
ਲੁਧਿਆਣਾ 24 ਜੂਨ (ਵਰਲਡ ਪੰਜਾਬੀ ਟਾਈਮਜ਼)
ਨੈਸ਼ਨਲ ਸਪੋਰਟਸ ਆਰਗਨਾਈਜ਼ੇਸ਼ਨ ਕੈਂਪ ਪੀ.ਏ.ਯੂ. ਵਿਖੇ ਬੀਤੇ ਦਿਨੀਂ ਸਫਲਤਾ ਨਾਲ ਨੇਪਰੇ ਚੜਿਆ| ਇਸ ਸਲਾਨਾ ਕੈਂਪ ਵਿਚ 156 ਵਿਦਿਆਰਥੀਆਂ ਨੇ 15 ਖੇਡ ਵਰਗਾਂ ਵਿਚ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ|
ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ| ਡਾ. ਗੋਸਲ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਸਮਰਪਣ ਭਾਵ ਨਾਲ ਇਸ ਕੈਂਪ ਦਾ ਹਿੱਸਾ ਬਣਨ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਖੇਤੀ ਵਿਗਿਆਨ ਤੋਂ ਇਲਾਵਾ ਖੇਡਾਂ ਅਤੇ ਸੱਭਿਆਚਾਰ ਵਰਗ ਵਿਚ ਭਰਪੂਰ ਯੋਗਦਾਨ ਪਾਇਆ ਹੈ| ਅਜੋਕੇ ਖਿਡਾਰੀਆਂ ਨੂੰ ਇਸ ਵਿਰਾਸਤ ਤੋਂ ਪ੍ਰੇਰਿਤ ਹੋ ਕੇ ਆਪਣੇ ਅੰਦਰ ਅਨੁਸਾਸ਼ਨ ਅਤੇ ਲਗਨ ਪੈਦਾ ਕਰਨ ਦੀ ਜ਼ਰੂਰਤ ਹੈ| ਵਾਈਸ ਚਾਂਸਲਰ ਨੇ ਇਹਨਾਂ ਖਿਡਾਰੀਆਂ ਨੂੰ ਭਵਿੱਖ ਵਿਚ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ|
ਸਮਾਰੋਹ ਵਿਚ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਵਾਗਤ ਦੇ ਸ਼ਬਦ ਕਹੇ| ਉਹਨਾਂ ਨੇ ਇਸ ਕੈਂਪ ਦੌਰਾਨ ਹੋਈਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ| ਕੈਂਪ ਦੌਰਾਨ ਮੁੰਡਿਆਂ ਦੇ ਵਰਗ ਵਿਚ ਮੁਹੰਮਦ ਰਿਹਾਨ ਪਹਿਲੇ, ਸਤਨਾਮ ਸਿੰਘ ਦੂਜੇ ਅਤੇ ਤਨਿਸ਼ ਜੱਗੀ ਤੀਸਰੇ ਸਥਾਨ ਤੇ ਰਹੇ| ਕੁੜੀਆਂ ਦੇ ਵਰਗ ਵਿਚ ਸਿਖਰਲਾ ਸਥਾਨ ਹਰਮਨ ਕੌਰ ਨੂੰ ਮਿਲਿਆ| ਰਮਨਪ੍ਰੀਤ ਕੌਰ ਨੂੰ ਦੂਸਰਾ ਅਤੇ ਜੈਸਿਕਾ ਚੌਧਰੀ ਨੂੰ ਤੀਸਰਾ ਸਥਾਨ ਹਾਸਲ ਹੋਇਆ|
ਸਮਾਰੋਹ ਦਾ ਸੰਚਾਲਨ ਸਰੀਰਕ ਸਿੱਖਿਆ ਦੇ ਸਹਾਇਕ ਨਿਰਦੇਸ਼ਕ ਡਾ. ਸੁਖਬੀਰ ਸਿੰਘ ਨੇ ਕੀਤਾ| ਡਾ. ਪਰਮਵੀਰ ਸਿੰਘ ਗਰੇਵਾਲ ਨੇ ਧੰਨਵਾਦ ਦੇ ਸ਼ਬਦ ਕਹੇ| ਇਸ ਮੌਕੇ ਡਾ. ਪਰਮਪਾਲ ਸਿੰਘ ਗਿੱਲ, ਸ਼੍ਰੀ ਅਜੈ ਸ਼ਰਮਾ, ਸ਼੍ਰੀ ਗੁਰਤੇਗ ਸਿੰਘ ਅਤੇ ਸ਼੍ਰੀ ਗੁਰਮੀਤ ਸਿੰਘ ਵੀ ਮੌਜੂਦ ਸਨ

