ਫਰੀਦਕੋਟ, 7 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਨਰਸਿੰਗ ਐਸੋਸੀਏਸ਼ਨ (ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ) ਵੱਲੋਂ ਅੱਜ ਪੰਜਾਬ ਦੀਆਂ ਸਮੁੱਚੀਆਂ ਨਰਸਾਂ ਲਈ 4600 ਗ੍ਰੇਡ ਪੇਅ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਇੱਕ ਵਿਸ਼ਾਲ ਅਤੇ ਸ਼ਾਂਤਮਈ ਪ੍ਰਦਰਸ਼ਨ ਰੈਲੀ ਕੱਢੀ ਗਈ। ਇਹ ਰੈਲੀ ਨਾ ਸਿਰਫ਼ ਗ੍ਰੇਡ ਪੇਅ ਦੀ ਮੰਗ ਲਈ ਸੀ, ਸਗੋਂ ਜੀ.ਐਮ.ਸੀ. ਅੰਮ੍ਰਿਤਸਰ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਅਤੇ ਏਮਜ਼ (ਏਮਜ਼) ਮੋਹਾਲੀ ਵਿਖੇ ਪਿਛਲੇ 10 ਦਿਨਾਂ ਤੋਂ ਹੜਤਾਲ ’ਤੇ ਬੈਠੇ ਸਾਥੀ ਨਰਸਾਂ ਨਾਲ ਇੱਕਜੁੱਟਤਾ ਪ੍ਰਗਟਾਉਣ ਲਈ ਵੀ ਆਯੋਜਿਤ ਕੀਤੀ ਗਈ ਸੀ। ਇਹ ਰੋਸ ਮਾਰਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਮੁੱਖ ਗੇਟ ਤੋਂ ਸ਼ੁਰੂ ਹੋਇਆ, ਜਿਸ ਵਿੱਚ ਨਰਸਿੰਗ ਸਟਾਫ ਅਤੇ ਯੂਨੀਅਨ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰਦਰਸ਼ਨ ਦੀ ਅਗਵਾਈ ਪ੍ਰਧਾਨ ਜਸਵੰਤ ਕੌਰ, ਸੀਨੀਅਰ ਵਾਈਸ ਪ੍ਰਧਾਨ ਵੀਰਪਾਲ ਕੌਰ, ਵਾਈਸ ਪ੍ਰਧਾਨ ਰਾਜਵੀਰ ਕੌਰ ਅਤੇ ਜਨਰਲ ਸਕੱਤਰ ਸਟੀਫਨ ਮਸੀਹ ਵੱਲੋਂ ਕੀਤੀ ਗਈ। ਰੈਲੀ ਦੌਰਾਨ ਯੂਨੀਅਨ ਦੇ ਸੀਨੀਅਰ ਮੈਂਬਰਾਂ ਜਿਨ੍ਹਾਂ ਵਿੱਚ ਸੰਜੀਵ ਕੁਮਾਰ, ਤੀਰਥ, ਬਬਨਦੀਪ ਸਿੰਘ ਅਤੇ ਅਰਵਿੰਦ ਸ਼ਾਮਲ ਸਨ, ਨੇ ਵੀ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ। ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਨਰਸਿੰਗ ਭਾਈਚਾਰਾ ਆਪਣੇ ਹੱਕਾਂ ਲਈ ਪੂਰੀ ਤਰ੍ਹਾਂ ਇਕੱਠਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰਤ 4600 ਗ੍ਰੇਡ ਪੇਅ ਦੀ ਮੰਗ ਨੂੰ ਪ੍ਰਵਾਨ ਕਰੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਕੋਈ ਸਕਾਰਾਤਮਕ ਹੁੰਗਾਰਾ ਨਾ ਮਿਲਿਆ, ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਤਿੱਖੇ ਪ੍ਰਦਰਸ਼ਨ ਉਲੀਕੇ ਜਾਣਗੇ।

