ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ-ਨਾਲ ਉਨ੍ਹਾਂ ਦੇ ਹੱਲ ਲਈ ਵੀ ਹੋਵੇਗੀ ਲਗਾਤਾਰ ਪੈਰਵੀ : ਅਰਸ਼ ਸੱਚਰ
ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਅਰਸ਼ ਸੱਚਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਵਪਾਰ ਵਿੰਗ ਦੀਆਂ ਟੀਮਾਂ ਵੱਖ-ਵੱਖ ਬਾਜ਼ਾਰਾਂ ਵਿੱਚ ਪਹੁੰਚ ਕੇ ਦੁਕਾਨਦਾਰਾਂ ਨਾਲ ਸਿੱਧਾ ਰਾਬਤਾ ਕਰ ਰਹੀਆਂ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਅ ਇਕੱਠੇ ਕਰ ਰਹੀਆਂ ਹਨ। ਅਰਸ਼ ਸੱਚਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮੇਨ ਬਾਜ਼ਾਰ, ਠੰਡੀ ਸੜਕ, ਡੋਗਰ ਬਸਤੀ, ਸਰਕੂਲਰ ਰੋਡ, ਪੁਰਾਣੀ ਦਾਣਾ ਮੰਡੀ, ਪੁਰਾਣੀ ਜੇਲ੍ਹ ਰੋਡ, ਸਰਾਫ਼ਾਂ ਬਾਜ਼ਾਰ, ਜਤਿੰਦਰ ਚੌਂਕ, ਲਾਈਨ ਬਾਜ਼ਾਰ, ਨਹਿਰੂ ਸ਼ਾਪਿੰਗ ਸੈਂਟਰ, ਗਿਆਨੀ ਜ਼ੈਲ ਸਿੰਘ ਮਾਰਕੀਟ, ਕੇ-2 ਮਾਰਕੀਟ, ਭਗਤ ਸਿੰਘ ਪਾਰਕ ਮਾਰਕੀਟ, ਕਾਲਟੈਕਸ ਪੰਪ ਮਾਰਕੀਟ, ਬਲਬੀਰ ਬਸਤੀ ਮਾਰਕੀਟ ਅਤੇ ਬਾਜ਼ੀਗਰ ਬਸਤੀ ਮਾਰਕੀਟ ਸਮੇਤ ਸ਼ਹਿਰ ਦੇ ਪ੍ਰਮੁੱਖ ਵਪਾਰਕ ਖੇਤਰਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਬਿਜਲੀ, ਸੀਵਰੇਜ, ਸਫ਼ਾਈ, ਸੜਕਾਂ, ਸਟਰੀਟ ਲਾਈਟਾਂ, ਪਾਰਕਿੰਗ, ਸੁਰੱਖਿਆ ਅਤੇ ਵਪਾਰ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਦਿੱਤੇ ਜਾਣ ਵਾਲੇ ਸੁਝਾਵਾਂ ਅਤੇ ਸ਼ਿਕਾਇਤਾਂ ਨੂੰ ਇਕੱਠਾ ਕਰਕੇ ਸਬੰਧਤ ਸਰਕਾਰੀ ਵਿਭਾਗਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਨ੍ਹਾਂ ਦੇ ਸਮੇਂ ਸਿਰ ਹੱਲ ਲਈ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਅਤੇ ਪੈਰਵੀ ਕੀਤੀ ਜਾਵੇਗੀ। ਅਰਸ਼ ਸੱਚਰ ਨੇ ਕਿਹਾ, “ਵਪਾਰੀ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਸਾਡਾ ਮਕਸਦ ਸਿਰਫ਼ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨਾ ਨਹੀਂ, ਸਗੋਂ ਉਨ੍ਹਾਂ ਦੇ ਹੱਲ ਲਈ ਠੋਸ ਯਤਨ ਕਰਨਾ ਹੈ। ਹਰ ਛੋਟੇ-ਵੱਡੇ ਦੁਕਾਨਦਾਰ ਦੀ ਆਵਾਜ਼ ਨੂੰ ਬਣਦਾ ਮਹੱਤਵ ਦਿੱਤਾ ਜਾਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਵਾਈ ਹੇਠ ਪੰਜਾਬ ਸਰਕਾਰ ਵਪਾਰ ਅਤੇ ਉਦਯੋਗ ਲਈ ਸੁਖਾਵਾਂ ਮਾਹੌਲ ਸਿਰਜਣ ਵੱਲ ਕੰਮ ਕਰ ਰਹੀ ਹੈ। ਇਸੇ ਦਿਸ਼ਾ ਵਿੱਚ ਵਪਾਰ ਵਿੰਗ ਵੱਲੋਂ ਜ਼ਮੀਨੀ ਪੱਧਰ ‘ਤੇ ਵਪਾਰੀਆਂ ਨਾਲ ਸੰਪਰਕ ਮਜ਼ਬੂਤ ਕਰਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਬੰਧਤ ਵਿਭਾਗਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਅਰਸ਼ ਸੱਚਰ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਸ਼ਹਿਰ ਦੇ ਬਾਜ਼ਾਰਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਪਿੰਡਾਂ ਅਤੇ ਵਾਰਡਾਂ ਦੇ ਦੁਕਾਨਦਾਰਾਂ ਤੱਕ ਵੀ ਪਹੁੰਚ ਕੀਤੀ ਜਾਵੇਗੀ।

