦੂਜਾ ਅਤੇ ਦਵਿੰਦਰ ਸਿੰਘ ਅਤੇ ਚਰਨਕੰਵਲ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ|
ਪਰਾਂਦਾ ਗੁੰਦਣ ਦੇ ਮੁਕਾਬਲੇ ਵਿਚ ਨਵਪ੍ਰੀਤ ਕੌਰ ਪਹਿਲੇ, ਇਸ਼ਮੀਤ ਕੌਰ ਦੂਜੇ ਅਤੇ ਗੁਨਵੀਰ ਕੌਰ ਤੀਜੇ ਸਥਾਨ ਤੇ ਰਹੇ| ਫੁਲਕਾਰੀ ਦੀ ਕਢਾਈ ਵਿਚ ਸੁਖਮਨਜੋਤ ਕੌਰ ਨੂੰ ਪਹਿਲਾ, ਗਗਨਪ੍ਰੀਤ ਕੌਰ ਨੂੰ ਦੂਸਰਾ ਅਤੇ ਜਸ਼ਨਪ੍ਰੀਤ ਕੌਰ ਨੂੰ ਤੀਸਰਾ ਸਥਾਨ ਹਾਸਲ ਹੋਇਆ| ਇੰਨੂ ਬਨਾਉਣ ਦੇ ਮੁਕਾਬਲੇ ਵਿਚ ਮਨਦੀਪ ਕੌਰ, ਅਮਰਵੀਰ ਸਿੰਘ ਅਤੇ ਰਵਨੀਤ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਤੇ ਰਹੇ| ਪੋਸਟਰ ਬਨਾਉਣ ਦਾ ਮੁਕਾਬਲਾ ਗੁਰਲੀਨ ਕੌਰ ਨੇ ਜਿੱਤਿਆ| ਹਿਮਾਂਸ਼ੀ ਸ਼ਰਮਾ ਦੂਜੇ ਅਤੇ ਗੁਰਪ੍ਰੀਤ ਕੌਰ ਤੀਸਰੇ ਸਥਾਨ ਤੇ ਰਹੇ| ਮੌਕੇ ਤੇ ਹੀ ਚਿੱਤਰ ਬਨਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਵਿਧੀ ਕਸ਼ਯਪ ਨੂੰ ਦੂਸਰਾ ਸੁਹਾਨੀ ਸਿੰਗਲਾ ਨੂੰ ਅਤੇ ਤੀਸਰਾ ਹਰਸ਼ਾਨ ਸਿੰਘ ਨੂੰ ਹਾਸਲ ਹੋਇਆ| ਮਹਿੰਦੀ ਦੇ ਤਿੰਨ ਮੁਕਾਬਲਿਆਂ ਵਿਚ ਅਰਸ਼ੀਨ ਕੌਰ, ਰਾਧਿਕਾ ਅਤੇ ਮੁਸਕਾਨ ਰਹੀਆਂ| ਡੂਡਲਿੰਗ ਵਿਚ ਖੁਸ਼ਨੂਰ ਸਿੰਘ ਪਹਿਲੇ, ਅੰਸ਼ੀਦਕਾ ਦੂਸਰੇ ਅਤੇ ਸਮਰਪਿਤਾ ਤੀਸਰੇ ਸਥਾਨ ਤੇ ਰਹੇ|

