ਅਸੀਂ ਜੱਦ ਪਠਾਨਕੋਟ ਕੇ .ਐਫ਼ .ਸੀ .ਮਿਡਲ ਸਕੂਲ ਮਾਡਲ ਟਾਊਨ ਪੜ੍ਹਦੇ ਹੁੰਦੇ ਸੀ ਤੇ ਸਾਡਾ ਇੱਕ ਮੈਥ ਟੀਚਰ ਹੁੰਦਾ ਸੀ ,ਧਵਨ ਮਾਸਟਰ ਨਾਮ ਸੀ ਉਸਦਾ । ਉਸਨੇ ਹਰ ਕੁੜੀ ਨੂੰ ਕਹਿਣਾ ਕਿ ਚੁੰਨੀ ਲੈ ਕੇ ਆਇਆ ਕਰੇ ਸਕੂਲ । ਇੱਥੇ ਹੀ ਬੱਸ ਨਹੀਂ ਅਗਰ ਕਲਾਸ ਵਿੱਚ ਪੜ੍ਹਾਉਂਦੇ ਹੋਏ ਦੇਖਣਾ ਕਿ ਕਿਸੇ ਕੁੜੀ ਦਾ ਸਿਰ ਨੰਗਾ ਹੈ ਤਾਂ ਉਸਨੇ ਬੋਰਡ ਤੇ ਸਵਾਲ ਸਮਝਾਉਂਦੇ ਹੋਏ ਦੁਰੋਂ ਹੀ ਵਗਾਹ ਕੇ ਚਾਕ ਉਸ ਨੰਗੇ ਸਿਰ ਵਾਲੀ ਕੁੜੀ ਦੇ ਸਿਰ ਵਿੱਚ ਮਾਰਨੀ ਤੇ ਕਹਿਣਾ ਮੁੰਨੀ ਚੁੰਨੀ ।ਉਸ ਕੁੜੀ ਨੇ ਝੱਟਪੱਟ ਆਪਣੇ ਸਿਰ ਤੇ ਚੁੰਨੀ ਲੈ ਲੈਣੀ । ਸਾਡੀ ਇਹ ਆਦਤ ਬਹੁਤ ਜ਼ਿਆਦਾ ਪੱਕ ਗਈ ।
ਮਿਡਲ ਸਕੂਲ ਪਾਸ ਕਰਕੇ ਅਸੀਂ ( ਮੈਂ ਤੇ ਮੇਰੀ ਵੱਡੀ ਭੈਣ ਸਤਿੰਦਰ ਕੌਰ ਵਾਲੀਆ ) ਨੇ ਸ਼ਹਿਰ ਆਰੀਆ ਸਕੂਲ ਐਡਮੀਸ਼ਨ ਲੈ ਲਈ , ਪਰ ਸਾਡੀ ਚੁੰਨੀ ਲੈ ਕੇ ਸਿਰ ਢੱਕਣ ਦੀ ਆਦਤ ਬਹੁਤ ਜ਼ਿਆਦਾ ਪੱਕ ਗਈ ਸੀ । ਕਲਾਸ ਵਿੱਚ ਬੈਠੇ ਹੋਏ ਉੱਥੋਂ ਦੀਆਂ ਕਲਾਸ ਦੀਆਂ ਕੁੜੀਆਂ ਨੇ ਕਹਿਣਾ ਕਿ ਤੁਸੀਂ ਗੁਰਦੁਆਰਾ ਸਾਹਿਬ ਆਏ ਹੋਏ ਹੋ ਜੋ ਸਿਰ ਢੱਕ ਕੇ ਬੈਠੀਆਂ ਰਹਿੰਦੀਆਂ ਹੋ , ਹਰ ਵੇਲੇ ਤੁਹਾਡਾ ਸਿਰ ਚੁੰਨੀ ਨਾਲ ਢੱਕਿਆ ਹੋਇਆ ਰਹਿੰਦਾ ਹੈ ।
ਸ਼ਹਿਰ ਮੋਚੀ ਬਜ਼ਾਰ ਵਿੱਚ ਲੜਕਿਆਂ ਦਾ ਗੋਰਮਿੰਟ ਹਾਈ ਸਕੂਲ ਸੀ ਤੇ ਕੁਝ ਸਮੇਂ ਬਾਦ ਉਸੇ ਸਕੂਲ ਵਿੱਚ ਦੁਪਿਹਰ ਦੀ ਸ਼ਿਫ਼ਟ ਕੁੜੀਆਂ ਦੀ ਕਰ ਦਿੱਤੀ ਗਈ ਤੇ ਅਸੀਂ ਸੱਭ ਲੜਕੀਆਂ ਨੇ ਆਰੀਆ ਸਕੂਲ ਛੱਡ ਦਿੱਤਾ ਤੇ ਗੋਰਮਿੰਟ ਸਕੂਲ ਵਿੱਚ ਦਾਖਿਲਾ ਲੈ ਲਿਆ। ਇਹ 1968 ਦੀ ਗੱਲ ਹੈ । ਸਾਡੇ ਸਿਰ ਤੇ ਚੁੰਨੀ ਲੈ ਕੇ ਸਿਰ ਢੱਕਣ ਦੀ ਆਦਤ ਉਸੇ ਤਰਾਂ ਕਾਇਮ ਰਹੀ ।
ਇਕ ਦਿਨ ਹੋਇਆ ਇਹ ਕਿ ਅਸੀਂ ਦੁਪਿਹਰ ਦੀ ਸ਼ਿਫ਼ਟ ਪੜ੍ਹਣ ਲਈ ਸਾਈਕਲ ਤੇ ਸਕੂਲ ਜਾ ਰਹੀਆਂ ਸੀ , ਮਾਡਲ ਟਾਊਨ ਤੋਂ ਸ਼ਹਿਰ ਸਾਈਕਲ ਉਪਰ ਹੀ ਅਸੀਂ ਦੋਵੇਂ ਭੈਣਾਂ ਜਾਂਦੀਆਂ ਹੁੰਦੀਆਂ ਸੀ । ਮੈਂ ਸਾਈਕਲ ਦੇ ਪਿੱਛੇ ਬੈਠੀ ਸੀ ਤੇ ਮੇਰੀ ਵੱਡੀ ਭੈਣ ਸਾਈਕਲ ਚਲਾ ਰਹੀ ਸੀ ।ਮੇਰਾ ਸਿਰ ਚੁੰਨੀ ਨਾਲ ਢਕਿਆ ਹੋਇਆ ਸੀ ਪਤਾ ਹੀ ਨਾ ਲੱਗਾ ਕਿ ਕੱਦ ਮੇਰੀ ਚੁੰਨੀ ਸਾਈਕਲ ਦੇ ਪਹੀਏ ਵਿੱਚ ਜਾ ਫਸੀ । ਜੱਦ ਮੇਰਾ ਗਲਾ ਘੁੱਟਣ ਲੱਗਾ ਤਾਂ ਪਤਾ ਲੱਗਾ ਕਿ ਚੁੰਨੀ ਮੇਰੀ ਤੇ ਪਿਛਲੇ ਟਾਇਰ ਵਿੱਚ ਲਪੇਟੀ ਗਈ ਹੈ । ਰੱਬ ਦਾ ਸ਼ੁਕਰ ਹੈ ਕਿ ਸਾਡੇ ਪਿੱਛੇ ਕੋਈ ਗੱਡੇ ਵਾਲਾ ਆ ਰਿਹਾ ਸੀ ਤੇ ਮੇਰੀ ਚੁੰਨੀ ਟਾਈਰ ਵਿੱਚ ਫਸੀ ਦੇਖ ਅਵਾਜ਼ਾਂ ਮਾਰੀ ਜਾਣ , ਉੱਧਰੋਂ ਸਾਈਕਲ ਚੱਲਣਾ ਵੀ ਬੰਦ ਹੋ ਗਿਆ ਸੀ ਤੇ ਗੱਡੇ ਵਾਲੇ ਵੀ ਇਹ ਦੇਖ ਪਹੁੰਚ ਗਏ ਸਨ ਤੇ ਇਸ ਤਰਾਂ ਇੱਕ ਭਿਆਨਕ ਹਾਦਸਾ ਹੁੰਦਾ ਬੱਚ ਗਿਆ । ਅਸੀਂ ਬਹੁਤ ਘਬਰਾ ਵੀ ਗਈਆਂ ਸੀ , ਗੱਡੇ ਵਾਲੇ ਭਾਈਆਂ ਨੇ ਮੇਰੀ ਲੀਰਾਂ ਲੀਰਾਂ ਹੋਈ ਚੁੰਨੀ ਨੂੰ ਟਾਈਰ ਵਿੱਚੋਂ ਬਾਹਰ ਕੱਢਿਆ ਤੇ ਫਿਰ ਅਸੀਂ ਦੋਵੇਂ ਭੈਣਾਂ ਜਿਵੇਂ ਕਿਵੇਂ ਸਕੂਲ ਪਹੁੰਚੀਆਂ । ਸਕੂਲ ਗਏ ਤੇ ਟੀਚਰ ਨੇ ਦਫ਼ਤਰ ਦੇ ਬਾਹਰ ਖੜੇ ਕਰਕੇ ਸਜ਼ਾ ਦਿੱਤੀ ਤੇ ਸ਼ਾਇਦ ਇਕ ਦੋ ਚਪੇੜਾਂ ਵੀ ਮਾਰੀਆਂ। ਬਾਦ ਵਿਚ ਉਸਨੇ ਲੇਟ ਆਉਣ ਦਾ ਕਾਰਣ ਪੁੱਛਿਆ ਜੱਦ ਅਸੀਂ ਕਾਰਣ ਦੱਸਿਆ ਤੇ ਸ਼ਰਮਿੰਦਾ ਵੀ ਹੋਈ ਤੇ ਸਾਡੇ ਤੋਂ ਉਸਨੇ ਮੁਆਫ਼ੀ ਵੀ ਮੰਗੀ । ਜੱਦ ਕਲਾਸ ਵਿਚ ਗਏ ਤੇ ਉਸਨੂੰ ਜੱਦ ਮੈਂ ਆਪਣੀ ਚੁੰਨੀ ਦਿਖਾਈ ਤੇ ਹੋਰ ਸ਼ਰਮਿੰਦਾ ਹੋਈ ਜੱਦ ਉਸਨੇ ਮੇਰੀ ਚੁੰਨੀ ਲੀਰਾਂ ਲੀਰਾਂ ਹੋਈ ਦੇਖੀ ਕਹਿੰਦੀ ਤੂੰ ਮੇਰੀ ਚੁੰਨੀ ਲੈ ਲੈ। ਘਬਰਾਹਟ ਦੇ ਮਾਰੇ ਮੇਰਾ ਰੋਣਾ ਫਿਰ ਬੰਦ ਹੋਣ ਵਿੱਚ ਨਾ ਆਏ ।
ਘਰ ਆਈ ਤੇ ਸਾਈਕਲ ਵਿੱਚ ਫਿਰ ਚੁੰਨੀ ਆਉਣ ਦੇ ਡਰ ਤੋਂ ਮੈਂ ਇੱਕ ਚੁੰਨੀ ਦੇ ਦੋ ਹਿੱਸੇ ਕਰ ਲਏ , ਛੋਟੀ ਕਰ ਲਈ ਕਿ ਹੁਣ ਸਾਈਕਲ ਵਿੱਚ ਨਹੀਂ ਫਸੇਗੀ । ਇਕ ਦਿਨ ਛੋਟੀ ਹੋਣ ਕਰਕੇ ਚੁੰਨੀ ਕਿਤੇ ਰਸਤੇ ਵਿੱਚ ਹੀ ਗਿਰ ਗਈ । ਫਿਰ ਤੌਬਾ ਕੀਤੀ ਕਿ ਹੁਣ ਚੁੰਨੀ ਨਾਲ ਛੇੜ -ਛਾੜ ਨਹੀਂ ਕਰਨੀ ਕਦੀ ।
ਇਸ ਤਰਾਂ ਜ਼ਿੰਦਗੀ ਵਿਚ ਕਦੀ ਕਦਾਈਂ ਗਾਹੇ ਬਗਾਹੇ ਕੁਝ ਹਾਦਸੇ ਹੋ ਹੀ ਜਾਂਦੇ ਹਨ ।
ਚੁੰਨੀ ਤੇ ਕੁੜੀਆਂ ਤੇ ਔਰਤਾਂ ਦੇ ਸਿਰ ਦੀ ਸ਼ਾਨ , ਮਾਣ ਹੈ , ਗਹਿਣਾ ਹੈ।
( ਰਮਿੰਦਰ ਰੰਮੀ )

