ਕੋਟਕਪੂਰਾ, 5 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਪਬਲਿਕ ਸਕੂਲ ਅੱਜ ਇਤਿਹਾਸਕ ਪਲਾਂ ਦਾ ਗਵਾਹ ਬਣਿਆ, ਜਦੋਂ ਸਕੂਲ ਦੇ ਹੋਣਹਾਰ ਸਪੂਤ ਅਰਮਾਨ ਸ਼ਰਮਾ ਨੇ ਆਪਣੀ ਸ਼ਾਨਦਾਰ ਉਪਲਬਧੀ ਨਾਲ ਸਕੂਲ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਅਪ੍ਰੈਲ 2024 ਵਿੱਚ ਦਸਵੀਂ ਪਾਸ ਕਰ ਚੁੱਕੇ ਅਰਮਾਨ ਸ਼ਰਮਾ ਨੇ ਦੇਸ਼ ਦੀ ਸਭ ਤੋਂ ਅਹਿਮ ਐਨ.ਡੀ.ਏ. ਪ੍ਰੀਖਿਆ ’ਚ 156ਵਾਂ ਰੈਂਕ ਅਤੇ ਆਲ ਇੰਡੀਆ ਰੈਂਕ 291 ਹਾਸਲ ਕਰਕੇ ਸਕੂਲ ਦੇ ਨਾਲ-ਨਾਲ ਪੂਰੇ ਫਰੀਦਕੋਟ ਦਾ ਨਾਮ ਦੇਸ਼ ਦੇ ਨਕਸ਼ੇ ’ਤੇ ਚਮਕਾ ਦਿੱਤਾ। ਵਿਦਿਆਰਥੀਆਂ ਲਈ ਬਣਿਆ ਪ੍ਰੇਰਨਾ ਸਰੋਤ ਸਕੂਲ ਪਹੁੰਚਣ ’ਤੇ ਅਰਮਾਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ, 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਰਮਾਨ ਨੇ ਸਪੱਸ਼ਟ ਕਿਹਾ ਕਿ ‘ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਅਨੁਸ਼ਾਸਨ, ਸਮੇਂ ਦੀ ਕਦਰ ਅਤੇ ਅਣਥੱਕ ਮਿਹਨਤ ਹੀ ਤੁਹਾਨੂੰ ਮੰਜ਼ਿਲ ਤੱਕ ਪਹੁੰਚਾਉਂਦੀ ਹੈ।’ ਉਸ ਦੇ ਇੱਕ-ਇੱਕ ਸ਼ਬਦ ਨੇ ਵਿਦਿਆਰਥੀਆਂ ’ਚ ਨਵਾਂ ਜੋਸ਼ ਭਰ ਦਿੱਤਾ ਅਤੇ ਅਰਮਾਨ ਸ਼ਰਮਾ ਨੇ ਦੱਸਿਆ ਕਿ ਮਰਹੂਮ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਦੀ ਅਗਵਾਈ ਮੇਰੀ ਕਾਮਯਾਬੀ ਵਿੱਚ ਅਹਿਮ ਯੋਗਦਾਨ ਰੱਖਦੀ ਹੈ। ਇਸ ਉਪਰੰਤ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਰੋਮਾਣਾ ਅਤੇ ਨਰਿੰਦਰਪਾਲ ਸਿੰਘ ਬਰਾੜ ਨੇ ਅਰਮਾਨ ਨੂੰ ਸਕੂਲ ਦਾ ‘ਗੌਰਵ’ ਦੱਸਦਿਆਂ ਕਿਹਾ ਕਿ ਅਜਿਹੇ ਨੌਜਵਾਨ ਹੀ ਕੌਮ ਦਾ ਭਵਿੱਖ ਹਨ। ਕਾ. ਪ੍ਰਿੰਸੀਪਲ ਸੁਖਦੀਪ ਕੌਰ ਨੇ ਦ੍ਰਿੜ੍ਹਤਾ ਨਾਲ ਕਿਹਾ ਕਿ ਇਹ ਜਿੱਤ ਸਿਰਫ਼ ਅਰਮਾਨ ਦੀ ਨਹੀਂ,ਬਲਕਿ ਉਸਦੇ ਮਾਤਾ- ਪਿਤਾ ਅਤੇ ਬਾਬਾ ਫਰੀਦ ਪਬਲਿਕ ਸਕੂਲ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸੰਸਕਾਰਾਂ ਦੀ ਵੀ ਜਿੱਤ ਹੈ। ਕਾ. ਵਾਈਸ ਪ੍ਰਿੰਸੀਪਲ ਹਰਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇ ਅਰਮਾਨ ਕਰ ਸਕਦਾ ਹੈ, ਤਾਂ ਤੁਸੀਂ ਵੀ ਕਰ ਸਕਦੇ ਹੋ, ਟੀਚਾ ਵੱਡਾ ਰੱਖੋ, ਮਿਹਨਤ ਦੁੱਗਣੀ ਕਰੋ, ਮੰਜ਼ਿਲ ਤੁਹਾਡੇ ਕਦਮਾਂ ਵਿੱਚ ਹੋਵੇਗੀ। ਬਾਬਾ ਫ਼ਰੀਦ ਸੰਸਥਾਵਾ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਨੇ ਮਾਣ ਨਾਲ ਦਸਿਆ ਕਿ ਇਹ ਪ੍ਰਾਪਤੀ ਸਕੂਲ ਲਈ ਮੀਲ ਪੱਥਰ ਸਾਬਤ ਹੋਵੇਗੀ। ਅਰਮਾਨ ਦੀ ਇਹ ਪ੍ਰਾਪਤੀ ਬਾਬਾ ਫਰੀਦ ਪਬਲਿਕ ਸਕੂਲ ਨੂੰ ਸਿਰਫ਼ ਜ਼ਿਲ੍ਹੇ ਵਿੱਚ ਹੀ ਨਹੀਂ, ਸਗੋਂ ਕੌਮੀ ਪੱਧਰ ’ਤੇ ਮਿਸਾਲ ਬਣਾਉਂਦੀ ਹੈ। ਅੱਜ ਦਾ ਦਿਨ ਸਕੂਲ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਗਿਆ ਹੈ।

Leave a Reply