*ਵਿਸਾਖੀ ਦੇ ਦਿਨ ਪਾਸ ਬਿੱਲ ਨੂੰ ਮਿਲੀ ਅੰਤਿਮ ਮੰਨਜ਼ੂਰੀ, ਇਤਿਹਾਸਕ ਕਦਮ ਕਰਾਰ*
*ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਲਾਗੂ, ਕੈਬਨਿਟ ਮੰਤਰੀ ਸੌਂਦ ਵੱਲੋਂ ਪੰਜਾਬੀਆਂ ਨੂੰ ਵਧਾਈਆਂ*
ਖੰਨਾ, ਲੁਧਿਆਣਾ, 19 ਅਪ੍ਰੈਲ: (ਵਰਲਡ ਪੰਜਾਬੀ ਟਾਈਮਜ਼)
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬੱਧ ਹੈ।
ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਾਸੀਆਂ ਅਤੇ ਦੁਨੀਆ ਭਰ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ ਦਿੰਦਿਆਂ ਦੱਸਿਆ 13 ਅਪ੍ਰੈਲ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ “ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026” ਨੂੰ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਇੱਕ ਇਤਿਹਾਸਕ ਕਦਮ ਹੈ।
ਉਨ੍ਹਾਂ ਦੱਸਿਆ ਕਿ ਇਹ ਬਿੱਲ ਗੁਰਬਾਣੀ ਦੀ ਬੇਅਦਬੀ ਰੋਕਣ ਅਤੇ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ।
ਮੰਤਰੀ ਸੌਂਦ ਨੇ ਦੱਸਿਆ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਸੀ। ਇਸ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਜੋ ਬੇਅਦਬੀਆਂ ਦੇ ਵਿਰੁੱਧ “ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026” ਪੇਸ਼ ਕੀਤਾ ਸੀ। ਅੱਜ ਤੋਂ ਤਿੰਨ ਦਿਨ ਪਹਿਲਾਂ ਇਹ ਬਿੱਲ ਰਾਜਪਾਲ ਪੰਜਾਬ ਦੇ ਕੋਲ ਪੰਜਾਬ ਸਰਕਾਰ ਦੁਆਰਾ ਭੇਜ ਦਿੱਤਾ ਗਿਆ ਸੀ। ਅੱਜ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੇ “ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ 2026” ‘ਤੇ ਆਪਣੇ ਹਸਤਾਖਰ ਕਰਕੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਲਈ ਮੈਂ ਰਾਜਪਾਲ ਪੰਜਾਬ ਦਾ ਵੀ ਧੰਨਵਾਦ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਲਿਆ ਗਿਆ ਇਹ ਫੈਸਲਾ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹਨਾਂ ਦੇ ਵਿੱਚ ਸਾਰੇ ਪੰਜਾਬੀਆਂ ਦੀ ਬਹੁਤ ਆਸਥਾ ਹੈ। ਪੰਜਾਬ ਵਿੱਚ ਚਾਹੇ ਕੋਈ ਸਿੱਖ ਹੋਵੇ, ਚਾਹੇ ਸਾਡਾ ਕੋਈ ਹਿੰਦੂ ਵੀਰ ਹੋਵੇ, ਚਾਹੇ ਕੋਈ ਮੁਸਲਮਾਨ ਵੀਰ ਹੋਵੇ, ਇਸਾਈ ਵੀਰ ਹੋਵੇ ਅਤੇ ਚਾਹੇ ਕੋਈ ਵੀ ਹੋਵੇ ਜਿਹੜਾ ਪੰਜਾਬੀ ਮੂਲ ਰੂਪ ਵਿੱਚ ਪੰਜਾਬੀ ਹੈ ਉਨ੍ਹਾਂ ਸਾਰਿਆਂ ਦੀ ਆਸਥਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹਨ ਅਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਉਪਦੇਸ਼ ਦਿੰਦੇ ਹਨ। ਸੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਿਨ੍ਹਾਂ ਦੀ ਸੱਚੀ ਆਸਥਾ ਹੈ ਅੱਜ ਉਹਨਾਂ ਨੂੰ ਇਸ ਗੱਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਕਿ ਜਿਹੜਾ ਇਹ ਕਾਨੂੰਨ ਪਾਸ ਹੋ ਚੁੱਕਾ ਹੈ। ਹੁਣ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਹਿੰਮਤ ਨਹੀਂ ਕਰੇਗਾ ਅਤੇ ਜਾਣੇ ਅਣਜਾਣੇ ਦੇ ਵਿੱਚ ਜੇਕਰ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਸ ਕਾਨੂੰਨ ਤਹਿਤ ਇਨੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਤੱਕ ਯਾਦ ਰੱਖਣਗੀਆਂ ਅਤੇ ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਕੰਮ ਕਰਨ ਬਾਰੇ ਸੋਚਣਗੇ ਵੀ ਨਹੀਂ। ਸੋ ਮੈਂ ਜਿੱਥੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ ਉੱਥੇ ਮੈਂ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਹਾਂ ਅਤੇ ਉਨ੍ਹਾਂ ਦੀ ਸ਼ਲਾਘਾ ਵੀ ਕਰਦਾ ਕਿ ਤੁਸੀਂ ਬਹੁਤ ਵੱਡਾ ਕਾਰਜ ਕੀਤਾ ਹੈ। ਜਿਹੜਾ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਆਪ ਤਰੁੱਠ ਕੇ ਤੁਹਾਡੇ ਤੋਂ ਸੇਵਾ ਲਈ ਹੈ ਅਤੇ ਇਹ ਬਹੁਤ ਵੱਡੀ ਗੱਲ ਹੈ ਇਹ ਸੇਵਾ ਤੁਹਾਡੇ ਹਿੱਸੇ ਆਈ ਹੈ।
ਸੌਂਦ ਨੇ ਕਿਹਾ ਕਿ ਅਸੀਂ ਵੀ ਤੁਹਾਡੀ ਵਜ਼ਾਰਤ ਦਾ ਹਿੱਸਾ ਹੋਣ ਦੇ ਨਾਤੇ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਾਂ। ਇਸ ਦੇ ਨਾਲ-ਨਾਲ ਮੈਂ ਇੱਕ ਗੱਲ ਜਰੂਰ ਕਹਾਂਗਾ ਕਿ ਜਿਹੜੇ ਅੱਜ ਤੱਕ ਆਪਣੇ ਆਪ ਨੂੰ ਪੰਥਕ ਸਰਕਾਰਾਂ ਕਹਾਂਉਂਦੇ ਰਹੇ ਅਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਥ ਦੇ ਨਾਂ ‘ਤੇ ਵੋਟਾਂ ਲਈਆ, ਉਹ 13 ਅਪ੍ਰੈਲ ਵਿਸਾਖੀ ਵਾਲੇ ਦਿਨ, ਜਿਸ ਦਿਨ ਇਹ ਬਿੱਲ ਲਿਆਂਦਾ ਗਿਆ ਉਸ ਦਿਨ ਇਹ ਲੋਕ ਵਿਧਾਨ ਸਭਾ ਵਿੱਚ ਨਹੀਂ ਪਹੁੰਚੇ। ਸੋ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਲੋਕਾਂ ਦਾ ਸੱਚ ਸਾਰੀਆਂ ਦੁਨੀਆਂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ ਹੈ।

