ਪੰਜਾਬੀ ਗੀਤਕਾਰੀ ਦੇ ‘ਗੁਆਚੇ ਲਾਲਾਂ’ ਦੇ ਖੋਜੀ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਸਰੀ ਵਿਖੇ ਨਿੱਘਾ ਸਵਾਗਤ

ਸਰੀ, 2 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)

ਪੰਜਾਬੀ ਸੱਭਿਆਚਾਰ, ਗੀਤਕਾਰੀ ਅਤੇ ਸੰਗੀਤ ਦੇ ਅਣਛੂਹੇ ਪੰਨਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਾਲੇ ਉੱਘੇ ਖੋਜੀ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਬੀਤੇ ਦਿਨੀਂ ਸਰੀ ਸਥਿਤ ‘ਗੁਲਾਟੀ ਪਬਲਿਸ਼ਰਜ਼ ਲਿਮਟਿਡ’ ਵਿਖੇ ਪਹੁੰਚਣ ’ਤੇ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ।

ਆਪਣੇ ਸੰਬੋਧਨ ਦੌਰਾਨ ਅਸ਼ੋਕ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਪੁਸਤਕਾਂ ‘ਮਿੱਟੀ ਨੂੰ ਫਰੋਲ ਜੋਗੀਆ’ (ਚੜ੍ਹਦਾ ਪੰਜਾਬ) ਅਤੇ ‘ਲੱਭ ਜਾਣਗੇ ਲਾਲ ਗੁਆਚੇ’ (ਲਹਿੰਦਾ ਪੰਜਾਬ) ਪਿਛਲੇ 20 ਸਾਲਾਂ ਦੀ ਸਖ਼ਤ ਮਿਹਨਤ ਅਤੇ ਲੰਮੀ ਜਦੋਜਹਿਦ ਦਾ ਸਿੱਟਾ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਤਾਬਾਂ ਨਹੀਂ, ਸਗੋਂ ਪੰਜਾਬੀ ਗੀਤ-ਕਲਾ ਦੇ ਉਨ੍ਹਾਂ ਅਣਗੌਲੇ ਸਿਤਾਰਿਆਂ ਦੀ ਇਬਾਦਤ ਹੈ, ਜੋ ਪੰਜਾਬੀ ਜ਼ੁਬਾਨ ਦੀ ਝੋਲੀ ਅਮੀਰ ਕਰਕੇ ਖ਼ਾਮੋਸ਼ੀ ਨਾਲ ਜਹਾਨੋਂ ਰੁਖ਼ਸਤ ਹੋ ਗਏ। ਉਨ੍ਹਾਂ ਦੇ ਸਿਵੇ ਜਗਾਉਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸਾਂਭਣਾ ਉਹ ਆਪਣਾ ਜਨੂੰਨ ਮੰਨਦੇ ਹਨ।

ਸਮਾਗਮ ਦੌਰਾਨ ਹਾਜ਼ਰ ਵਿਦਵਾਨਾਂ ਅਤੇ ਲੇਖਕਾਂ ਨੇ ਬਾਂਸਲ ਦੇ ਕਾਰਜ ਦੀ ਮਹੱਤਤਾ ’ਤੇ ਚਰਚਾ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਗੀਤਕਾਰ ਇੰਦਾ ਰਾਇਕੋਟੀ ਨੇ ਕਿਹਾ ਕਿ ਬਾਂਸਲ ਨਹਿੰਦੇ ਪੰਜਾਬ ਦੇ ਗੁਮਨਾਮ ਗੀਤਕਾਰਾਂ ਦੇ ਯੋਗਦਾਨ ਨੂੰ ਉਜਾਗਰ ਕਰਕੇ ਗੁੰਮ ਹੋ ਰਹੇ ਇਤਿਹਾਸ ਨੂੰ ਮੁੜ ਜੀਵਤ ਕਰ ਦਿੱਤਾ ਹੈ। ਨਾਮਵਰ ਸ਼ਾਇਰ ਜਸਵਿੰਦਰ ਨੇ ‘ਮਿੱਟੀ ਨੂੰ ਫਰੋਲ ਜੋਗੀਆ’ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਵਿਚ ਚੜ੍ਹਦੇ ਪੰਜਾਬ ਦੇ ਗੀਤਕਾਰਾਂ ਦੇ ਸਫ਼ਰ ਨੂੰ ਬਹੁਤ ਸੂਝ-ਬੂਝ ਅਤੇ ਡੂੰਘੀ ਖੋਜ ਨਾਲ ਪੇਸ਼ ਕੀਤਾ ਗਿਆ ਹੈ।

ਬਹੁਪੱਖੀ ਲੇਖਕ ਜਸਵੀਰ ਭਲੂਰੀਆ ਨੇ ਅਸ਼ੋਕ ਬਾਂਸਲ ਨੂੰ “ਗੀਤਕਾਰਾਂ ਅਤੇ ਗਾਇਕਾਂ ਦੀ ਚਲਦੀ-ਫਿਰਦੀ ਲਾਇਬਰੇਰੀ” ਕਰਾਰ ਦਿੰਦਿਆਂ ਕਿਹਾ ਕਿ ਸੰਗੀਤਕ ਇਤਿਹਾਸ ਬਾਰੇ ਜਿੰਨੀ ਮੁਕੰਮਲ ਜਾਣਕਾਰੀ ਉਨ੍ਹਾਂ ਕੋਲ ਹੈ, ਉਹ ਮਿਸਾਲੀ ਹੈ। ਹਰਦਮ ਸਿੰਘ ਮਾਨ ਨੇ ਕਿਹਾ ਕਿ ਬਾਂਸਲ ਪਿਛਲੀ ਅੱਧੀ ਸਦੀ ਤੋਂ ਸੰਗੀਤਕ ਖ਼ਜ਼ਾਨੇ ਦੀ ਖੋਜ ਕਰ ਰਹੇ ਹਨ ਅਤੇ ਅੱਜ ਉਹ ਪੰਜਾਬੀ ਗੀਤ-ਸੰਗੀਤ ਦੀ ਵਿਰਾਸਤ ਦੇ ਅਸਲ ‘ਪਹਿਰੇਦਾਰ’ ਵਜੋਂ ਉੱਭਰੇ ਹਨ। ਮੀਡੀਆ ਸ਼ਖ਼ਸੀਅਤ ਨਿਰੰਜਨ ਲਹਿਲ ਨੇ ਅਸ਼ੋਕ ਬਾਂਸਲ ਦੇ ਕਾਰਜ ਦੀ ਸਿਫ਼ਤ ਕਰਦਿਆਂ ਕਿਹਾ ਕਿ ਬਾਂਸਲ ਪੁਰਾਤਨ ਗੀਤਕਾਰੀ ਦੀਆਂ ਮਨਮੋਹਕ ਧੁਨਾਂ ਰਾਹੀਂ ਪੰਜਾਬੀ ਵਿਰਾਸਤ ਦੀ ਮਹਿਕ ਨੂੰ ਚਾਰ-ਚੁਫੇਰੇ ਬਿਖੇਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਉੱਦਮ ਸਹੀ ਮਾਅਨਿਆਂ ਵਿੱਚ ‘ਰੰਗਲੇ ਪੰਜਾਬ’ ਦੇ ਸੁਪਨੇ ਨੂੰ ਹਕੀਕੀ ਰੂਪ ਦੇ ਰਿਹਾ ਹੈ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.