ਸਾਉਣ ਮਹੀਨੇ ਵਿੱਚ ਸਾਂਝੀਆਂ ਥਾਵਾਂ ‘ਤੇ ਛਾਂਦਾਰ ਅਤੇ ਫਲਦਾਰ ਬੂਟੇ ਲਾਉਣ ਦੇ ਮਤੇ ਸਮੇਤ ਵਿਚਾਰੇ ਗਏ ਕਈ ਅਹਿਮ ਮੁੱਦੇ
ਬਠਿੰਡਾ 12 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਕਲੱਬ ਬਠਿੰਡਾ ਦਿਹਾਤੀ( ਰਜਿ:)ਦੀ ਮਹੀਨੇਵਾਰ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਕਲੱਬ ਦੇ ਪ੍ਰਧਾਨ ਗੁਰਜੀਤ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਮੂਹ ਅਹੁਦੇਦਾਰ ਸਾਹਿਬਾਨਾਂ ਵੱਲੋਂ ਆਪਣੇ ਆਪਣੇ ਸੁਝਾਅ ਅਤੇ ਮਸਲਿਆਂ ਬਾਰੇ ਵਿਚਾਰ ਦਿੱਤੇ। ਮੀਟਿੰਗ ਦੀ ਸ਼ੁਰੂਆਤ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਨੇ ਕੀਤੀ। ਇਸ ਮੌਕੇ ਸਭ ਤੋਂ ਪਹਿਲਾਂ ਮਤਾ ਲਿਆਂਦਾ ਗਿਆ ਕਿ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੇ ਦਫਤਰ ਖੋਲ੍ਹਣ ਦੇ ਲਈ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਕਲੱਬ ਦਾ ਵਫਦ ਮੀਟਿੰਗ ਕਰੇਗਾ। ਦੂਜੇ ਮਤੇ ਮੁਤਾਬਕ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਉਣ ਮਹੀਨੇ ਦੇ ਵਿੱਚ ਸਾਂਝੀਆਂ ਥਾਵਾਂ ਤੇ ਤ੍ਰਿਵੈਣੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਤੇ ਫ਼ਲਦਾਰ ਬੂਟੇ ਲਾਏ ਜਾਣਗੇ।ਇਸ ਮੌਕੇ ਕਲੱਬ ਪ੍ਰਧਾਨ ਗੁਰਜੀਤ ਚੌਹਾਨ ਨੇ ਕਿਹਾ ਕਿ ਲਗਾਤਾਰ ਵਿਗੜ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਜਿੰਨੇ ਜਰੂਰੀ ਰੁੱਖ ਲਾਉਣੇ ਹਨ ਉਸਤੋਂ ਵੀ ਜਿਆਦਾ ਉਨ੍ਹਾਂ ਦੀ ਸਾਂਭ ਸੰਭਾਲ ਜਰੂਰੀ ਹੈ ।ਇਸੇ ਤਹਿਤ ਹੀ ਕਲੱਬ ਵੱਲੋਂ ਉਪ੍ਰੋਕਤ ਉਪਰਾਲਾ ਕੀਤਾ ਜਾਵੇਗਾ।ਇਸ ਮੌਕੇ ਪੱਤਰਕਾਰ ਗੁਰਬਾਜ ਸਿੰਘ ਗਿੱਲ ਨੂੰ ਕਲੱਬ ਵਿੱਚ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ। ਸਮੂਹ ਅਹੁਦੇਦਾਰ ਸਾਹਿਬਾਨਾਂ ਵੱਲੋਂ ਗੁਰਬਾਜ ਸਿੰਘ ਗਿੱਲ ਨੂੰ ਜੀਓ ਆਇਆ ਨੂੰ ਆਖਿਆ ਗਿਆ।ਇਸ ਮੌਕੇ ਕਲੱਬ ਦੇ ਮੈਂਬਰ ਮੈਡਮ ਮਨਰਾਜ ਕੌਰ ਮਾਹੀ ਦੇ ਭੂਆ ਦੇ ਲੜਕੇ ਦੀ ਬੇਵਕਤੀ ਮੌਤ ਤੇ 2 ਮਿੰਟ ਦਾ ਮੌਨ ਧਾਰਿਆ ਗਿਆ ਅਤੇ ਸ਼ੋਕ ਮਤਾ ਵੀ ਲਿਆਂਦਾ ਗਿਆ। ਇਸ ਮੌਕੇ ਕਲੱਬ ਦੇ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ ਵੱਲੋਂ ਵੀ ਲਿਆਂਦੇ ਗਏ ਮਤਿਆਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਗੱਲ ਕਹੀ ਗਈ। ਇਸ ਮੌਕੇ ਕਲੱਬ ਪ੍ਰਧਾਨ ਗੁਰਜੀਤ ਚੌਹਾਨ, ਜਨਰਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਖਜਾਨਚੀ ਨਸੀਬ ਚੰਦ ਸ਼ਰਮਾ ਬਾਲਿਆਂਵਾਲੀ, ਸੀਨੀਅਰ ਪੱਤਰਕਾਰ ਸੱਤਪਾਲ ਮਾਨ, ਪੱਤਰਕਾਰ ਜਸਵੀਰ ਸਿੰਘ ਕਟਾਰ ਸਿੰਘ ਵਾਲਾ, ਪੱਤਰਕਾਰ ਸੁਖਵਿੰਦਰ ਸਿੰਘ ਸਰਾਂ, ਪੱਤਰਕਾਰ ਜਸ਼ਨਜੀਤ ਸਿੰਘ ਆਦਿ ਹਾਜ਼ਰ ਸਨ।

