ਲੁਧਿਆਣਾ 25 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਮੁੱਚੇ ਅਮਲੇ ਨੇ ਜੋਸ਼ ਖਰੋਸ਼ ਨਾਲ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਹਾੜਾ ਮਨਾਇਆ| ਵਿਦਿਆਰਥੀ ਭਵਨ ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿਚ ਇਸ ਮੌਕੇ ਵਿਦਿਆਰਥੀਆਂ ਦੇ ਸਿਰਜਣ ਮੁਕਾਬਲੇ ਵੀ ਕਰਵਾਏ ਗਏ| ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਡਾ. ਗੋਸਲ ਨੇ ਕਿਹਾ ਕਿ ਭਾਵੇਂ ਅੱਜ ਦਾ ਯੁੱਗ ਡਿਜ਼ੀਟਲ ਸੂਚਨਾ ਤਕਨਾਲੋਜੀ ਵਿਚ ਤਬਦੀਲ ਹੋਇਆ ਹੈ ਪਰ ਕਿਤਾਬਾਂ ਅੱਜ ਵੀ ਮਨੁੱਖ ਦੀਆਂ ਸਭ ਤੋਂ ਨੇੜੇ ਦੀਆਂ ਸਾਥੀ ਹਨ| ਡਾ. ਗੋਸਲ ਨੇ ਕਿਹਾ ਕਿ ਮਨੁੱਖ ਨੇ ਮਨੁੱਖ ਹੋਣ ਦੇ ਸਫਰ ਵਿਚ ਜਿਹੜੀਆਂ ਸਭ ਤੋਂ ਅਹਿਮ ਖੋਜਾਂ ਕੀਤੀਆਂ ਉਹਨਾਂ ਵਿਚ ਕਿਤਾਬ ਸਭ ਤੋਂ ਪ੍ਰਮੁੱਖ ਹੈ| ਡਾ. ਗੋਸਲ ਨੇ ਵਿਦਿਆਰਥੀਆਂ ਨੂੰ ਸੁਝਾਅ ਦਿੱਤੇ ਕਿ ਉਹ ਜ਼ਿੰਦਗੀ ਦੇ ਤਨਾਵਾਂ ਅਤੇ ਫਿਕਰਾਂ ਤੋਂ ਮੁਕਤੀ ਲਈ ਪੜ੍ਹਨ ਨੂੰ ਆਪਣੀ ਪੱਕੀ ਆਦਤ ਬਣਾ ਲੈਣ|
ਪੀ.ਏ.ਯੂ. ਦੇ ਸਾਬਕਾ ਪਸਾਰ ਮਾਹਿਰ ਅਤੇ ਵਧੀਕ ਨਿਰਦੇਸ਼ਕ ਸੰਚਾਰ ਡਾ. ਰਣਜੀਤ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਡਾ. ਸੰਦੀਪ ਸ਼ਰਮਾ ਇਸ ਸਮਾਰੋਹ ਵਿਚ ਮੁੱਖ ਵਕਤਿਆਂ ਵਜੋਂ ਸ਼ਾਮਿਲ ਹੋਏ| ਡਾ. ਸੰਦੀਪ ਸ਼ਰਮਾ ਨੇ ਕਿਤਾਬ ਦੀ ਕਲਪਣਾ ਤੋਂ ਲੈ ਕੇ ਲਿਖਣ ਅਤੇ ਪ੍ਰਕਾਸ਼ਨ ਤੱਕ ਦੇ ਸਮੁੱਚੇ ਪੜਾਅ ਸਾਂਝੇ ਕੀਤੇ| ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਗਾਤਾਰ ਸ਼ਖ਼ਸੀ ਵਿਕਾਸ ਲਈ ਪੜ੍ਹਦੇ ਰਹਿਣਾ ਚਾਹੀਦਾ ਹੈ| ਡਾ. ਰਣਜੀਤ ਸਿੰਘ ਨੇ ਅਧਿਐਨ ਦੇ ਮਾਮਲੇ ਵਿਚ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਤਾਬਾਂ ਪੜ੍ਹਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ| ਇਸ ਮੌਕੇ ਡਾ. ਰਣਜੀਤ ਸਿੰਘ ਵੱਲੋਂ ਲਿਖੀ ਕਿਤਾਬ ‘ਕੋਈ ਨਾਉਂ ਨਾ ਜਾਣੇ ਮੇਰਾ’ ਰਿਲੀਜ਼ ਕੀਤੀ ਗਈ|
ਸਵਾਗਤ ਦੇ ਸ਼ਬਦ ਯੂਨੀਵਰਸਿਟੀ ਦੇ ਲਾਇਬੇ੍ਰਰੀਅਨ ਡਾ. ਯੋਗਿਤਾ ਸ਼ਰਮਾ ਨੇ ਬੋਲੇ| ਡਾ. ਯੋਗਿਤਾ ਨੇ ਇਸ ਆਯੋਜਨ ਦਾ ਉਦੇਸ਼ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਬਲ ਦੇਣਾ ਅਤੇ ਬੌਧਿਕ ਸੰਪਤੀ ਉੱਪਰ ਮਾਣ ਕਰਨ ਅਤੇ ਕਾਪੀਰਾਈਟ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਕਰਨਾ ਕਿਹਾ|
ਇਸ ਮੌਕੇ ਸਲੋਗਨ ਲਿਖਣ ਦੇ ਮੁਕਾਬਲੇ ਵਿਚ ਭੂਮੀ ਵਿਗਿਆਨ ਵਿਭਾਗ ਦੀ ਮੋਲਦੀਪ ਕੌਰ, ਖੇਤੀ ਬਾਇਓਤਕਨਾਲੋਜੀ ਸਕੂਲ ਦੀ ਇਰਸ਼ੀਨ ਕੌਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਹਰਕੀਰਤ ਸਿੰਘ ਨੇ ਕ੍ਰਮਵਾਰ ਤਿੰਨ ਇਨਾਮ ਹਾਸਲ ਕੀਤੇ| ਪੁਸਤਕ ਦੇ ਸਰਵਰਕ ਡਿਜ਼ਾਇਨ ਕਰਨ ਦੇ ਮੁਕਾਬਲੇ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਸੁਨੇਹਾ ਗੁਪਤਾ ਨੂੰ ਪਹਿਲਾ, ਬੇਸਿਕ ਸਾਇੰਸਜ਼ ਕਾਲਜ ਦੀ ਅਸ਼ਿਤਾ ਨੂੰ ਦੂਜਾ ਅਤੇ ਬੇਸਿਕ ਸਾਇੰਸਜ਼ ਕਾਲਜ ਦੀ ਗੁਰਲੀਨ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ|

Leave a Reply