ਖੇਤੀ ਖੋਜ ਦੇ ਨਾਲ ਸੱਭਿਆਚਾਰ ਦੀ ਸਾਂਭ-ਸੰਭਾਲ ਪੀ.ਏ.ਯੂ. ਦਾ ਖਾਸੀਅਤ: ਸ. ਖੁੱਡੀਆਂ

ਲੁਧਿਆਣਾ 20 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੀ.ਏ.ਯੂ. ਵਿਖੇ ਸਥਾਪਿਤ ਪੇਂਡੂ ਜੀਵਨ ਅਤੇ ਸੱਭਿਆਚਾਰ ਦੇ ਅਜਾਇਬ ਘਰ ਦਾ ਵਿਸ਼ੇਸ਼ ਦੌਰਾ ਕੀਤਾ| ਦੌਰੇ ਦੌਰਾਨ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਕਿਸਾਨੀ ਸੱਭਿਆਚਾਰ ਦੇ ਇਤਿਹਾਸਕ ਰਖ-ਰਖਾਵ ਲਈ ਯੂਨੀਵਰਸਿਟੀ ਵੱਲੋਂ ਸਥਾਪਿਤ ਕੀਤੇ ਇਸ ਸ਼ਾਨਦਾਰ ਸਮਾਰਕ ਦੀ ਸ਼ਲਾਘਾ ਕੀਤੀ| ਸ. ਖੁੱਡੀਆਂ ਨੇ ਕਿਹਾ ਕਿ ਪੀ.ਏ.ਯੂ. ਨੇ ਜਿੱਥੇ ਇਕ ਪਾਸੇ ਖੇਤੀ ਖੋਜ ਅਤੇ ਪਸਾਰ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ, ਖੇਤੀ ਵਿਗਿਆਨੀ ਪੈਦਾ ਕੀਤੇ ਅਤੇ ਦੇਸ਼ ਲਈ ਵਾਧੂ ਅਨਾਜ ਭਰਨ ਦਾ ਮੁੱਢ ਬੰਨਿਆ ਉੱਥੇ ਪੰਜਾਬ ਦੇ ਕਿਸਾਨੀ ਇਤਿਹਾਸ ਨੂੰ ਸੱਭਿਆਚਾਰ ਦੇ ਰੂਪ ਵਿਚ ਸੰਭਾਲਣ ਦਾ ਵੱਡਮੁੱਲਾ ਕਾਰਜ ਵੀ ਕੀਤਾ ਹੈ| ਉਹਨਾਂ ਪੁਰਾਤਨ ਪੰਜਾਬ ਦੇ ਕਿੱਤਿਆਂ, ਬਰਤਨਾਂ, ਵਸਤਰਾਂ ਅਤੇ ਖੇਤੀ ਔਜ਼ਾਰਾਂ ਨੂੰ ਗਹੁ ਨਾਲ ਵਾਚਿਆ ਅਤੇ ਇਸ ਗੱਲ ਉੱਪਰ ਖੁਸ਼ੀ ਪ੍ਰਗਟਾਈ ਕਿ ਇਸ ਇਮਾਰਤ ਵਿਚ ਪੰਜਾਬ ਦਾ ਬੀਤੀਆਂ ਕਈ ਸਦੀਆਂ ਦਾ ਇਤਿਹਾਸ ਸਮੋਇਆ ਹੋਇਆ ਹੈ| ਸ. ਖੁੱਡੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਇਸ ਥਾਂ ਲਿਆ ਕੇ ਉਹਨਾਂ ਦੇ ਅਮੀਰ ਵਿਰਸੇ ਤੋਂ ਜਾਣੂੰ ਕਰਵਾਉਣ ਦਾ ਕਾਰਜ ਕਰਨ|
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਅਜਾਇਬ ਘਰ ਦੀ ਸਥਾਪਨਾ ਦੇ ਉਦੇਸ਼ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਡਾ. ਰੰਧਾਵਾ ਦੇ ਕਾਰਜਕਾਲ ਦੌਰਾਨ ਇਸ ਅਜਾਇਬ ਘਰ ਦੀ ਨੀਂਹ ਰੱਖੀ ਗਈ ਸੀ ਪਰ ਬੀਤੇ ਛੇ ਦਹਾਕਿਆਂ ਦੌਰਾਨ ਇਸਨੂੰ ਅਜੋਕਾ ਰੂਪ ਦੇਣ ਲਈ ਨਿਰੰਤਰ ਯਤਨ ਚਲਦੇ ਰਹੇ| ਡਾ. ਗੋਸਲ ਨੇ ਕਿਹਾ ਕਿ ਓਨੀ ਦੇਰ ਤੱਕ ਸੂਝਵਾਨ ਪੀੜੀਆਂ ਦੀ ਸਿਰਜਣਾ ਨਹੀਂ ਹੋ ਸਕਦੀ ਜਦੋਂ ਤੱਕ ਭਵਿੱਖ ਦੇ ਲੋਕਾਂ ਨੂੰ ਇਤਿਹਾਸ ਬਾਰੇ ਜਾਨਣ ਦਾ ਵਸੀਲਾ ਨਾ ਬਣਾਇਆ ਜਾਵੇ| ਇਹ ਅਜਾਇਬ ਘਰ ਸਾਡੇ ਇਤਿਹਾਸ ਵੱਲ ਖੁੱਲਦੀ ਖਿੜਕੀ ਹੈ ਜਿਸ ਵਿੱਚੋਂ ਸਾਡੇ ਬਜ਼ੁਰਗਾਂ ਦੀ ਘਾਲੀ ਘਾਲਣਾ ਦੇ ਝਲਕਾਰੇ ਮਿਲਦੇ ਹਨ|
ਖੇਤੀਬਾੜੀ ਮੰਤਰੀ ਦੇ ਇਸ ਦੌਰੇ ਦੌਰਾਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਅਜਾਇਬ ਘਰ ਨੂੰ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵੱਲੋਂ ਵਿਸ਼ੇਸ਼ ਯਾਤਰੂ ਸਥਾਨ ਵਜੋਂ ਮਾਨਤਾ ਦੇਣ ਅਤੇ ਉਸ ਤੋਂ ਬਾਅਦ ਇਸਦੇ ਸੁੰਦਰੀਕਰਨ ਲਈ ਹੋਏ ਕਾਰਜਾਂ ਦਾ ਉਲੇਖ ਕੀਤਾ| ਡਾ. ਰਿਆੜ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਵਿਚ ਹੀ ਲੱਖਾਂ ਦੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਨੇ ਇਸ ਅਜਾਇਬ ਘਰ ਨੂੰ ਆਪਣੇ ਅਧਿਆਪਕਾਂ ਨਾਲ ਆ ਕੇ ਦੇਖਿਆ ਹੈ| ਉਹਨਾਂ ਨੇ ਅਜਾਇਬ ਘਰ ਵਿਚ ਸਥਾਪਿਤ ਵੱਖ-ਵੱਖ ਵਸਤੂਆਂ ਅਤੇ ਘਰੋਗੀ ਸਮਾਨ ਦੇ ਨਾਲ-ਨਾਲ ਖੇਤੀ ਦੇ ਔਜ਼ਾਰਾਂ ਬਾਰੇ ਵੀ ਜਾਣਕਾਰੀ ਦਿੱਤੀ|
ਇਸ ਮੌਕੇ ਪੀ.ਏ.ਯੂ.ਵਿਚ ਸਥਾਪਿਤ ਕਲਾਕ੍ਰਿਤਾਂ ਨਾਂ ਦੀ ਸੰਚਾਰ ਕੇਂਦਰ ਵੱਲੋਂ ਪ੍ਰਕਾਸ਼ਿਤ ਅਤੇ ਡਾ. ਜਗਵਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਰਿਆੜ ਵੱਲੋਂ ਲਿਖੀ ਕਿਤਾਬ ਦੇ ਲੋਕ ਅਰਪਣ ਦੀ ਰਸਮ ਵੀ ਮਾਣਯੋਗ ਖੇਤੀਬਾੜੀ ਮੰਤਰੀ ਅਤੇ ਵਾਈਸ ਚਾਂਸਲਰ ਨੇ ਨਿਭਾਈ| ਇਸ ਕਿਤਾਬ ਵਿਚ ਪੀ.ਏ.ਯੂ. ਦੇ ਸਮਾਰਕਾਂ ਦੇ ਨਾਲ-ਨਾਲ ਇਤਿਹਾਸ ਕਲਾਕ੍ਰਿਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ| ਸੰਪਾਦਕ ਪੰਜਾਬੀ ਡਾ. ਜਗਵਿੰਦਰ ਸਿੰਘ ਨੇ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਉੱਘੇ ਪੱਤਰਕਾਰ ਤੋਤਾ ਸਿੰਘ ਦੀਨਾ ਸਮੇਤ ਪੀ.ਏ.ਯੂ. ਦੇ ਸੰਚਾਰ ਕੇਂਦਰ ਦੇ ਮੁਲਾਜ਼ਮ ਮੌਜੂਦ ਸਨ|

