ਪੰਜਾਬੀ ਸੂਬੇ ਦੀ ਸਥਾਪਨਾ 1 ਨਵੰਬਰ 1966 ਨੂੰ ਹੋਈ ਸੀ ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਦਿਨ ਹੈ। ਇਸ ਦਿਨ ਭਾਸ਼ਾ ਦੇ ਆਧਾਰ ‘ਤੇ ਮੌਜੂਦਾ ਪੰਜਾਬ ਰਾਜ ਦੀ ਸਿਰਜਣਾ ਹੋਈ ਸੀ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖ ਆਗੂਆਂ ਅਤੇ ਦੇਸ਼ ਭਗਤਾਂ ਨੂੰ ਇੱਕ ਲੰਮਾ ਅਤੇ ਕੁਰਬਾਨੀਆਂ ਭਰਿਆ ਸੰਘਰਸ਼ ਕਰਨਾ ਪਿਆ ਜਿਸ ਨੂੰ ‘ਪੰਜਾਬੀ ਸੂਬਾ ਮੋਰਚਾ’ ਵਜੋਂ ਜਾਣਿਆ ਜਾਂਦਾ ਹੈ।
ਸਾਲ 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ—ਪੂਰਬੀ ਪੰਜਾਬ (ਭਾਰਤ) ਅਤੇ ਪੱਛਮੀ ਪੰਜਾਬ (ਪਾਕਿਸਤਾਨ)। ਵੰਡ ਤੋਂ ਬਾਅਦ ਭਾਰਤੀ ਪੰਜਾਬ ਵਿੱਚ ਦੋ ਮੁੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਇਕੱਠੇ ਰਹਿ ਰਹੇ ਸਨ—ਪੰਜਾਬੀ ਅਤੇ ਹਿੰਦੀ।
ਸਾਲ 1953 ਵਿੱਚ ਭਾਰਤ ਸਰਕਾਰ ਨੇ ਭਾਸ਼ਾ ਦੇ ਆਧਾਰ ‘ਤੇ ਰਾਜਾਂ ਦੇ ਪੁਨਰਗਠਨ ਲਈ ‘ਰਾਜ ਪੁਨਰਗਠਨ ਕਮਿਸ਼ਨ’ ਦਾ ਗਠਨ ਕੀਤਾ। ਇਸ ਕਮਿਸ਼ਨ ਦੇ ਤਹਿਤ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਸ਼ਾ ਦੇ ਆਧਾਰ ‘ਤੇ ਨਵੇਂ ਰਾਜ ਬਣਾਏ ਗਏ, ਪਰ ਪੰਜਾਬੀ ਭਾਸ਼ਾ ਦੇ ਆਧਾਰ ‘ਤੇ ਵੱਖਰਾ ਰਾਜ ਬਣਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ। ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਵੱਖਰਾ ਸੂਬਾ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ‘ਪੰਜਾਬੀ ਸੂਬਾ ਮੋਰਚਾ’ ਸ਼ੁਰੂ ਕੀਤਾ। ਜਾਣਕਾਰੀ ਅਨੁਸਾਰ ਇਸ ਅੰਦੋਲਨ ਦੀ ਅਗਵਾਈ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ ਅਤੇ ਹੋਰ ਪ੍ਰਮੁੱਖ ਆਗੂਆਂ ਨੇ ਕੀਤੀ। ਇਸ ਮੋਰਚੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ ਅਤੇ ਕਈਆਂ ਨੇ ਸ਼ਹਾਦਤਾਂ ਵੀ ਦਿੱਤੀਆਂ। ਸੰਤ ਫਤਹਿ ਸਿੰਘ ਨੇ ਤਾਂ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਮਰਨ ਵਰਤ ਰੱਖਣ ਅਤੇ ਆਤਮ-ਦਾਹ ਤੱਕ ਕਰਨ ਦਾ ਐਲਾਨ ਕਰ ਦਿੱਤਾ ਸੀ। ਲੋਕਾਂ ਦਾ ਇਹ ਸ਼ਾਂਤਮਈ ਪਰ ਦ੍ਰਿੜ੍ਹ ਸੰਘਰਸ਼ ਦਿਨ-ਬ-ਦਿਨ ਤੇਜ਼ ਹੁੰਦਾ ਗਿਆ, ਜਿਸ ਨੇ ਅਖੀਰ ਕੇਂਦਰ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।
ਪੰਜਾਬ ਦੀ ਵੰਡ ਅਤੇ ਨਵੇਂ ਸੂਬੇ ਦੀ ਸਿਰਜਣਾ
ਲੋਕਾਂ ਦੇ ਭਾਰੀ ਦਬਾਅ ਕਾਰਨ ਅਖੀਰ ਸਾਲ 1966 ਵਿੱਚ ਭਾਰਤ ਸਰਕਾਰ ਨੇ ‘ਪੰਜਾਬ ਪੁਨਰਗਠਨ ਐਕਟ’ ਪਾਸ ਕੀਤਾ। ਇਸ ਐਕਟ ਦੇ ਤਹਿਤ 1 ਨਵੰਬਰ 1966 ਨੂੰ ਤਤਕਾਲੀ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਪੰਜਾਬ: ਪੰਜਾਬੀ ਬੋਲਣ ਵਾਲੇ ਇਲਾਕਿਆਂ ਨੂੰ ਮਿਲਾ ਕੇ ਇੱਕ ਵੱਖਰਾ ਪੰਜਾਬੀ ਸੂਬਾ ਬਣਾਇਆ ਗਿਆ। ਹਰਿਆਣਾ: ਹਿੰਦੀ ਬੋਲਣ ਵਾਲੇ ਇਲਾਕਿਆਂ ਨੂੰ ਵੱਖ ਕਰਕੇ ਨਵਾਂ ਰਾਜ ਹਰਿਆਣਾ ਸਿਰਜਿਆ ਗਿਆ। ਹਿਮਾਚਲ ਪ੍ਰਦੇਸ਼: ਪੰਜਾਬ ਦੇ ਪਹਾੜੀ ਇਲਾਕੇ (ਜਿਵੇਂ ਕਾਂਗੜਾ, ਕੁਲੂ ਅਤੇ ਲਾਹੌਲ-ਸਪਿਤੀ) ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਕਰ ਦਿੱਤੇ ਗਏ। ਇਸ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ ਨੂੰ ਦੋਵਾਂ ਰਾਜਾਂ (ਪੰਜਾਬ ਅਤੇ ਹਰਿਆਣਾ) ਦੀ ਸਾਂਝੀ ਰਾਜਧਾਨੀ ਬਣਾ ਕੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ। ਪੰਜਾਬੀ ਸੂਬੇ ਦੀ ਸਥਾਪਨਾ ਨਾਲ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨੂੰ ਇੱਕ ਨਵੀਂ ਪਛਾਣ ਮਿਲੀ। ਪੰਜਾਬੀ ਨੂੰ ਰਾਜ ਦੀ ਸਰਕਾਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੋਇਆ।
ਹਾਲਾਂਕਿ ਇਸ ਵੰਡ ਕਾਰਨ ਪੰਜਾਬ ਨੂੰ ਕਈ ਆਰਥਿਕ ਅਤੇ ਭੂਗੋਲਿਕ ਨੁਕਸਾਨ ਵੀ ਝੱਲਣੇ ਪਏ। ਪੰਜਾਬ ਦੇ ਕਈ ਪੰਜਾਬੀ ਬੋਲਦੇ ਇਲਾਕੇ ਅਤੇ ਹੋਰ ਹੱਕ ਦੂਜੇ ਰਾਜਾਂ ਨੂੰ ਚਲੇ ਗਏ ਜਿਸ ਦਾ ਵਿਵਾਦ ਅੱਜ ਵੀ ਚੱਲ ਰਿਹਾ ਹੈ। ਚੰਡੀਗੜ੍ਹ ਦਾ ਮੁਕੰਮਲ ਹੱਕ ਨਾ ਮਿਲਣਾ ਵੀ ਪੰਜਾਬੀਆਂ ਲਈ ਇੱਕ ਚੁਣੌਤੀ ਬਣਿਆ ਹੋਇਆ ਹੈ।1 ਨਵੰਬਰ ਦਾ ਦਿਨ ਹਰ ਸਾਲ ਪੂਰੇ ਪੰਜਾਬ ਵਿੱਚ ‘ਪੰਜਾਬੀ ਸੂਬਾ ਦਿਵਸ’ ਵਜੋਂ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਸਾਡੇ ਬਜ਼ੁਰਗਾਂ ਵੱਲੋਂ ਮਾਂ-ਬੋਲੀ ਪੰਜਾਬੀ ਦੇ ਸਤਿਕਾਰ ਲਈ ਕੀਤੇ ਸੰਘਰਸ਼ ਦੀ ਯਾਦ ਦਿਵਾਉਂਦਾ ਹੈ। ਅੱਜ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨੂੰ ਸੰਭਾਲ ਕੇ ਰੱਖਾਂਗੇ ਅਤੇ ਪੰਜਾਬ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵਾਂਗੇ।
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ
9781590500