ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਪੀ.ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਕੋਟਕਪੂਰਾ ਵਿਖੇ ਸਕੂਲ ਹੈੱਡਮਾਸਟਰ ਸ਼੍ਰੀ ਮਨੀਸ਼ ਛਾਬੜਾ ਜੀ ਦੀ ਯੋਗ ਅਤੇ ਕੁਸ਼ਲ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ‘ਬੈਗਲੈੱਸ ਡੇਅ’ ਬੜੇ ਉਤਸ਼ਾਹ, ਚਾਅ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ।
ਇਸ ਖਾਸ ਮੌਕੇ ਵਿਦਿਆਰਥੀ ਬਿਨਾਂ ਸਕੂਲੀ ਬਸਤਿਆਂ ਤੋਂ ਸਕੂਲ ਪੁੱਜੇ ਅਤੇ ਦਿਨ ਭਰ ਚੱਲੀਆਂ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਦਿਨ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਰੰਗੋਲੀ ਮੁਕਾਬਲਾ, ਅਧਿਆਪਕਾਂ ਲਈ ਸ਼ੁੱਭਕਾਮਨਾ ਕਾਰਡ (ਗਰੀਟਿੰਗ ਕਾਰਡ) ਬਣਾਉਣਾ, ਕਲਾਸਰੂਮ ਸਜਾਵਟ ਅਤੇ ਪੋਸਟਰ ਮੇਕਿੰਗ ਮੁਕਾਬਲੇ ਮੁੱਖ ਆਕਰਸ਼ਣ ਰਹੇ। ਵਿਦਿਆਰਥੀਆਂ ਨੇ ਆਪਣੇ ਕੋਮਲ ਹੱਥਾਂ ਨਾਲ ਬਣਾਏ ਖੂਬਸੂਰਤ ਕਾਰਡਾਂ, ਆਕਰਸ਼ਕ ਰੰਗੋਲੀਆਂ ਅਤੇ ਪ੍ਰੇਰਨਾਦਾਇਕ ਸੁਵਿਚਾਰਾਂ ਨਾਲ ਸਜੀਆਂ ਜਮਾਤਾਂ ਰਾਹੀਂ ਆਪਣੇ ਅਧਿਆਪਕਾਂ ਪ੍ਰਤੀ ਦਿਲੋਂ ਸਤਿਕਾਰ, ਪ੍ਰੇਮ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ। ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਹੈੱਡਮਾਸਟਰ ਸ਼੍ਰੀ ਮਨੀਸ਼ ਛਾਬੜਾ ਜੀ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ, ਬਿਨਾਂ ਬਸਤੇ ਦੇ ਸਕੂਲ ਆਉਣ ਨਾਲ ਜਿੱਥੇ ਬੱਚਿਆਂ ਦਾ ਮਾਨਸਿਕ ਤਣਾਅ ਘਟਦਾ ਹੈ, ਉੱਥੇ ਹੀ ਉਨ੍ਹਾਂ ਅੰਦਰ ਛੁਪੀ ਰਚਨਾਤਮਕਤਾ, ਕਲਾਤਮਕ ਸੋਚ ਅਤੇ ਜੀਵਨ ਹੁਨਰ (ਲਾਈਫ ਸਕਿੱਲਜ਼) ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਬਣਾਈਆਂ ਕਲਾਕ੍ਰਿਤੀਆਂ ਦੀ ਸ਼ਲਾਘਾ ਕੀਤੀ ਅਤੇ ਸਮੂਹ ਅਧਿਆਪਕਾਂ ਨੂੰ ਵੀ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ, ਜਿਨ੍ਹਾਂ ਨੇ ਮਿਲ ਕੇ ਇਸ ਦਿਨ ਨੂੰ ਯਾਦਗਾਰੀ ਬਣਾਇਆ।

