ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਰਵੀਂ ਸ਼ਮੂਲੀਅਤ ਦਾ ਐਲਾਨ
ਧੂਰੀ, 8 ਮਈ (ਵਰਲਡ ਪੰਜਾਬੀ ਟਾਈਮਜ਼ )
ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਜੱਥੇਬੰਦੀ ਵੱਲੋਂ ਆਪਣੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਕਰਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ। ਇਸੇ ਕੜੀ ਤਹਿਤ ਧੂਰੀ ਵਿਖੇ ਲੱਗਣ ਵਾਲੇ ਧਰਨੇ ਦੀ ਹਮਾਇਤ ਵਿੱਚ ਅਨੇਕਾਂ ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਸ਼ਮੂਲੀਅਤ ਦਾ ਐਲਾਨ ਕਰਕੇ ਅੰਦੋਲਨ ਨੂੰ ਮਜ਼ਬੂਤ ਕੀਤਾ ਹੈ। ਧਰਨੇ ਦੀ ਹਮਾਇਤ ਕਰਦਿਆਂ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਜਰਨਲ ਸਕੱਤਰ ਡਾਕਟਰ ਅਮਰਜੀਤ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਆਜ਼ਾਦੀ ਤੋਂ ਵੀ ਪਹਿਲਾਂ ਦੇ ਸਥਾਪਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਇਹਨਾਂ ਸਕੂਲਾਂ ਨੂੰ ਲਾਵਾਰਸ ਛੱਡ ਦਿੱਤਾ ਹੈ। ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਤਨਖਾਹ ਕਮਿਸ਼ਨ ਲਾਗੂ ਹੋਣ ਮਗਰੋਂ ਮਿਲਣ ਵਾਲੀਆਂ ਸਹੂਲਤਾਂ ਦੀ ਗੱਲ ਛੱਡੋ, ਤਨਖਾਹ ਲਈ ਵੀ ਲੰਮੇ ਸਮੇਂ ਤੋਂ ਤਰਸਾਇਆ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਕਹਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਆਮ ਮੁਲਾਜ਼ਮਾਂ ਦੇ ਚੁੱਲ੍ਹੇ ਠੰਢੇ ਕਰਨ ਲਈ ਬਜਿਦ ਹੈ। ਏਡਿਡ ਕਰਮਚਾਰੀਆਂ ਨੂੰ ਸਰਕਾਰੀ ਕਰਮਚਾਰੀਆਂ ਦੇ ਬਰਾਬਰ ਸਹੂਲਤਾਂ ਦੇਣ ਦੀ ਗੱਲ ਵੋਟਾਂ ਮੌਕੇ ਮੰਨਣ ਉਪਰੰਤ ਵੀ ਬਾਅਦ ਵਿੱਚ ਘੇਸਲ ਵੱਟ ਲਈ ਹੈ। ਸਰਕਾਰੀ ਦੀ ਕਹਿਣੀ ਤੇ ਕਰਨੀ ਵਿਚਲੇ ਅੰਤਰ ਨੇ ਮੁਲਾਜ਼ਮਾਂ ਅੰਦਰ ਗੁੱਸਾ ਅਤੇ ਨਿਰਾਸ਼ਾ ਭਰ ਦਿੱਤੀ ਹੈ ਜਿਸ ਦਾ ਖ਼ਮਿਆਜ਼ਾ ਸਰਕਾਰ ਨੂੰ ਭਵਿੱਖ ਵਿੱਚ ਭੁਗਤਨਾ ਪੈ ਸਕਦਾ ਹੈ।

