ਲੀਕ ਪੇਪਰ ਦੁਬਾਰਾ ਲੈਣ ਅਤੇ ਯੂਨੀਵਰਸਿਟੀ ਵਿਚਲੀਆਂ ਬੇਨਿਯਮੀਆਂ ਦੀ ਜਾਂਚ ਦੀ ਮੰਗ
ਪੇਪਰ ਲੀਕ ਮਾਮਲੇ ’ਤੇ ਹਾਈਕੋਰਟ ਦੇ ਫੈਸਲੇ ਤੱਕ ਪੱਕਾ ਧਰਨਾ ਮੁਲਤਵੀ
ਫਰੀਦਕੋਟ ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੂਡੈਂਟਸ ਯੂਨੀਅਨ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਫਾਰਮੇਸੀ ਪੇਪਰ ਲੀਕ ਮਾਮਲੇ ਤੇ ਵੀਸੀ ਰਾਜੀਵ ਸੂਦ ਦੇ ਕਾਰਜਕਾਲ ਦੌਰਾਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਵਿਚਲੀਆਂ ਬੇਨਿਯਮੀਆਂ ਦੀ ਜਾਂਚ ਲਈ ਵਿਸ਼ਾਲ ਇਕੱਠ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ. ਦੇ ਧੀਰਜ ਫਾਜ਼ਿਲਕਾ, ਸੂਬਾਈ ਆਗੂ ਹਰਵੀਰ ਕੌਰ ਗੰਧੜ ਨੇ ਕਿਹਾ ਕੇ ਤਕਨੀਕੀ ਤੌਰ ਪੇਪਰ ਲੀਕ ਸਾਬਿਤ ਹੋਣ ਤੇ ਵੀ ਭਗਵੰਤ ਮਾਨ ਸਰਕਾਰ ਇਸ ਨੂੰ ਨਕਲ ਦਾ ਮਾਮਲਾ ਬਣਾ ਕੇ ਪੇਸ਼ ਕਰ ਰਹੀ ਹੈ, ਜਿਸ ਦਾ ਕਾਰਨ ਸਿਆਸੀ ਹੈ ਕੇ ਜ਼ੇਕਰ ਲੀਕ ਨੂੰ ਮੰਨ ਲਿਆ ਤਾਂ ਸਿਹਤ ਮੰਤਰੀ ਦਾ ਅਸਤੀਫ਼ਾ ਲੈਣਾ ਪਵੇਗਾ। ਉਹਨਾਂ ਕਿਹਾ ਕੇ ਨਕਲ ਦੇ ਮਾਮਲੇ ਕਦੇ ਫੌਜਦਾਰੀ ਮੁਕੱਦਮੇ ਦਰਜ ਨਹੀਂ ਹੁੰਦੇ ਨਾ ਹੀ ਕਿਸੇ ਨੂੰ ਜੇਲ੍ਹ ਭੇਜਿਆ ਜਾਂਦਾ ਹੈ। ਨਕਲ ਦਾ ਮਾਮਲਾ ਦੀਵਾਨੀ ਹੁੰਦਾ ਹੈ ਪਰ ਸਰਕਾਰ ਨੇ ਫੌਜਦਾਰੀ ਮੁਕੱਦਮਾ ਦਰਜ ਕਰਕੇ ਇਸ ਨੂੰ ਪੇਪਰ ਲੀਕ ਮੰਨ ਲਿਆ ਹੈ। ਉਹਨਾਂ ਕਿਹਾ ਇਜਰਾਇਲ ਤੋਂ ਆਏ ਹੋਏ ਯੰਤਰ ਪੇਪਰ ਲੀਕ ਵਿੱਚ ਵਰਤੇ ਗਏ, ਜਿਸ ਤੋ ਸਾਫ ਹੁੰਦਾ ਹੈ ਕਿ ਪੇਪਰ ਲੀਕ ਵਿੱਚ ਵੱਡੇ ਸਿਆਸੀ ਤੇ ਰਸੂਖਦਾਰ ਲੋਕ ਸ਼ਾਮਿਲ ਹਨ। ਵਿਦਿਆਰਥੀ ਆਗੂ ਸੁਖਪ੍ਰੀਤ ਕੌਰ ਅਤੇ ਰਜਿੰਦਰ ਢਿੱਲਵਾਂ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਖੋਜ ਕਾਰਜਾਂ ਚ ਫਾਡੀ ਤੇ ਘੁਟਾਲਿਆ ਵਿੱਚ ਮੋਹਰੀ ਹੈ, ਭਰਤੀਆਂ ਸਮੇਤ ਹੋਰ ਕੰਮਾਂ ਵਿੱਚ ਵੀਸੀ ਰਾਜੀਵ ਸੂਦ ਦੇ ਸਮੇ ਬਹੁਤ ਬੇਨਿਯਮੀਆਂ ਹੋਈਆਂ ਹਨ, ਭਰਤੀ ਵੇਲੇ ਅਦਾਲਤ ਦੇ ਹੁਕਮਾਂ ਤੇ ਯੂਨੀਵਰਸਿਟੀ ਦੇ ਨਿਯਮਾਂ ਦੀਆਂ ਧੱਜੀਆ ਉਡਾਈਆਂ ਗਈਆਂ ਹਨ। ਚੱਲਦੇ ਧਰਨੇ ਦੌਰਾਨ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਪੀ ਐਸ ਯੂ ਦੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਰਜਿਸਟਰਾਰ ਨੇ ਗੱਲਬਾਤ ਕਰਕੇ ਵਿਦਿਆਰਥੀ ਆਗੂਆਂ ਨੂੰ ਭਰੋਸਾ ਦਿੱਤਾ ਕੇ ਯੂਨੀਵਰਸਿਟੀ ਵਿਚਲੀਆਂ ਬੇਨਿਯਮੀਆਂ ਤੇ ਜੋ ਵੀ ਸਬੂਤ ਪੇਸ਼ ਕਰੋਗੇ, ਉਸਤੇ ਫੌਰੀ ਕਾਰਵਾਈ ਕਰਾਂਗਾ੍ਟ ਪੇਪਰ ਲੀਕ ਦੇ ਮਾਮਲੇ ਤੇ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਸਟੇ ਕਰਕੇ ਨਤੀਜੇ ਤੇ ਰੋਕ ਲਾ ਦਿੱਤੀ ਹੈ ਜਿਸ ਕਰਕੇ ਜੋ ਵੀ ਅਦਾਲਤ ਫ਼ੈਸਲਾ ਕਰੇਗੀ ਸਭ ਨੂੰ ਪ੍ਰਵਾਨ ਹੋਵੇਗਾ। ਪੀ.ਐਸ.ਯੂ. ਨੇ ਪੇਪਰ ਲੀਕ ਮਾਮਲੇ ਤੇ ਹਾਈਕੋਰਟ ਦਾ ਫ਼ੈਸਲਾ ਆਉਣ ਤੱਕ ਪੱਕਾ ਧਰਨਾ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ। ਅੱਜ ਦੇ ਧਰਨੇ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸਤਨਾਮ ਪਨੂੰ, ਬੀ.ਕੇ.ਯੂ. ਕ੍ਰਾਂਤੀਕਾਰੀ ਮਾਸਟਰ ਸੂਰਜਭਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡੀ.ਟੀ.ਐਫ. ਦੇ ਵਿਕਰਮਦੇਵ ਸਿੰਘ, ਸਫਾਈ ਸੇਵਕ ਯੂਨੀਅਨ ਦੇ ਕੁਲਦੀਪ ਸ਼ਰਮਾ, ਡੀ ਐਮ ਐਫ ਦੇ ਸਰਬਜੀਤ ਕੌਰ ਮਚਾਕੀ, ਬਲਵੀਰ ਸਿਵੀਆਂ, ਨੌਜਵਾਨ ਭਾਰਤ ਸਭਾ ਦੇ ਮੰਗਾ ਅਜਾਦ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਪੀ.ਐਸ.ਯੂ. ਦੇ ਸੁਖਬੀਰ ਸਿੰਘ ਕੋਠੇ ਹਜੂਰਾ ਸਿੰਘ ਅਤੇ ਨੌਨਿਹਾਲ ਸਿੰਘ ਨੇ ਨਿਭਾਈ।

