ਸਵੇਰ ਸਾਰ ਬੂਟਾ ਸਿੰਘ ਚੌਹਾਨ ਦਾ ਬਰਨਾਲਿਓਂ ਫੋਨ ਆਇਆ ਹੈ। ਅਕਸਰ ਗੱਲ ਹੁੰਦੀ ਹੈ। ਪਰ ਅੱਜ ਉਸ ਦਾ ਸੁਨੇਹਾ ਵੱਖਰਾ ਤੇ ਅਸਲੋਂ ਸੱਜਰਾ ਸੀ।
ਕਹਿਣ ਲੱਗਾ, ਪੰਜਾਬੀ ਲੇਖਕ ਸੁੰਗੜ ਰਿਹਾ ਹੈ। ਇਸ ਦਾ ਪਣ੍ਹਾ ਦਿਨੇ ਦਿਨ ਘੱਟ ਰਿਹਾ ਹੈ। ਮੈਂ ਸੂਰਜ ਤਾਂ ਨਹੀਂ, ਪਰ ਚਿਰਾਗ ਬਣ ਕੇ ਤਾਂ ਬਲ਼ ਸਕਦਾ ਹਾਂ। ਪੂਰਾ ਪੰਜਾਬ ਨਾ ਸਹੀ, ਆਪਣੇ ਚੌਗਿਰਦੇ ਵਿੱਚ ਤਾਂ ਰੌਸ਼ਨੀ ਪਸਾਰ ਸਕਦਾਂ।
ਮੈਂ ਹੁਣ ਉਨ੍ਹਾਂ ਬੰਦਿਆਂ, ਸੰਸਥਾਵਾਂ, ਅਦਾਰਿਆਂ ਤੇ ਡੇਰਿਆਂ ਨਾਲ ਸੰਪਰਕ ਕਰ ਰਿਹਾਂ ਜਿੱਥੇ ਕਦੇ ਸ਼ਬਦ ਸ਼ਕਤੀਆਂ ਸਰਦਾਰੀ ਸੀ। ਉਦਾਸੀ ਤੇ ਨਿਰਮਲੇ ਸੰਤਾਂ ਦੇ ਡੇਰੇ ਕਦੇ ਸੰਥਿਆ ਕਰਵਾਉਂਦੇ ਸਨ। ਗਿਆਨ ਤੇ ਧਿਆਨ ਸ਼ਕਤੀ ਦਾ ਵਿਕਾਸ ਕਰਦੇ ਸਨ। ਹੁਣ ਡੇਰਿਆਂ ਦੇ ਰੌਲ਼ਿਆਂ ਦੀਆਂ ਜਾਇਦਾਦਾਂ ਸੰਭਾਲਣ ਲਈ ਬਹੁਤੇ ਡੇਰੇਦਾਰ ਕਚਹਿਰੀਆਂ ਵਿੱਚ ਮਿਲਦੇ ਨੇ।
ਬੂਟਾ ਸਿੰਘ ਚੌਹਾਨ ਸਭ ਨੂੰ ਪ੍ਰੇਰਦਾ ਹੈ ਕਿ ਸੋਕਾਂ ਨੂੰ ਮਾਇਆ ਤਿਆਗਣ ਦਾ ਸੁਨੇਹਾ ਦੇਣ ਵਾਲਿਉ! ਮਿੱਟੀ ਦੇ ਮਾਧੋ ਨਾ ਬਣੇ। ਇਸ ਦੀ ਥਾਂ ਉਹ ਕਾਰਜ ਕਰੋ ਜੋ ਤੁਹਾਡੇ ਪੁਰਖੇ ਕਰਦੇ ਸਨ।
ਗਿਆਨ ਮਾਰਗ ਦੇ ਪਾਂਧੀ ਬਣੋ।
ਸਾਡੀ ਤਾਂ ਧਰਮਸਾਲ ਚਹੁੰ ਪਾਵਿਆਂ ਵਾਲੀ ਹੈ। ਪਾਠਸ਼ਾਲਾ, ਚਕਿਤਸਾਲ ਤੇ ਪੁਸਤਕਸਾਲ ਨਾਲ ਮਿਲ ਕੇ ਹੀ ਧਰਮ ਬਚਦਾ ਹੈ। ਲ਼ੋਹ ਲੰਗਰ ਤਪਦੇ ਰਹਿਣ ਤਨ ਲਈ ਪਰ ਸ਼ਬਦ ਲੰਗਰ ਵੀ ਮਨ ਦੀ ਤ੍ਰਿਪਤੀ ਲਈ ਜ਼ਰੂਰੀ ਹੈ।
ਬੂਟਾ ਸਿੰਘ ਪੰਜ ਕੁ ਸਾਲ ਪਹਿਲਾਂ ਬਹੁਤ ਬੀਮਾਰ ਹੋ ਗਿਆ ਸੀ। ਡੇਢ ਮਹੀਨਾ ਸੰਪੂਰਨ ਬੇਹੋਸ਼ ਰਿਹਾ। ਮੈਡੀਕਲ ਵਿਗਿਆਨ ਨੇ ਕ੍ਰਿਸ਼ਮਾ ਕੀਤਾ, ਚਾਕਲੀ ਕੀਤਾ ਮੁੜ ਧਰਤੀ ਵਿੱਚ ਗੱਡਿਆ। ਮੌਲਿਆ ਉਹੀ ਬੂਟਾ। ਚੇਤਨਾ ਪਰਤੀ, ਤੁਰਨ ਤੋਂ ਆਤੁਰ ਸੀ, ਮਨ ਉੱਡ ਜੂੰ ਉੱਡ ਜੂੰ ਕਰਦਾ, ਤਨ ਸਾਥ ਨਾ ਦੇਂਦਾ। ਫਿਰ ਪਰਿਵਾਰ ਦੀ ਸੇਵਾ ਤੇ ਉਸ ਦੇ ਸਿਰੜ ਨੇ ਉਸ ਨੂੰ ਕਾਗਜ਼ਾਂ ਤੇ ਭਜਾਇਆ, ਉਹ ਹਫਿਆ ਨਹੀਂ, ਲਗਾਤਾਰ ਦੌੜਦਾ ਹੈ। ਕੁਝ ਗ਼ਜ਼ਲਾਂ,ਨਾਵਲ , ਕਹਾਣੀਆਂ, ਯਾਦਾਂ ਤੇ ਅਨੁਵਾਦ ਕਰ ਕਰ ਸਾਨੂੰ ਲਗਾਤਾਰ ਦੇ ਰਿਹੈ।
ਬੂਟਾ ਸਿੰਘ ਚੌਹਾਨ ਨੂੰ ਪਰਸੋਂ ਚੌਥ ਮੈਂ ਸੁਖਬੀਰ ਸਿੰਘ ਸੰਧੂ ਦੀ ਗ਼ਜ਼ਲ ਪੁਸਤਕ “ਪਾਇਲ” ਦੀ ਪੀ ਡੀ ਐੱਫ ਪੜ੍ਹਨ ਲਈ ਭੇਜੀ ਤਾਂ ਉਸ ਅੱਜ ਮੈਨੂੰ ਇਸ ਕਿਤਾਬ ਲਈ ਸ਼ਬਦਾਂ ਦਾ ਸ਼ਗਨ ਭੇਜਿਆ। ਉਸ ਲਿਖਿਆ ਕਿ
ਸੁਖਬੀਰ ਸਿੰਘ ਸੰਧੂ ਨੇ ਜਿਸ ਸਮੇਂ ਗ਼ਜ਼ਲਾਂ ਲਿਖੀਆਂ ਉਸ ਸਮੇਂ ਗ਼ਜ਼ਲ ਏਨੀ ਪਰਪੱਕ ਨਹੀਂ ਸੀ ਪਰ ਉਨ੍ਹਾਂ ਦੀ ਗ਼ਜ਼ਲ ਮੁਢਲੇ ਦੌਰ ਵਿਚ ਹੀ ਪ੍ਰਪੱਕ ਹੋ ਗਈ ਸੀ। ਇਸਦਾ ਕਾਰਨ ਉਨ੍ਹਾਂ ਨੂੰ ਬਹਿਰ ਵਜ਼ਨ ਦਾ ਗਿਆਨ ਸੀ।
ਉਨ੍ਹਾਂ ਦੀ ਗ਼ਜ਼ਲ ਲਿਖਣ ਵਿਚ ਏਨੀ ਮੁਹਾਰਤ ਹਾਸਿਲ ਹੋ ਗਈ ਸੀ ਕਿ ਉਹ ਬਹਿਰ ‘ਤੇ ਕਾਬਜ਼ ਹੋ ਕੇ ਲਿਖਦੇ ਸੀ। ਉਨ੍ਹਾਂ ਨੇ ਕਿਸੇ ਸੰਗੀਤਕਾਰ ਵਾਂਗ ਰਾਗ ਕਮਾਉਣ ਵਾਂਗ ਬਹਿਰਾਂ ਕਮਾ ਲਈਆਂ ਸੀ। ਬਹਿਰ ‘ਤੇ ਸ਼ਿਅਰ ਦੀ ਭਾਵਨਾ ਭਾਰੂ ਹੁੰਦੀ ਸੀ ਨਾ ਕਿ ਬਹਿਰ ਦੀ ਬਣਤਰ। ਚੰਗੀ ਤੇ ਚਿਰਜੀਵੀ ਗ਼ਜ਼ਲ ਦੀ ਇਹੋ ਵਿਸ਼ੇਸ਼ਤਾ ਹੁੰਦੀ ਹੈ।
ਉਨ੍ਹਾਂ ਨੇ ਆਪਣੀ ਪੁਸਤਕ ਵਿਚ ਭਾਵੇਂ ਬਹੁਤੀਆਂ ਬਹਿਰਾਂ ਦੀ ਵਰਤੋਂ ਨਹੀਂ ਕੀਤੀ ਪਰ ਜਿੰਨੀਆਂ ਬਹਿਰਾਂ ਵਿਚ ਲਿਖਿਆ ਹੈ, ਬਾ ਕਮਾਲ ਲਿਖਿਆ ਹੈ।
ਉਨ੍ਹਾਂ ਦੀ ਇੱਕੋ ਇਕ ਪੁਸਤਕ ‘ਪਾਇਲ’ ਉਪਲਬਧ ਹੈ, ਜੋ ਉਨ੍ਹਾਂ ਨੂੰ ਪ੍ਰਪੱਕ ਤੇ ਪ੍ਰਵੀਨ ਗ਼ਜ਼ਲਕਾਰ ਦੇ ਤੌਰ ‘ਤੇ ਸਥਾਪਿਤ ਕਰਦੀ ਹੈ। ਉਨ੍ਹਾਂ ਦੀ ਸ਼ਾਇਰੀ ਵਿਚ ਡਾ ਜਗਤਾਰ, ਰਣਧੀਰ ਸਿੰਘ ਚੰਦ ਤੇ ਅਜਾਇਬ ਚਿਤਰਕਾਰ ਵਰਗੀ ਪ੍ਰਪੱਕਤਾ ਹੈ। ਪਰ ਸੰਧੂ ਦੀਆਂ ਗ਼ਜ਼ਲਾਂ ਉਨ੍ਹਾਂ ਦੇ ਸਮਾਂ ਕਾਲ ਤੋਂ ਪਹਿਲਾਂ ਦੀਆਂ ਸਿਰਜੀਆਂ ਲਗਦੀਆਂ ਹਨ। ਇਹ ਸੱਚ ਸਾਨੂੰ ਉਨ੍ਹਾਂ ਦੀ ਗ਼ਜ਼ਲ ਸਿਰਜਣਾ ਦਾ ਸਿੱਕਾ ਮੰਨਣ ਲਈ ਮਜ਼ਬੂਰ
ਕਰਦਾ ਹੈ।
ਸੰਧੂ ਦੀ ਗ਼ਜ਼ਲ ਦੀ ਵਿਸ਼ੇਸ਼ਤਾ ਇਸ ਪੱਖ ਵਿਚ ਵੀ ਹੈ ਕਿ ਉਨ੍ਹਾਂ ਦੀ ਹਰ ਸਤਰ ਵਿੱਚੋਂ ਸੰਗੀਤ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਹ ਸੰਗੀਤਕ ਪੱਖ ਸ਼ਾਇਰ ਦੀ ਗ਼ਜ਼ਲ ਵਿਚ ਤਦੇ ਆਉਂਦਾ ਹੈ, ਜੇਕਰ ਸ਼ਾਇਰ ਖ਼ੁਦ ਸੰਗੀਤਕ ਪੱਖ ਤੋਂ ਜਾਣੂ ਹੋਵੇ। ਗਾਉਣ ਦੀ ਮੁਹਾਰਤ ਰੱਖਦਾ ਹੋਵੇ। ਸੌਖੇ ਸ਼ਬਦਾਂ ਵਿਚ ਕਹੀਏ ਤਾਂ ਸ਼ਾਇਰ ਦੀ ਗ਼ਜ਼ਲ ਵਿਚ ਉਨ੍ਹਾਂ ਕੁ ਸੰਗੀਤ ਹੁੰਦਾ ਹੈ , ਜਿਨ੍ਹਾਂ ਕੁ ਸ਼ਾਇਰ ਵਿਚ ਹੁੰਦਾ ਹੈ।
ਜੇਕਰ ਉਨ੍ਹਾਂ ਦੀ ਗ਼ਜ਼ਲ ਵਿਚ ਔਖੇ ਤੇ ਭਾਰੇ ਸ਼ਬਦ ਨਹੀਂ ਆਏ, ਇਸਦਾ ਕਾਰਨ ਉਨ੍ਹਾਂ ਦੀ ਗ਼ਜ਼ਲ ਦੀ ਗੀਤ ਆਤਮਿਕਤਾ ਹੈ। ਜੇ ਉਨ੍ਹਾਂ ਨੂੰ ਨੁਸਰਤ ਅਲੀ ਖ਼ਾਨ ਜਾਂ ਹੋਰਾਂ ਪ੍ਰਸਿੱਧ ਗਾਇਕਾਂ ਨੇ ਗਾਇਆ ਹੈ ਤਾਂ ਇਸਦਾ ਸਿਹਰਾ ਵੀ ਉਨ੍ਹਾਂ ਦੀ ਗ਼ਜ਼ਲ ਵਿਚਲੀ ਸੰਗੀਤਕ ਪ੍ਰਬਲਤਾ ਸਿਰ ਬੱਝਦਾ ਹੈ।
ਉਨ੍ਹਾਂ ਦੀ ਗ਼ਜ਼ਲਾਂ ਦੀ ਪੁਸਤਕ ‘ਪਾਇਲ’ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੀ ਗ਼ਜ਼ਲਕਾਰੀ ਵਿਚ ਆਪਣਾ ਸਿੱਕਾ ਮੰਨਵਾਉਣ ਦੀ ਸਮਰੱਥਾ ਹੈ।
ਸੁਖਬੀਰ ਸੰਧੂ ਨੂੰ ਜਿਉਣ ਲਈ ਲੰਮਾ ਜੀਵਨ ਨਹੀਂ ਮਿਲਿਆ। ਜੇ ਕੁਝ ਦਹਾਕੇ ਜਿਉਣ ਦਾ ਹੋਰ ਸਮਾਂ ਮਿਲਦਾ। ਨਿਸ਼ਚੇ ਹੀ ਧਰਤੀ ‘ਤੇ ਹੋਰ ਗੂੜ੍ਹੀਆਂ ਪੈੜਾਂ ਕਰਦਾ।
ਸੰਧੂ ਦੀ ਗ਼ਜ਼ਲਕਾਰੀ ਇਕਹਿਰੀ ਨਹੀਂ, ਸੰਘਣਾਪਣ ਥਾਂ ਥਾਂ ਮੂੰਹ ਵਿਚ ਉਂਗਲਾਂ ਪਵਾਉਂਦਾ ਹੈ। ਵਿਸ਼ਿਆਂ ਦੀ ਬਹੁਲਤਾ ਭਾਵੇਂ ਬਹੁਤੀ ਨਹੀਂ, ਪਰ ਏਨੀ ਵਿਰਲੀ ਵੀ ਨਹੀਂ। ਅਜਿਹੀ ਸ਼ਾਇਰੀ ਅੱਗੇ ਮੈਂ ਸਿਰ ਹੀ ਝੁਕਾ ਸਕਦਾ ਹਾਂ।
ਮੇਰਾ ਇਹ ਵਿਸ਼ਵਾਸ ਹੈ ਕਿ ਭਵਿੱਖ ਵਿਚ ਹੋਰ ਗਾਇਕ ਵੀ ਊਸਦੇ ਕਲਾਮ ਨੂੰ ਸੁਰਬੱਧ ਕਰਨਗੇ ਅਤੇ ਗ਼ਜ਼ਲ ਗਾਇਕੀ ਦੇ ਪਿੜ ਨੂੰ ਹੋਰ ਮੋਕਲਾ ਕਰਨਗੇ।
ਅੰਤ ਵਿਚ ਮੈਂ ਵੱਡੇ ਵੀਰ ਗੁਰਭਜਨ ਗਿੱਲ ਦਾ ਤਹਿਦਿਲੋਂ ਧੰਨਵਾਦੀ ਹਾਂ , ਜਿਨ੍ਹਾਂ ਨੇ ਉਨ੍ਹਾਂ ਦੀ ਪੁਸਤਕ ਦੇ ਦੂਜੇ ਐਡੀਸ਼ਨ ਦਾ ਖਰੜਾ ਭੇਜ ਕੇ ਇਕ ਅਣਗੌਲ਼ੇ ਸ਼ਾਇਰ ਦੀ ਸ਼ਾਇਰੀ ਨਾਲ਼ ਸਾਂਝ ਪਾਉਣ ਦਾ ਮੌਕਾ ਮੁਹੱਈਆ ਕਰਵਾਇਆ।
-ਬੂਟਾ ਸਿੰਘ ਚੌਹਾਨ
ਗੁਰਭਜਨ ਗਿੱਲ

