ਫਰੀਦਕੋਟ/ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਹਾਨ ਸੂਫ਼ੀ ਫ਼ਕੀਰ ਹਜ਼ਰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ-2026 ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦਾ ਆਯੋਜਨ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ। ਸੰਸਥਾਵਾਂ ਦੇ ਮੁੱਖ ਸੇਵਾਦਾਰ ਸਰਦਾਰ ਸਿਮਰਜੀਤ ਸਿੰਘ ਸੇਖੋਂ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਸਮਾਗਮ 15 ਸਤੰਬਰ ਤੋਂ 23 ਸਤੰਬਰ 2026 ਤੱਕ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਅਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਕਰਵਾਏ ਜਾਣਗੇ। ਸਮਾਗਮਾਂ ਦੀ ਸ਼ੁਰੂਆਤ 15 ਤੋਂ 17 ਸਤੰਬਰ ਤੱਕ ਬੱਚਿਆਂ ਦੇ ਬਾਬਾ ਫ਼ਰੀਦ ਜੀ ਦੀ ਜੀਵਨੀ ਅਤੇ ਸ਼ਲੋਕਾਂ ਸਬੰਧੀ ਮੁਕਾਬਲਿਆਂ ਨਾਲ ਹੋਵੇਗੀ, 19 ਸਤੰਬਰ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਨਾਲ ਧਾਰਮਿਕ ਸਮਾਗਮਾਂ ਦਾ ਆਗਾਜ਼ ਕੀਤਾ ਜਾਵੇਗਾ। ਇਸ ਦੌਰਾਨ 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਅਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਰੋਜ਼ਾਨਾ ਸੁਭਾ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕਰਨਗੇ। ਸਮਾਗਮਾਂ ਵਿੱਚ ਗਿਆਨੀ ਗੁਰਮਿੰਦਰ ਸਿੰਘ ਜੀ, ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਗਿਆਨੀ ਕਿਸ਼ਨ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ, ਭਾਈ ਹਰਜੀਤ ਸਿੰਘ ਜੀ, ਪ੍ਰਿੰਸੀਪਲ ਚਰਨਜੀਤ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਭਾਈ ਰਾਜਦੀਪ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਬੀਬੀ ਇਕਬਾਲ ਕੌਰ, ਭਾਈ ਅਮ੍ਰਿੰਤਪਾਲ ਸਿੰਘ ਜੀ, ਭਾਈ ਸੁਖਮੰਦਰ ਸਿੰਘ ਆਪਣੀ ਹਾਜ਼ਰੀ ਲਗਵਾਉਣਗੇ, 23 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਜੋ ਕਿ ਸੁਭਾ 9 ਵਜੇ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ ਤੋਂ ਆਰੰਭ ਹੋ ਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਪਹੁੰਚੇਗਾ ਅਤੇ ਓਥੇ ਵਿਸ਼ੇਸ਼ ਧਾਰਮਿਕ ਦੀਵਾਨ ਵੀ ਸਜਾਇਆ ਜਾਵੇਗਾ। ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਪਿਆਰ, ਸੇਵਾ, ਨਿਮਰਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੀਆਂ ਹਨ, ਜਿਨ੍ਹਾਂ ਨੂੰ ਅਪਣਾਉਣ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਹੈ।

