ਯੁਵਕ ਮੇਲੇ ਕਿਸੇ ਕੌਮ ਦੀ ਜਵਾਨੀ ਦਾ ਪ੍ਰਤੀਕ ਹੁੰਦੇ ਹਨ: ਡਾ. ਮੱਖਣ ਸਿੰਘ ਭੁੱਲਰ

ਲੁਧਿਆਣਾ 5 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਚ ਜਾਰੀ ਯੁਵਕ ਮੇਲੇ ਦੇ ਦੂਜੇ ਗੇੜ ਦੇ ਦੂਜੇ ਦਿਨ ਅੱਜ ਸਾਰਾ ਦਿਨ ਗਹਿਗੱਚ ਮੁਕਾਬਲੇ ਹੋਏ| ਲੋਕ ਨਾਚਾਂ ਅਤੇ ਨਾਟ ਵੰਨਗੀਆਂ ਨੇ ਦਰਸ਼ਕਾਂ ਨੂੰ ਅਚੰਭਿਤ ਕਰਨ ਦਾ ਕਾਰਜ ਕੀਤਾ| ਅੱਜ ਸਵੇਰੇ ਪ੍ਰਸਨੋਤਰੀ ਮੁਕਾਬਲਾ ਹੋਇਆ ਜਿਸ ਵਿਚ ਸੱਤ ਟੀਮਾਂ ਨੇ ਚਲੰਤ ਵਿਸ਼ਿਆਂ ਸੰਬੰਧੀ ਆਪਣੀ ਮੁਹਾਰਤ ਅਤੇ ਜਾਣਕਾਰੀ ਦਾ ਭਰਪੂਰ ਪ੍ਰਦਰਸ਼ਨ ਕੀਤਾ| ਇਸ ਤੋਂ ਬਾਅਦ ਸਮੂਹ ਲੋਕ ਨਾਚਾਂ ਦੇ ਮੁਕਾਬਲੇ ਅਤੇ ਬਾਅਦ ਦੁਪਹਿਰ ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀਆਂ ਦੇ ਪ੍ਰਦਰਸ਼ਨ ਸਮਾਂ ਬੰਨਣ ਵਿਚ ਸਫਲ ਰਹੇ|
ਅੱਜ ਦੇ ਯੁਵਕ ਮੇਲੇ ਦੇ ਸਮਾਗਮਾਂ ਦੇ ਮੁੱਖ ਮਹਿਮਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸਨ| ਡਾ. ਭੁੱਲਰ ਨੇ ਇਸ ਮੌਕੇ ਕਿਹਾ ਕਿ ਯੁਵਕ ਮੇਲੇ ਕਿਸੇ ਕੌਮ ਦੀ ਜਵਾਨੀ ਦਾ ਸ਼ੀਸ਼ਾ ਹੁੰਦੇ ਹਨ| ਇਹਨਾਂ ਮੇਲਿਆਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਸਮਾਜ ਦੀ ਉਸਾਰੀ ਦਾ ਸੁਪਨਾ ਸੰਜੋਅ ਕੇ ਸਾਹਮਣੇ ਲਿਆਉਂਦੇ ਹਨ| ਉਹਨਾਂ ਪੀ.ਏ.ਯੂ. ਵੱਲੋਂ ਸੱਭਿਆਚਾਰ ਦੇ ਖੇਤਰ ਵਿਚ ਪਾਏ ਯੋਗਦਾਨ ਦਾ ਹਵਾਲਾ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਦੌਰ ਵਿਚ ਅੱਜ ਦੇ ਵਿਦਿਆਰਥੀ ਵੱਡੇ ਅਦਾਕਾਰ ਬਣ ਕੇ ਸਾਹਮਣੇ ਆਉਣਗੇ|
ਇਸ ਤੋਂ ਇਲਾਵਾ ਅੱਜ ਦੇ ਸਮਾਗਮਾਂ ਵਿਚ ਪਾਮੇਟੀ ਦੇ ਨਿਰਦੇਸ਼ਕ ਡਾ. ਕੇ ਬੀ ਸਿੰਘ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਇੰਜ: ਅਮਰਜੀਤ ਸਿੰਘ ਢਿੱਲੋਂ ਅਤੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਤੋਂ ਬਿਨਾਂ ਬਹੁਤ ਸਾਰੇ ਅਧਿਆਪਕ ਅਤੇ ਵਿਦਿਆਰਥੀ ਭਰਵੀਂ ਗਿਣਤੀ ਵਿਚ ਮੌਜੂਦ ਸਨ|
ਹਾਜ਼ਰ ਪਤਵੰਤਿਆਂ ਨੇ ਬੀਤੇ ਕੱਲ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਭਲਕੇ ਇਹ ਯੁਵਕ ਮੇਲਾ ਆਪਣੇ ਸਿਖਰ ਤੇ ਪੁੱਜ ਜਾਵੇਗਾ| ਇਸ ਵਿਚ ਵਿਰਾਸਤੀ ਪ੍ਰਸ਼ਨੋਤਰੀ, ਮਮਿੱਕਰੀ, ਸਕਿੱਟ, ਲੰਮੇ ਹੇਕ ਵਾਲੇ ਗੀਤ, ਲੋਕ ਗੀਤ, ਗਿੱਧਾ ਅਤੇ ਭੰਗੜਾ ਦੇ ਮੁਕਾਬਲੇ ਹੋਣਗੇ| ਸਮਾਪਤੀ ਸ਼ੈਸਨ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਹੋਣਗੇ|
