ਸਪੀਕਰ ਕੁਲਤਾਰ ਸਿੰਘ ਸੰਧਵਾਂ ਜੇਤੂਆਂ ਨੂੰ ਸਨਮਾਨਿਤ ਕਰਨਗੇ
ਐਸ.ਡੀ.ਐਮ. ਕੋਟਕਪੂਰਾ ਦੀ ਅਗਵਾਈ ਹੇਠ ਅੰਤਿਮ ਤਿਆਰੀਆਂ ਸਬੰਧੀ ਮੀਟਿੰਗ, ਪ੍ਰਬੰਧਾਂ ਦਾ ਲਿਆ ਜਾਇਜ਼ਾ
ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦਿਵਸ ਮੌਕੇ 1 ਨਵੰਬਰ ਨੂੰ ਕੋਟਕਪੂਰਾ ਵਿਖੇ ਕਰਵਾਈ ਜਾਣ ਵਾਲੀ ਮੈਰਾਥਨ ਦੌੜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੰਤਿਮ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਐਸ.ਡੀ.ਐਮ. ਕੋਟਕਪੂਰਾ ਰਜਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੈਰਾਥਨ ਦੇ ਰੂਟ, ਸੁਰੱਖਿਆ ਪ੍ਰਬੰਧਾਂ, ਡਾਕਟਰੀ ਸਹੂਲਤਾਂ, ਪੀਣ ਵਾਲੇ ਪਾਣੀ ਅਤੇ ਭਾਗੀਦਾਰਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਜੈਤੋ ਸ੍ਰੀ ਵਿਕਰਮਜੀਤ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 1 ਨਵੰਬਰ ਨੂੰ ਸਵੇਰੇ 6 ਵਜੇ ਕੋਟਕਪੂਰਾ ਦੇ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਨੰਬਰ 1 ਤੋਂ ਮੈਰਾਥਨ ਸ਼ੁਰੂ ਹੋਵੇਗੀ। ਇਹ ਦੌੜ ਬੱਤੀਆਂ ਵਾਲਾ ਚੌਕ ਤੋਂ ਹੁੰਦੀ ਹੋਈ ਫ਼ਰੀਦਕੋਟ ਰੋਡ, ਸਿਵਲ ਹਸਪਤਾਲ ਕੋਟਕਪੂਰਾ ਅਤੇ ਫਲਾਈਓਵਰ ਤੋਂ ਲੰਘ ਕੇ ਪਿੰਡ ਸੰਧਵਾਂ ਸਥਿਤ ਸਰਕਾਰੀ ਸਕੂਲ ਤੋਂ ਯੂ-ਟਰਨ ਲੈ ਕੇ ਇਸੇ ਰੂਟ ਰਾਹੀਂ ਵਾਪਸ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਨੰਬਰ 2 ਵਿਖੇ ਸਮਾਪਤ ਹੋਵੇਗੀ। ਇਸ ਮੈਰਾਥਨ ਦੌੜ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ ਅਤੇ ਉਪਰੰਤ ਜੇਤੂਆਂ ਤੇ ਭਾਗੀਦਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੈਰਾਥਨ ਵਿੱਚ 10 ਤੋਂ 60 ਸਾਲ ਤੱਕ ਦੀ ਉਮਰ ਦੇ ਬੱਚੇ, ਨੌਜਵਾਨ ਅਤੇ ਹੋਰ ਵਿਅਕਤੀ ਇਸ ਵਿੱਚ ਭਾਗ ਲੈ ਸਕਣਗੇ। ਮੈਰਾਥਨ ਵਿੱਚ ਲੜਕਿਆਂ ਅਤੇ ਲੜਕੀਆਂ ਦੇ ਵਰਗਾਂ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਨੂੰ 31,000 ਰੁਪਏ, ਦੂਜੇ ਸਥਾਨ ’ਤੇ ਰਹਿਣ ਵਾਲੇ ਨੂੰ 21,000 ਰੁਪਏ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਨੂੰ 11,000 ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੋਟੀ ਉਮਰ ਦੇ 10 ਬੱਚਿਆਂ ਅਤੇ ਵਡੇਰੀ ਉਮਰ ਦੇ 10 ਵਿਅਕਤੀਆਂ ਨੂੰ ਮੈਡਲ ਦੇ ਕੇ ਵਿਸ਼ੇਸ਼ ਤੌਰ ’ਤੇ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅਜਿਹੇ ਉਪਰਾਲਿਆਂ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾਲ ਜੋੜਨਾ ਅਤੇ ਲੋਕਾਂ ਵਿੱਚ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਮੈਰਾਥਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਲੋਕ ਸਿਹਤਮੰਦ ਸਮਾਜ ਦੀ ਸਿਰਜਣਾ ਅਤੇ ਨਸ਼ਾ ਮੁਕਤ ਪੰਜਾਬ ਦੇ ਟੀਚੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਮੀਟਿੰਗ ਦੌਰਾਨ ਐਸ.ਡੀ.ਐਮ. ਰਜਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਮੁੱਖ ਰੱਖਦਿਆਂ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਲਈ ਕਿਹਾ ਗਿਆ, ਤਾਂ ਜੋ ਪੰਜਾਬ ਦਿਵਸ ਮੌਕੇ ਹੋਣ ਵਾਲੇ ਇਸ ਖੇਡ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪਵਨ ਕੁਮਾਰ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਏ.ਡੀ.ਓ ਗੁਰਪ੍ਰੀਤ ਸਿੰਘ, ਸਾਧੂ ਰਾਮ ਕੁਸ਼ਲਾ ਓ.ਐਸ.ਡੀ. ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

