ਐਡਮਿੰਟਨ (ਕਨੇਡਾ) 7 ਨਵੰਬਰ (ਬਲਵਿੰਦਰ ਬਾਲਮ ਗੁਰਦਾਸਪੁਰ/ਵਰਲਡ ਪੰਜਾਬੀ ਟਾਈਮਜ਼)
ਬਲਵਿੰਦਰ ਸਿੰਘ ਬਾਠ ਜੋ ਪਿਛਲੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਹਨਾਂ ਦੀ ਆਤਮਕ ਸ਼ਾਂਤੀ ਲਈ ਗੁਰਦੁਆਰਾ ਦੂਖ ਨਿਵਾਰਨ ਸਾਹਿਬ 6611 ਐਡਮਿੰਟਨ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ, ਗੁਰਬਾਣੀ ਕੀਰਤਨ ਉਪਰੰਤ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਸਾਕ ਸਬੰਧੀ ਰਿਸ਼ਤੇਦਾਰਾਂ ਭੈਣ ਭਰਾਵਾਂ ਤੇ ਹੋਰ ਮੋਹ ਰੱਖਣ ਵਾਲੇ ਯਾਰ ਦੋਸਤ ਮਿੱਤਰਾ ਨੂੰ ਵੀ ਬਲਵਿੰਦਰ ਸਿੰਘ ਬਾਠ ਦੇ ਹੱਸਦੇ ਵਸਦੇ ਘਰ ਵਿੱਚੋਂ ਦੂਰ ਉਡਾਰੀ ਮਾਰ ਜਾਣ ਤੇ ਦੁੱਖਾਂ ਦੇ ਪਹਾੜ ਡਿੱਗਣ ਬਰਾਬਰ ਦੁੱਖ ਹੈ। ਇਸ ਦਿਨ ਬਲਵਿੰਦਰ ਸਿੰਘ ਬਾਠ ਜੀ ਦਾ ਜਨਮ ਦਿਨ ਵੀ ਸੀ। ਸੋ ਇਸ ਮੌਕੇ ਤੇ ਕੇਕ ਕੱਟ ਕੇ ਉਹਨਾਂ ਨੂੰ ਯਾਦ ਕਰਦੇ ਹੋਏ ਸੱਚੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਖਾਸ ਕਰਕੇ ਉਹਨਾਂ ਦੇ ਪੋਤੇ ਪੋਤੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਪੋਤੇ ਪੋਤੀਆਂ ਲਈ ਦਾਦਾ ਇਕ ਖਿਡਾਉਣਾ ਹੁੰਦਾ ਹੈ ਤੇ ਸਭ ਤੇ ਸੱਚੇ ਮਿੱਤਰ ਤੇ ਇੱਕ ਰੱਬ ਵਰਗੇ ਪਿਆਰ ਦਾ ਵਜੂਦ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਉਹਨਾਂ ਦੀ ਜੀਵਨ ਸ਼ੈਲੀ ਉੱਪਰ ਵਿਚਾਰ ਰੱਖਦੇ ਹੋਏ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਜਿਹਨਾਂ ਵੱਖ-ਵੱਖ ਬੁਲਾਰਿਆਂ ਨੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਸਾਹਿਤਕਾਰ ਸੁਰਜੀਤ ਕੌਰ, ਬਲਵਿੰਦਰ ਸਿੰਘ ਬਾਠ ਦਾ ਪਿਆਰਾ ਪੋਤਾ ਗੁਰਮਨ ਸਿੰਘ ਬਾਠ ,ਪੋਤੀ ਜਸਕਿਰਨ ਕੌਰ ਅਤੇ ਹੋਰ ਸੱਜਣਾਂ ਨੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

