ਚੰਡੀਗੜ੍ਹ 15 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਲੰਘੇ ਦਿਨੀਂ ਵਿਸਾਖੀ ਦੇ ਪਾਵਨ ਮੌਕੇ ਤੇ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੌਫੀ ਟੇਬਲ ਕਿਤਾਬ ਨੂੰ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਲੋਕ ਅਰਪਿਤ ਕੀਤਾ| ਇਸ ਕਿਤਾਬ ਦੇ ਸੰਪਾਦਕ ਪੰਜਾਬ ਦੇ ਸੂਚਨਾ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੰਧੂ ਹਨ ਅਤੇ ਇਸ ਕਿਤਾਬ ਨੂੰ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਪੀ.ਏ.ਯੂ. ਦੀ ਤਰਫੋਂ ਪ੍ਰਕਾਸ਼ਿਤ ਕਰਵਾਇਆ ਹੈ| ਇਹ ਕੌਫੀ ਟੇਬਲ ਕਿਤਾਬ ਵਿਸਾਖੀ ਦੇ ਤਿਉਹਾਰ ਨਾਲ ਕਣਕ ਦੀ ਵਾਢੀ ਨੂੰ ਜੋੜ ਕੇ ਯੂਨੀਵਰਸਿਟੀ ਦੀਆਂ ਕਣਕ ਦੀਆਂ ਕਿਸਮਾਂ ਉੱਪਰ ਪੰਛੀ ਝਾਤ ਪਵਾਉਂਦੀ ਹੈ|
ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਇਸ ਕਿਤਾਬ ਨੂੰ ਬੜੀ ਮਾਅਨਾਖੇਜ਼ ਕਰਾਰ ਦਿੱਤਾ ਅਤੇ ਕਿਹਾ ਕਿ ਕਣਕ ਪੰਜਾਬੀਆਂ ਦਾ ਮੁੱਖ ਅਨਾਜ ਹੋਣ ਦੇ ਨਾਲ-ਨਾਲ ਦੇਸ਼ ਦੇ ਅੰਨ ਭੰਡਾਰ ਦਾ ਅਹਿਮ ਸਰੋਤ ਵੀ ਹੈ| ਕਣਕ ਦੀ ਵਾਢੀ ਨੂੰ ਜ਼ਸ਼ਨ ਵਾਂਗ ਮਨਾਉਣਾ ਪੰਜਾਬੀਆਂ ਦਾ ਅਹਿਮ ਤਿਉਹਾਰ ਰਿਹਾ ਹੈ| ਇਸ ਮੌਕੇ ਕਣਕ ਦੀਆਂ ਕਿਸਮਾਂ ਬਾਰੇ ਕਿਤਾਬ ਦੀ ਪ੍ਰਕਾਸ਼ਨਾ ਬੜਾ ਸ਼ੁਭ ਸ਼ਬਦ ਹੈ|
ਕਿਤਾਬ ਜਾਰੀ ਕਰਨ ਦੇ ਸਮਾਰੋਹ ਵੇਲੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕਰਤਾਰ ਸਿੰਘ ਸੰਧਵਾਂ ਨੇ ਇਸ ਕੌਫੀ ਟੇਬਲ ਕਿਤਾਬ ਦੀ ਪ੍ਰਕਾਸ਼ਨਾ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਸ਼੍ਰੀ ਸੰਧੂ ਨੂੰ ਵਧਾਈ ਦਿੱਤੀ| ਉਹਨਾਂ ਕਿਹਾ ਕਿ ਪੰਜਾਬ ਦੇ ਸੁਨਹਿਰੀ ਖੇਤਾਂ ਦੀ ਸ਼ਾਨਦਾਰ ਦਿੱਖ ਨੂੰ ਪੇਸ਼ ਕਰਨ ਵਾਸਤੇ ਇਹ ਕੌਫੀ ਟੇਬਲ ਕਿਤਾਬ ਵੱਡਮੁੱਲਾ ਕਾਰਜ ਕਰ ਰਹੀ ਹੈ| ਇਸਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਜਾਰੀ ਕੀਤੀਆਂ ਕਣਕ ਦੀਆਂ ਵੱਧ ਉਪਜ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਸਾਰਨ ਦਾ ਕਾਰਜ ਵੀ ਕੀਤਾ ਗਿਆ ਹੈ|
ਇਸ ਕਿਤਾਬ ਨੂੰ ਜਾਰੀ ਕਰਨ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਵੀ ਕੀਤਾ ਗਿਆ| ਪੰਜਾਬ ਭਰ ਤੋਂ ਉੱਘੀਆਂ ਸਖਸ਼ੀਅਤਾਂ ਨੇ ਇਸ ਕੌਫੀ ਟੇਬਲ ਕਿਤਾਬ ਦੇ ਜਾਰੀ ਹੋਣ ਦੇ ਸਮਾਗਮ ਵਿਚ ਵਿਸ਼ੇਸ਼ ਸ਼ਿਰਕਤ ਕੀਤੀ|
ਸਮਾਰੋਹ ਦੇ ਅੰਤ ਤੇ ਸ਼੍ਰੀ ਸੰਧੂ ਨੇ ਕਿਤਾਬ ਦੀ ਪ੍ਰਕਾਸ਼ਨਾ ਨਾਲ ਜੁੜੀਆਂ ਤਮਾਮ ਹਸਤੀਆਂ ਦਾ ਧੰਨਵਾਦ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਦੀਆਂ ਕਣਕ ਦੀਆਂ ਕਿਸਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਇਹ ਸੁਨੇਹਾ ਵਰ੍ਹਿਆਂ ਦੀ ਮਿਹਨਤ ਦਾ ਨਤੀਜਾ ਹੈ|

