ਲੁਧਿਆਣਾ 7 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
2024 ਬੈਚ ਦੇ 10 ਆਈ ਏ ਐੱਸ ਅਧਿਕਾਰੀਆਂ ਨੇ ਅੱਜ ਪੀ.ਏ.ਯੂ. ਦੀਆਂ ਪਸਾਰ ਅਤੇ ਸੰਚਾਰ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸੰਚਾਰ ਕੇਂਦਰ ਦਾ ਦੌਰਾ ਕੀਤਾ| 10 ਅਧਿਕਾਰੀਆਂ ਵਿੱਚੋਂ 6 ਔਰਤਾਂ ਅਤੇ 4 ਮਰਦ ਅਧਿਕਾਰੀਆਂ ਨੇ ਆਪਣੀ ਸਿਖਲਾਈ ਤਹਿਤ ਪੰਜਾਬ ਦਰਸ਼ਨ ਮੁਹਿੰਮ ਦੇ ਮੱਦੇਨਜ਼ਰ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੀ ਕਿਸਾਨੀ ਵਿਚ ਪਾਏ ਜਾਣ ਵਾਲੇ ਯੋਗਦਾਨ ਨੂੰ ਨੇੜਿਓਂ ਵਾਚਿਆ| ਇਹ ਅਧਿਕਾਰੀਆਂ ਪੰਜਾਬ ਦੇ ਵਿਰਸੇ, ਸੱਭਿਆਚਾਰ, ਖੇਤੀਬਾੜੀ ਅਤੇ ਉਦਯੋਗ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਅਤੇ ਇਤਿਹਾਸ ਨੂੰ ਸਮਝਣ ਲਈ ਇਸ ਵਿਸ਼ੇਸ਼ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਹਨਾਂ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਪੀ.ਏ.ਯੂ. ਵੱਲੋਂ ਪੰਜਾਬ ਦੀ ਖੇਤੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਵਿਸਥਾਰ ਨਾਲ ਅੰਕਿਤ ਕੀਤਾ| ਡਾ. ਰਿਆੜ ਨੇ ਕਿਹਾ ਕਿ ਯੂਨੀਵਰਸਿਟੀ ਵਿਚ ਕੀਤੀਆਂ ਜਾਣ ਵਾਲੀਆਂ ਖੇਤੀ ਖੋਜਾਂ ਨੂੰ ਦੂਰ ਦੁਰਾਡੇ ਦੇ ਕਿਸਾਨਾਂ ਤੱਕ ਪਹੁੰਚਾਉਣਾ ਆਪਣੇ ਆਪ ਵਿਚ ਇਕ ਚੁਣੌਤੀ ਹੈ ਅਤੇ ਇਸ ਚੁਣੌਤੀ ਦਾ ਇਕ ਸਿਰਾ ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਗਿਆਨ ਦਾ ਪੁਲ ਸਥਾਪਿਤ ਕਰਕੇ ਖੇਤੀ ਵਿਗਿਆਨ ਦੇ ਆਦਾਨ ਪ੍ਰਦਾਨ ਨਾਲ ਜੁੜਿਆ ਹੋਇਆ ਹੈ| ਇਸਲਈ ਸੰਚਾਰ ਕੇਂਦਰ ਸੂਚਨਾ ਅਤੇ ਸੰਚਾਰ ਦੇ ਤਮਾਮ ਮਾਧਿਅਮ ਇਸਤੇਮਾਲ ਕਰਕੇ ਕਿਸਾਨਾਂ ਤੱਕ ਹਰ ਮੌਸਮ, ਫਸਲੀ ਰੁੱਤ ਅਤੇ ਕਿਸਮਾਂ ਦੇ ਨਾਲ-ਨਾਲ ਉਤਪਾਦਨ ਤਕਨੀਕਾਂ, ਮਸ਼ੀਨਰੀ ਸੰਬੰਧੀ ਨਵੀਆਂ ਖੋਜਾਂ ਅਤੇ ਅਪਾਤਕਾਲ ਵਿਚ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਤੇ ਸੁਝਾਅ ਕਿਸਾਨਾਂ ਤੱਕ ਪਹੁੰਚਾਉਣ ਦਾ ਕਾਰਜ ਕਰਦਾ ਹੈ| ਡਾ. ਰਿਆੜ ਨੇ ਇਸ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਜਦੋਂ ਦੇਸ਼ ਵਿਚ ਰੇਡੀਓ ਅਤੇ ਟੀ ਵੀ ਸੰਚਾਰ ਦੇ ਮੁੱਖ ਮਾਧਿਅਮ ਬਣੇ ਤਾਂ ਉਹਨਾਂ ਵਿਚ ਖੇਤੀ ਸੰਬੰਧੀ ਜਾਣਕਾਰੀ ਪ੍ਰੋਗਰਾਮ ਆਪਣਾ ਖਾਸ ਮਹੱਤਵ ਰੱਖਦੇ ਸਨ| ਪੀ.ਏ.ਯੂ. ਨੇ ਉਹਨਾਂ ਮਾਧਿਅਮਾਂ ਰਾਹੀਂ ਵਿਗਿਆਨਕ ਖੇਤੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਦੀ ਕੀਤੀ| ਇਸ ਤੋਂ ਇਲਾਵਾ ਅਖਬਾਰਾਂ ਅਤੇ ਰਸਾਲਿਆਂ ਦੇ ਰੂਪ ਵਿਚ ਇਹ ਜਾਣਕਾਰੀ ਸਥਾਈ ਅਤੇ ਨਿਰੰਤਰ ਰੂਪ ਵਿਚ ਕਿਸਾਨਾਂ ਤੱਕ ਪਹੁੰਚਦੀ ਰਹੀ| ਡਾ. ਰਿਆੜ ਨੇ ਦੱਸਿਆ ਕਿ ਪਿਛਲੇ 6 ਦਹਾਕਿਆਂ ਵਿਚ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੇ ਅਣਸੁਖਾਵੇਂ ਹਾਲਾਤ ਰਹੇ ਹੋਣ ਯੂਨੀਵਰਸਿਟੀ ਦੇ ਰਸਾਲੇ ਨਿਰਵਿਘਨ ਛਪ ਕੇ ਕਿਸਾਨਾਂ ਤੱਕ ਪਹੁੰਚਦੇ ਰਹੇ| ਜੇਕਰ ਅੱਜ ਕਿਸਾਨ ਖੇਤੀਬਾੜੀ ਯੂਨੀਵਰਸਿਟੀ ਦੀ ਮਜ਼ਬੂਤ ਧਿਰ ਹਨ ਤਾਂ ਇਸਦਾ ਬਣਦਾ ਸਿਹਰਾ ਸੰਚਾਰ ਕੇਂਦਰ ਵੱਲੋਂ ਅਪਣਾਏ ਜਾਣ ਵਾਲੇ ਤਰੀਕਿਆਂ ਅਤੇ ਮਾਧਿਅਮਾਂ ਨੂੰ ਜਾਂਦਾ ਹੈ| ਮੌਜੂਦਾ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਡਿਜ਼ੀਟਲ ਅਖਬਾਰ ਅਤੇ ਹਫ਼ਤਾਵਰ ਲਾਈਵ ਪ੍ਰੋਗਰਾਮਾਂ ਨੂੰ ਅਪਣਾ ਕੇ ਯੂਨੀਵਰਸਿਟੀ ਨੇ ਬਦਲਦੇ ਸਮੇਂ ਦੀ ਰਮਜ਼ ਨੂੰ ਪਛਾਣਿਆ ਹੈ| ਇਸ ਤੋਂ ਇਲਾਵਾ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਐਕਸ ਦੇ ਮਾਧਿਅਮ ਰਾਹੀਂ ਵੀ ਯੂਨੀਵਰਸਿਟੀ ਕਿਸਾਨਾਂ ਦੀ ਰਹਿਨੁਮਾਈ ਲਈ ਤਿਆਰ-ਬਰ-ਤਿਆਰ ਰਹਿੰਦੀ ਹੈ|
ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾਵਾਂ ਸ਼੍ਰੀਮਤੀ ਗੁਲਨੀਤ ਚਾਹਲ ਨੇ ਸੰਚਾਰ ਕੇਂਦਰ ਦੇ ਕਾਰਜਾਂ ਅਤੇ ਗਤੀਵਿਧੀਆਂ ਬਾਰੇ ਪੰਛੀ ਝਾਤ ਪੁਆਈ|
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਪਾਬੀ ਦੇ ਕਾਰਜਾਂ ਨੂੰ ਵੀ ਨੇੜਿਓਂ ਜਾਣਿਆ| ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਅਤੇ ਪਾਬੀ ਦੇ ਪ੍ਰਬੰਧਕ ਸ਼੍ਰੀ ਕਰਨਵੀਰ ਗਿੱਲ ਨੇ ਅਧਿਕਾਰੀਆਂ ਨੂੰ ਢੁੱਕਵੀਂ ਜਾਣਕਾਰੀ ਨਾਲ ਭਰਪੂਰ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਵਰਿੰਦਰ ਸਿੰਘ ਵੀ ਮੌਜੂਦ ਰਹੇ|

