ਨਾਟਕਕਾਰ ਡਾ. ਕੁਲਬੀਰ ਮਲਿਕ ਨਾਲ ਰੂਬਰੂ ਸੰਵਾਦ ਅਤੇ ਨਾਟਕ ‘ਨਾਇਕ’ ਦੀ ਕੀਤੀ ਗਈ ਪ੍ਰਭਾਵਸ਼ਾਲੀ ਪੇਸ਼ਕਾਰੀ

ਕੋਟਕਪੂਰਾ, 13 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2026 ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ ਵਿਖੇ ਰੂਬਰੂ ਅਤੇ ਨਾਟਕ ਮੰਚਨ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਹੋਈ। ਇਸ ਮੌਕੇ ਪ੍ਰਸਿੱਧ ਸਾਹਿਤਕਾਰ ਅਤੇ ਸਕੂਲ ਦੇ ਪ੍ਰਿੰਸੀਪਲ ਜਗਦੇਵ ਸਿੰਘ ਬਰਾੜ ਨੇ ਸਮੂਹ ਮਹਿਮਾਨਾਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ। ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਨਾਟਕਕਾਰ ਡਾ. ਕੁਲਬੀਰ ਮਲਿਕ ਨਾਲ ਰੰਗਕਰਮੀ ਜਗਦੇਵ ਢਿੱਲੋਂ ਵੱਲੋਂ ਰੂਬਰੂ ਸੰਵਾਦ ਰਚਾਇਆ ਗਿਆ। ਇਸ ਦੌਰਾਨ ਨਾਟਕ ਦੀ ਵਿਧਾ, ਡਾ. ਮਲਿਕ ਦੇ ਜੀਵਨ ਅਤੇ ਉਨ੍ਹਾਂ ਦੀ ਰਚਨਾਤਮਕ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2026 ਦਾ ਡਾ. ਈਸ਼ਵਰ ਚੰਦਰ ਨੰਦਾ ਪੁਰਸਕਾਰ ਡਾ. ਕੁਲਬੀਰ ਮਲਿਕ ਦੀ ਨਾਟ ਪੁਸਤਕ ‘ਡਾਕ ਨਿੱਤ ਆਵੇਗੀ’ ਨੂੰ ਪ੍ਰਦਾਨ ਕੀਤਾ ਗਿਆ ਹੈ। ਸਮਾਗਮ ਦੇ ਦੂਜੇ ਸੈਸ਼ਨ ਵਿੱਚ ਨਟਰਾਜ ਰੰਗਮੰਚ ਕੋਟਕਪੂਰਾ ਦੀ ਟੀਮ ਵੱਲੋਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਦੇ ਨਾਟਕ ‘ਨਾਇਕ’ ਦਾ ਮੰਚਨ ਕੀਤਾ ਗਿਆ। ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਹਾਜ਼ਰੀਨ ਨੂੰ ਕੀਲ ਕੇ ਰੱਖ ਦਿੱਤਾ। ਇਸ ਨਾਟਕ ਦਾ ਨਿਰਦੇਸ਼ਨ ਰੰਗ ਹਰਜਿੰਦਰ ਵੱਲੋਂ ਕੀਤਾ ਗਿਆ, ਜਦਕਿ ਲਾਈਟ ਅਤੇ ਸਾਊਂਡ ਦਾ ਨਿਰਦੇਸ਼ਨ ਗਗਨਦੀਪ ਸਿੰਘ ਨੇ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਵਿੰਦਰਪਾਲ ਸਿੰਘ ਮਿੰਟੂ ਨੇ ਬਾਖ਼ੂਬੀ ਨਿਭਾਈ। ਅਖੀਰ ਵਿੱਚ ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ ਨੇ ਸਮੂਹ ਮਹਿਮਾਨਾਂ, ਕਲਾਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਹਾਣੀਕਾਰ ਗੁਰਮੀਤ ਕੜਿਆਲਵੀ, ਸ੍ਰੀਮਤੀ ਸਿਮਰਜੀਤ ਸਿੰਮੀ, ਜਗਜੀਤ ਸਿੰਘ ਚਾਹਲ, ਗੁਰਚਰਨ ਸਿੰਘ, ਬਲਤੇਜ ਸਿੰਘ ਤੇਜੀ ਜੌੜਾ, ਈਸ਼ਰ ਸਿੰਘ ਲੰਭਵਾਲੀ, ਸੁਖਚੈਨ ਸਿੰਘ ਬਿੱਟਾ, ਮਨਮਿੰਦਰ ਸਿੰਘ ਢਿੱਲੋਂ, ਸ੍ਰੀ ਮਨ ਮਾਨ, ਵਤਨਵੀਰ ਜ਼ਖਮੀ, ਲਖਵਿੰਦਰ ਸਿੰਘ ਬਰਾੜ ਅਤੇ ਪ੍ਰਗਟ ਸਿੰਘ ਪੱਖੀ ਕਲਾਂ ਸਮੇਤ ਇਲਾਕੇ ਦੇ ਉੱਘੇ ਸਾਹਿਤਕਾਰ, ਕਲਾਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਨੂੰ ਹਾਜ਼ਰੀਨ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸਮਾਗਮ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਰੰਗਮੰਚ ਦੀਆਂ ਅਮੀਰ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਾਹਿਤ ਅਤੇ ਕਲਾ ਪ੍ਰੇਮੀਆਂ ਨੂੰ ਇਕ ਸਾਂਝਾ ਮੰਚ ਪ੍ਰਦਾਨ ਕੀਤਾ।

