ਬਰੈਂਪਟਨ, 22 ਜੂਨ (ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਹੇਠ ਪ੍ਰੋ . ਕੁਲਜੀਤ ਕੌਰ ਵੱਲੋ, “ਸਿਰਜਣਾ ਦੇ ਆਰ ਪਾਰ” ਪ੍ਰੋਗਰਾਮ ਤਹਿਤ ਡਾ. ਸਰਬਜੀਤ ਕੌਰ ਸੋਹਲ ਜੀ ਦਾ ਰੂਬਰੂ 21 ਜੂਨ ਦਿਨ ਐਤਵਾਰ ਨੂੰ ਕੀਤਾ ਗਿਆ । ਅੱਜ ਦਾ ਪ੍ਰੋਗਰਾਮ ਪ੍ਰੋ ਕੁਲਜੀਤ ਜੀ ਵੱਲੋ ਕੀਤਾ 54ਵਾ ਰੂਬਰੂ ਸੀ।ਰਿੰਟੂ ਭਾਟੀਆ ਜੀ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੀਆ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ਡਾ.ਤੇ ਉਹਨਾਂ ਦੀ ਇੱਕ ਰਚਨਾ ਨੂੰ ਵੀ ਪੇਸ਼ ਕੀਤਾ । ਸੁਰਜੀਤ ਜੀ ਨੇ ਡਾ. ਸੋਹਲ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਦੇ ਸਾਹਿਤਕ ਜਗਤ ਬਾਰੇ ਗੱਲ ਕਰਦਿਆਂ ਕਿਹਾ ਅੱਜ ਦਾ ਰਬਰੂ ਉਹਨਾਂ ਦਾ ਸੁਭਾਗ ਹੈ ਤੇ ਪ੍ਰੋ ਕੁਲਜੀਤ ਦੇ ਇਸ ਯਤਨ ਦੀ ਸ਼ਲਾਘਾ ਕੀਤੀ । ਸਤਬੀਰ ਸਿੰਘ ਜੀ ਨੇ ਡਾ. ਸੋਹਲ ਨੂੰ ਅਤੇ ਸਾਰਿਆਂ ਨੂੰ ਜੀ ਆਇਆਂ ਕਿਹਾ । ਰਮਿੰਦਰ ਵਾਲੀਆ ਜੀ ਨੇ ਡਾ . ਸੋਹਲ ਨਾਲ ਆਪਣੀਆ ਅਪਣੱਤ ਭਰੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਿਹਾ ਨੂੰ ਕਿ ਡਾ . ਸੋਹਲ ਮੈਡਮ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਬੈਕ ਬੋਨ ਤੇ ਚੇਅਰਪਰਸਨ ਵੀ ਹਨ । ਡਾ. ਸਰਬਜੀਤ ਸੋਹਲ ਬਾਰੇ ਆਪਣੀ ਨਜ਼ਮ ,” ਮੇਰੀ ਰਾਹ ਦਸੇਰਾ” ਪੇਸ਼ ਕਰਦਿਆ ਉਹਨਾਂ ਦੀ ਪ੍ਰੇਰਨਾ ਮਈ ਸ਼ਖ਼ਸੀਅਤ ਨੂੰ ਪੇਸ਼ ਕੀਤਾ। ਪ੍ਰੋ.ਕੁਲਜੀਤ ਜੀ ਨੇ ਡਾ.ਸੋਹਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ , ਉਹ ਹੱਕ ਸੱਚ , ਸਾਦਗੀ ਤੇ ਰੀਝ ਨਾਲ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿੰਦੀ ਸ਼ਖ਼ਸੀਅਤ ਹਨ। ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਕਰੋਨਾ ਕਾਲ ਦੌਰਾਨ ਰਚਾਏ ਸੰਵਾਦ ਦੀ ਚਰਚਾ ਕੀਤੀ ਤੇ ਸਿੱਖਿਅਕ ਖੇਤਰ ਦਾ ਚਾਨਣ ਮੁਨਾਰਾ ਹਨ। । ਆਪਣੇ ਮਾਪਿਆਂ ਬਾਰੇ ਦੱਸਦਿਆਂ ਡਾ. ਸੋਹਲ ਨੇ ਕਿਹਾ ਕਿ ਉਹਨਾਂ ਦੀ ਪਰਵਰਿਸ਼ ਵਿੱਚ ਮਾਪਿਆਂ ਦਾ ਯੋਗਦਾਨ ਦੱਸਿਆ ਤੇ ਕਿਹਾ ਉਹ ਘਰ ਦੀ ਪਲੇਠੀ ਧੀ , ਦੋਹਤੀ ਹਨ। ਸਿੱਖਿਆ ਵਿੱਚ ਪੀ . ਐਚ ਡੀ ਤੇ ਪੱਤਰਕਾਰੀ ਦੀ ਡਿਗਰੀ ਪ੍ਰਾਪਤੀ ਕੀਤੀ । ਮਾਪਿਆਂ ਨੇ ਕੋਈ ਬੰਦਿਸ਼ ਨਹੀਂ ਲਾਈ ਤੇ ਉਹਨਾਂ ਨੇ ਮਾਂ ਬਾਪ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ॥ ਅੱਜ ਉਹ ਮਾਨਸਾ ਵਿਖੇ ਆਪਣੀਆ ਸਿੱਖਿਆ ਸੰਸਥਾਵਾਂ ਵਿੱਚ ਕੁਦਰਤ ਨਾਲ ਜੁੜੇ ਹੋਏ ਹਨ। ਉਹਨਾਂ ਦੇ ਪਤੀ ਪੁਲਿਸ ਵਿੱਚ ਉੱਚ ਅਹੁਦੇ ਤੇ ਬਿਰਾਜਮਾਨ ਰਹੇ ਹਨ ।ਜ਼ਿੰਦਗੀ ਦਾ ਹੁਸੀਨ ਸਾਥ ਮਾਣਦੇ ਹੋਏ ਉਹਨਾਂ ਦੀ ਹਰ ਪ੍ਰਾਪਤੀ ਪਿੱਛੇ ਉਹਨਾਂ ਦੇ ਪਰਿਵਾਰ ਦਾ ਹੱਥ ਹੈ॥
ਉਹਨਾਂ ਆਪਣੀ ਪਹਿਲੀ ਕਵਿਤਾ ਦਾ ਜ਼ਿਕਰ ਕੀਤਾ ਤੇ ਕਿਹਾ ਉਹਨਾਂ ਦੀ ਲਿਖਤ ਵਿੱਚ ਕਿਤੇ ਵੀ ਬਣਾਵਟ ਨਹੀ । ਉਹਨਾਂ ਦਾ ਪੀ ਐਚ ਡੀ ਦਾ ਖੋਜ ਕਾਰਜ ਡਾ. ਹਰਭਜਨ ਸਿੰਘ ਜੀ ਬਾਰੇ ਹੈ। ਉਹਨਾਂ ਕਵਿਤਾ, ਕਹਾਣੀ, ਆਲੋਚਨਾ ਤੇ ਪੱਤਰਕਾਰੀ ਦੇ ਖੇਤਰ ਵਿੱਚ ਬਹੁਤ ਬਹੁਮੁੱਲੀ ਸਾਹਿਤ ਸਿਰਜਣਾ ਕੀਤੀ ਹੈ ਜੋ ਕਿ ਵੱਖ ਵੱਖ ਯੂਨੀਵਰਸਿਟੀਆਂ ਦੇ ਸਿਲੇਬਸ ਵਿੱਚ ਸ਼ਾਮਿਲ ਹਨ।
ਬਲੀਡਿੰਗ ਵੋਮੈਨ ਬਾਰੇ ਉਹਨਾਂ ਨੇ ਔਰਤ ਦੇ ਸੱਚ ਤੇ ਹੋਣੀ ਬਾਰੇ ਕਿਹਾ ਹਰ ਔਰਤ ਔਰਤ ਹੋਣ ਦੀ ਹੋਣੀ ਭੁਗਤ ਰਹੀ ਹੈ । ਚੇਤੰਨ ਔਰਤ ਇਹ ਮਹਿਸੂਸਦੀ ਹੈ ਤੇ ਇਹ ਪੁਸਤਕ ਦਰਦ ਹੰਢਾਉਂਦੀਆਂ ਬੱਚੀਆਂ ਨੂੰ ਚੇਤੰਨ ਕਰਦੀ ਹੈ । ਇਹ ਹਰ ਔਰਤ ਦੀ ਕਹਾਣੀ ਹੈ ਚਾਹੇ ਪੜੀ ਹੈ ਜਾਂ ਅਨਪੜ੍ਹ । ਇਹ ਬਚਪਨ ਤੋਂ ਲੈ ਕੇ ਉਸਦੇ ਮਾਨਸਿਕ ਤੌਰ ਤੇ ਤਸ਼ੱਦਦ ਦੀਆਂ ਵੱਖ ਵੱਖ ਸਥਿਤੀਆਂ ਦੀ ਗੱਲ ਕਰਦੀ ਹੈ। ਬੰਦਿਸ਼ਾਂ ਭਰੀ ਜ਼ਿੰਦਗੀ ਨਾਲ ਵਿਆਹ ਲਈ ਤਿਆਰ ਕੀਤਾ ਜਾਂਦਾ ਹੈ ਮਨਚਾਹੀ ਸਪੇਸ ਕਦੇ ਨਹੀਂ ਮਿਲਦੀ।
ਡਾ. ਸੋਹਲ ਨੇ ਕਾਲਜ ਅਧਿਆਪਨ ਦੌਰਾਨ ਕੀਤੇ ਅਨੁਭਵਾਂ ਦੇ ਆਧਾਰ ਤੇ ਹੋਂਦ ਦੇ ਅਹਿਸਾਸ ਬਾਰੇ ਸੁਚੇਤ ਗੱਲ ਕੀਤੀ ਹੈ। ਉਹਨਾਂ ਨੇ ਔਰਤ ਮਨ ਨੂੰ ਵਾਰਤਕ ਵਿੱਚ ਜ਼ੁਬਾਨ ਦਿੱਤੀ ਹੈ। ਔਰਤ ਦੀ ਪਰਵਰਿਸ਼ ਤੇ ਜ਼ਿੰਦਗੀ ਦੀਆਂ ਬੰਦਿਸ਼ਾਂ ਹਨ ਤੇ ਉਹਨਾਂ ਬੇਬਾਕੀ ਨਾਲ ਅਣਛੋਹੇ ਵਿਸ਼ਿਆਂ ਤੇ ਗੱਲ ਕੀਤੀ ਹੈ।ਪ੍ਰਚਲਿਤ ਕਥਾਵਾਂ ਤੇ ਵਲਗਣਾ ਚੋਂ ਨਿੱਕਲਣ ਦੀ ਲੋੜ ਹੈ। ਔਰਤ ਲੇਖਕਾਵਾਂ ਤੇ ਉਹਨਾਂ ਨੇ ਛੇ ਪੁਸਤਕਾਂ ਸੰਪਾਦਿਤ ਕੀਤੀਆਂ ਹਨ।
ਪ੍ਰੋਫੈਸਰ ਪਵਨ ਖਿੱਚੀ ਦੇ ਬਲੀਡਿੰਗ ਵੋਮੇਨ ਪੁਸਤਕ ਬਾਰੇ ਵਿਚਾਰ … ਰਮਿੰਦਰ ਜੀ ਨੇ ਪੜ੍ਹ ਕੇ ਸੁਣਾਏ ।
ਪ੍ਰੋ ਕੁਲਜੀਤ ਨੇ ਬਹੁਤ ਹੀ ਮਿਹਨਤ ਨਾਲ ਤਸਵੀਰਾਂ ਦੇ ਮਾਧਿਅਮ ਨਾਲ ਪੇਸ਼ਕਾਰੀ ਰਾਹੀਂ ਉਹਨਾਂ ਦੀ ਸਾਹਿਤਕ ਸ਼ਖਸੀਅਤ ਨੂੰ ਪੇਸ਼ ਕੀਤਾ।
ਡਾ. ਸੋਹਲ ਨੇ ਆਪਣੀਆਂ ਕਵਿਤਾ, “ਨਾਨਕ ਵੇਲਾ” ਤੇ “ ਤੁਸੀ ਕਿੱਲਾਂ ਗੱਡਦੇ ਹੋ …. ਵੀ ਸਰੋਤਿਆਂ ਨਾਲ
ਸਾਂਝੀਆਂ ਕੀਤੀਆ ।
ਡਾ ਸੋਹਲ ਨੇ ਦੱਸਿਆ ਕਿ ਔਰਤ ਨੂੰ ਮਰਦ ਦੇ ਅਧੀਨ ਰੱਖਣ ਦੀ ਰੁਚੀ ਹੈ। ਦੋਹਾਂ ਵਿੱਚ ਆਪਸੀ ਸਮਝ ਤੇ ਸੂਝ ਨਾਲ ਚੱਲਣਾ ਜ਼ਰੂਰੀ ਹੈ ਤਾਂ ਹੀ ਜਿੰਦਗੀ ਸਾਵੀ ਰਹਿ ਸਕਦੀ ਹੈ। ਔਰਤ ਦੀ ਜ਼ਿੰਦਗੀ ਪੈਮਾਨਿਆਂ ਤੋ ਮੁਕਤ ਹੋਵੇ ਤੇ ਮਰਦ ਪਰਵਰਿਸ਼ ਦੀ ਵੀ ਇਸ ਨੁਕਤੇ ਤੋਂ ਹੋਣੀ ਚਾਹੀਦੀ ਹੈ। ਔਰਤ ਨੂੰ ਜਿੰਦਗੀ ਦਾ ਹਰ ਪਲ ਉਤਸਵ ਮੰਨ ਕੇ ਜਿਉਣਾ ਚਾਹੀਦਾ ਹੈ ਸਵੈਮਾਣ ਤੇ ਜਸ਼ਨ ਵਾਂਗ ਜਿੰਦਗੀ ਜਿਊਣੀ ਜਰੂਰੀ ਹੈ । ਇਹੀ ਉਹਨਾਂ ਦਾ ਆਸ਼ਾਵਾਦੀ ਸੁਨੇਹਾ ਹੈ।
ਡਾ. ਬਲਜੀਤ ਰਿਆੜ ਨੇ ਡਾ. ਸੋਹਲ ਬਾਰੇ ਕਿਹਾ ਕਿ ਉਹਨਾ ਨੇ ਸੂਤਰਿਕ ਢੰਗ ਨਾਲ ਜੀਵਨ ਯਥਾਰਥ ਦੀਆਂ ਰਮਜ਼ਾਂ ਪੇਸ਼ ਕੀਤੀਆਂ ਹਨ । ਉਹ ਜ਼ਿੰਦਗੀ ਦੀ ਹਰ ਭੂਮਿਕਾ ਬਾਖੂਬੀ ਨਿਭਾ ਰਹੇ ਹਨ ਜਿਸ ਪਿੱਛੇ ਵਿਰਾਸਤੀ ਤੇ ਪਰਿਵਾਰ ਦਾ ਪੂਰਾ ਯੋਗਦਾਨ ਰਿਹਾ ਹੈ। ਉਹਨਾਂ ਦੀ ਬੇਬਾਕੀ ਤੇ ਸੰਵੇਦਨਾ ਉਹਨਾਂ ਨੂੰ ਪ੍ਰਭਾਵਤ ਕਰਦੀ ਹੈ। ਉਹ ਸਿਰਜਣਾਤਮਕ ਤੇ ਆਲੋਚਨਾਤਮਿਕ ਸ਼ਖਸੀਅਤ ਦੋਹਾਂ ਦਾ ਸੁਮੇਲ ਹਨ। ਔਰਤ ਹੋ ਕੇ ਸੰਤੁਲਿਤ ਢੰਗ ਨਾਲ ਕਰਨੀ ਉਹਨਾਂ ਦਾ ਹਾਸਿਲ ਹੈ।
ਅਜੈਬ ਸਿੰਘ ਚੱਠਾ ਜੀ ਨੇ ਰਮਿੰਦਰ ਵਾਲੀਆ ਜੀ ਦੀ ਲਗਾਤਾਰਤਾ ਤੇ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਡਾ. ਸੋਹਲ ਜੀ ਲੇਖਕ ਹੋਣ ਦੇ ਨਾਲ ਕਾਮਯਾਬ ਇਨਸਾਨ ਹਨ। ਉਹਨਾਂ ਨੇ ਡਾ. ਸੋਹਲ ਦੇ ਬੇਬਾਕ ਅੰਦਾਜ਼ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਦੇ ਸਰਪਰਸਤ ਸੁਰਜੀਤ ਜੀ ਨੇ ਕਿਹਾ ਕਿ ਡਾ. ਸੋਹਲ ਤੇ ਉਹ ਭਾਵੇਂ ਮੂਲ ਰੂਪ ਚ ਕਵਿੱਤਰੀ ਹਨ ਪਰ ਵਿਸ਼ਿਆਂ ਦੀ ਵਿਸਥਾਰਤਾ ਕਹਾਣੀ , ਵਾਰਤਕ ਵੱਲ ਲੈ ਜਾਂਦੀ ਹੈ। ਬਲੀਡਿੰਗ ਵੇਮੈਨ ਪੁਸਤਕ ਇਕ ਔਰਤ ਦੀ ਆਜ਼ਾਦੀ ਦਾ ਇਤਿਹਾਸ ਹੈ । ਅਸੀਂ ਉਸ ਇਤਿਹਾਸ ਦੇ ਚਸ਼ਮਦੀਦ ਗਵਾਹ ਹਾਂ ਤੇ ਨਵੀਂ ਪੀੜੀ ਨੂੰ ਸੇਧ ਦੇਣੀ ਸਾਡਾ ਫਰਜ਼ ਹੈ ਜੋ ਡਾ. ਸੋਹਲ ਨੇ ਬੇਬਾਕੀ ਨਾਲ ਵਾਰਤਕ ਵਿੱਚ ਯਥਾਰਥ ਨੂੰ ਵਿਗਿਆਨ ਨਾਲ ਜੋੜ ਕੇ ਬੜੇ ਸੁਹਜ ਨਾਲ ਨਿਭਾਇਆ ਹੈ। ਡਾ. ਸੋਹਲ ਔਰਤ ਜਾਤੀ ਦਾ ਮਾਣ ਹਨ ਉਹਨਾਂ ਤੋ ਸਿੱਖਣ ਦੀ ਲੋੜ ਹੈ।
ਗੁਰਚਰਨ ਸਿੰਘ ਜੋਗੀ ਜੀ ਨੇ ਕਿਹਾ ਡਾ. ਸੋਹਲ ਵਰਗੀ ਸ਼ਖ਼ਸੀਅਤ ਨੂੰ ਸੁਣਨਾ ਉਹਨਾਂ ਦਾ ਸੁਭਾਗ ਹੈ। ਡਾ . ਕੁਲਜੀਤ ਜੀ ਦਾ ਕਮਾਲ ਹੈ ਕਿ ਉਹ ਸਰੋਤਿਆਂ ਦੇ ਮਨੋਭਾਵ ਸੁਆਲਾਂ ਦੇ ਰੂਪ ਵਿੱਚ ਪੁੱਛ ਕੇ ਸਰੋਤਿਆਂ ਦੀ ਜਗਿਆਸਾ ਸ਼ਾਂਤ ਕਰ ਦਿੰਦੇ ਹਨ।
ਪ੍ਰੋਗਰਾਮ ਦੇ ਅੰਤ ਤੇ ਡਾ. ਸੋਹਲ ਨੇ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਹਰ ਬੋਲ ਉਹਨਾਂ ਲਈ ਫਰਜ਼ਾਂ ਪ੍ਰਤੀ ਹੋਰ ਸੁਚੇਤਤਾ ਦਾ ਅਹਿਸਾਸ ਦਿੰਦਾ ਰਹੇਗਾ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਤੇ ਨਿੱਠ ਕੇ ਪ੍ਰੋਗਰਾਮ ਨੂੰ ਸੁਣਿਆ । ਧੰਨਵਾਦ ਸਹਿਤ । ਇਹ ਰਿਪੋਰਟ ਡਾ . ਪੁਸ਼ਵਿੰਦਰ ਕੌਰ ਖੋਖਰ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
