
ਲੁਧਿਆਣਾ 13 ਮਈ (ਵਰਲਡ ਪੰਜਾਬੀ ਟਾਈਮਜ਼)
ਅੱਜ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਹਾਲ ਵਿੱਚ ਪੀ.ਏ.ਯੂ. ਦੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਹੀਨਾਵਾਰ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਉਹਨਾਂ ਨਾਲ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਵੱਖ-ਵੱਖ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀ ਮੀਟਿੰਗ ਵਿਚ ਵਿਚਾਰ-ਚਰਚਾ ਲਈ ਸ਼ਾਮਿਲ ਹੋਏ| ਡਾ. ਗੋਸਲ ਨੇ ਖੋਜ ਅਤੇ ਪਸਾਰ ਮਾਹਿਰਾਂ ਨੂੰ ਅਜੋਕੇ ਯੁੱਗ ਦੀਆਂ ਖੇਤੀ ਅਤੇ ਕਿਸਾਨੀ ਲੋੜਾਂ ਅਨੁਸਾਰ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ| ਡਾ. ਗੋਸਲ ਨੇ ਕਿਹਾ ਕਿ ਅੱਜ ਦੀ ਖੇਤੀ ਨੂੰ ਕੁਦਰਤੀ ਸਰੋਤਾਂ ਦੀ ਕੀਮਤ ਤੇ ਕਰਨ ਦੀ ਥਾਂ ਸਰੋਤਾਂ ਦੀ ਸੰਭਾਲ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ| ਵਿਸ਼ੇਸ਼ ਤੌਰ ਤੇ ਨਰਮਾ ਪੱਟੀ ਵਿਚ ਨਰਮੇ ਦੀਆਂ ਵਿਕਸਿਤ ਕਿਸਮਾਂ ਨੂੰ ਉਤਸ਼ਾਹਿਤ ਕਰਨ ਅਤੇ ਝੋਨੇ ਵਾਲੇ ਖੇਤਰਾਂ ਵਿਚ ਪੀ.ਏ.ਯੂ. ਦੀਆਂ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਬਾਰੇ ਹੋਰ ਜਾਗਰੂਕਤਾ ਦਾ ਪਸਾਰ ਕਰਨਾ ਚਾਹੀਦਾ ਹੈ| ਡਾ. ਗੋਸਲ ਨੇ ਕਿਹਾ ਕਿ ਪਾਣੀ ਦੀ ਵਰਤੋਂ ਬਾਰੇ ਵਿਗਿਆਨਕ ਚੇਤਨਾ ਨੂੰ ਕਿਸਾਨਾਂ ਤੱਕ ਪਹੁੰਚਾਉਣ ਦਾ ਹੰਭਲਾ ਮਾਰਨ ਦੀ ਵੀ ਲੋੜ ਹੈ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਵਿਸ਼ੇਸ਼ ਮਹਿਮਾਨ ਵਜੋਂ ਇਸ ਮੀਟਿੰਗ ਦਾ ਹਿੱਸਾ ਬਣੇ| ਡਾ. ਢੱਟ ਨੇ ਪਸਾਰ ਮਾਹਿਰਾਂ ਨੂੰ ਇਸ ਗੱਲ ਲਈ ਸੱਦਾ ਦਿੱਤਾ ਕਿ ਉਹ ਆਉਂਦੀ ਸਾਉਣੀ ਰੁੱਤ ਵਿਚ ਝੋਨੇ ਦੀ ਬਿਜਾਈ ਲਈ ਪੀ.ਏ.ਯੂ. ਦੀਆਂ ਕਿਸਮਾਂ ਦੇ ਮਹੱਤਵ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਨ| ਉਹਨਾਂ ਕਿਹਾ ਕਿ ਮੌਜੂਦਾ ਦੌਰ ਖੇਤੀ ਵਿਭਿੰਨਤਾ ਅਤੇ ਪੋਸ਼ਣ ਨੂੰ ਉਤਪਾਦਨ ਦੇ ਬਰਾਬਰ ਅਹਿਮ ਮੰਨਣ ਦਾ ਹੈ| ਇਸਲਈ ਪੀ.ਏ.ਯੂ. ਦੀਆਂ ਖੇਤੀ ਭਿੰਨਤਾ ਸੰਬੰਧੀ ਸਿਫ਼ਾਰਸ਼ਾਂ ਹੋਰ ਵੀ ਲਾਜ਼ਮੀ ਹੋ ਜਾਂਦੀਆਂ ਹਨ| ਖੇਤੀ ਲਾਗਤਾਂ ਨੂੰ ਘੱਟ ਕਰਨ ਲਈ ਡਾ. ਢੱਟ ਨੇ ਜੀਵਾਣੂੰ ਖਾਦਾਂ ਵੱਲ ਵੀ ਧਿਆਨ ਦਿਵਾਇਆ ਅਤੇ ਇਹਨਾਂ ਦੀ ਵਰਤੋਂ ਰਾਹੀਂ ਜ਼ਮੀਨ ਦੀ ਸਿਹਤ ਸੁਧਾਰਨ ਲਈ ਹੋਰ ਹੀਲੇ ਕਰਨ ਦਾ ਸੱਦਾ ਦਿੱਤਾ|
ਸਵਾਗਤੀ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਸਹਾਇਕ ਕਿੱਤਿਆਂ ਨੂੰ ਅਪਣਾ ਕੇ ਕਿਸਾਨੀ ਪਰਿਵਾਰਾਂ ਦੀ ਨਿਰੰਤਰ ਆਮਦਨ ਵਿਚ ਵਾਧਾ ਕਰਨ ਦੀਆਂ ਸਿਫ਼ਾਰਸ਼ਾਂ ਪੀ.ਏ.ਯੂ. ਨੇ ਕੀਤੀਆਂ ਹਨ| ਆਮ ਕਿਸਾਨਾਂ ਤੱਕ ਇਹਨਾਂ ਸਿਫ਼ਾਰਸ਼ਾਂ ਨੂੰ ਪਹੁੰਚਾਉਣਾ ਬੇਹੱਦ ਲਾਜ਼ਮੀ ਹੈ| ਇਸਦੇ ਨਾਲ ਹੀ ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਦੇ ਸਿਖਲਾਈ ਪ੍ਰੋਗਰਾਮਾਂ ਨੂੰ ਪੇਂਡੂ ਔਰਤਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਤੱਕ ਜਾਣਕਾਰੀ ਸਰੂਪ ਪਹੁੰਚਾਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਖੇਤੀ ਨੂੰ ਕਾਰੋਬਾਰ ਵਿਚ ਬਦਲਣ ਦਾ ਸੁਪਨਾ ਸਿਖਲਾਈ ਅਤੇ ਖੇਤੀ ਉੱਦਮ ਦੇ ਰਸਤੇ ਚਲ ਕੇ ਪੂਰਾ ਕੀਤਾ ਜਾ ਸਕਦਾ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋਂ ਲਗਾਤਾਰ ਕਿਸਾਨੀ ਸਮਾਜ ਦੀ ਭਲਾਈ ਲਈ ਯਤਨ ਜਾਰੀ ਹਨ| ਇਸ ਦਿਸ਼ਾ ਵਿਚ ਫਲਾਂ, ਸਬਜ਼ੀਆਂ ਅਤੇ ਮੁੱਖ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ|
ਮੀਟਿੰਗ ਵਿਚ ਪਿਛਲੀ ਕਾਰਵਾਈ ਰਿਪੋਰਟ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਪੇਸ਼ ਕੀਤੀ| ਡਾ. ਸੰਧੂ ਨੇ ਇਸ ਦੌਰਾਨ ਚਲੰਤ ਖੇਤੀ ਮਸਲਿਆਂ ਦੇ ਹੱਲ ਲਈ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ| ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਹੇ|

