ਫ਼ਰੀਦਕੋਟ/ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਸੂਫ਼ੀ ਮੱਤ ਦੇ ਮੋਢੀ ਅਤੇ ਪੰਜਾਬੀ ਜ਼ੁਬਾਨ ਦੇ ਆਦਿ ਕਵੀ ਵਜੋਂ ਜਾਣੇ ਜਾਂਦੇ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਬਾਬਾ ਫਰੀਦ ਆਗਮਨ-ਪੁਰਬ ਦੌਰਾਨ ਜੋ ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ ਜੋ ਕਿ ਕਲਾ, ਸਾਹਿਤ ਅਤੇ ਖੇਡਾਂ ਆਦਿ ਦੇ ਖੇਤਰ ਵਿੱਚ ਕੀਤੇ ਗਏ ਵਿਲੱਖਣ ਕਾਰਜਾਂ ਹਿੱਤ ਪ੍ਰਦਾਨ ਕੀਤਾ ਜਾਂਦਾ ਹੈ। ਉਸ ਸਬੰਧੀ ਗੁਰਦੁਆਰਾ ਗੌਦੜੀ ਸਾਹਿਬ ਫਰੀਦਕੋਟ ਅਤੇ ਟਿੱਲਾ ਬਾਬਾ ਫਰੀਦ ਰੀਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਵੱਲੋਂ ਸਿਮਰਜੀਤ ਸਿੰਘ ਸੇਖੋ ਪ੍ਰਧਾਨ ਦੀ ਪ੍ਰਧਾਨਗੀ ਹੇਠ ਦੋਨਾਂ ਐਵਾਰਡਾਂ ਲਈ ਅਰਜ਼ੀਆਂ ਦੀ ਮੰਗ ਸਬੰਧੀ ਮੀਟਿੰਗ ਬਾਬਾ ਫਰੀਦ ਲਾਅ ਕਾਲਜ਼ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਚਰਨਜੀਤ ਸਿੰਘ ਸੇਖੋ, ਦੀਪਇੰਦਰ ਸਿੰਘ ਸੇਖੋ, ਗੁਰਜਾਪ ਸਿੰਘ ਸੇਖੋ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੌਗੀਆਂ ਅਤੇ ਨਰਿੰਦਰ ਪਾਲ ਸਿੰਘ ਬਰਾੜ ਮੈਂਬਰਜ਼ ਵੀ ਸ਼ਾਮਿਲ ਸਨ। ਇਹਨਾਂ ਐਵਾਰਡਾਂ ਲਈ ਕੀਤੀ ਚੋਣ ਬਹੁਤ ਬਾਰੀਕ ਛਾਨਣੀ ਰਾਹੀਂ ਇਕ ਲਾਜਮੀ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਰਹੀ ਹੈ। ਜਿਸ ਸਦਕਾ ਇਹਨਾਂ ਐਵਾਰਡਾਂ ਦੀ ਬਹੁਤ ਅਹਿਮੀਅਤ ਹੈ। ਉਹਨਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਇਹਨਾਂ ਐਵਾਰਡਾਂ ਲਈ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਅਰਜ਼ੀਆਂ 10 ਸਤੰਬਰ ਤੋਂ ਪਹਿਲਾਂ-ਪਹਿਲਾਂ ਬਾਬਾ ਫ਼ਰੀਦ ਪਬਲਿਕ ਸਕੂਲ, ਹਰਿੰਦਰਾ ਨਗਰ ਫਰੀਦਕੋਟ ਦੇ ਦਫ਼ਤਰ ਵਿਖੇ ਜਾਂ ਈ-ਮੇਲ ਰਾਹੀ tillababafaridfaridkot0gmail.com ’ਤੇ ਭੇਜੀਆਂ ਜਾਣ। ਓਪਰੋਕਤ ਅਰਜ਼ੀਆਂ ਵਿਅਕਤੀਆਂ ਜਾਂ ਸੰਸਥਾਵਾਂ ਵੱਲੋਂ ਖੁਦ ਵੀ ਦਿੱਤੀਆਂ ਜਾ ਸਕਦੀਆਂ ਹਨ ਜਾਂ ਫੇਰ ਕਿਸੇ ਦੂਜੇ ਵਿਅਕਤੀ ਵੱਲੋਂ ਵੀ ਕਿਸੇ ਵਿਅਕਤੀ ਜਾਂ ਸੰਸਥਾ ਬਾਰੇ ਅਰਜ਼ੀ ਭੇਜੀ ਜਾ ਸਕਦੀ ਹੈ ਪਰ ਅਰਜ਼ੀ 2 ਵਿਅਕਤੀਆਂ ਵੱਲੋਂ ਤਸਦੀਕ ਸ਼ੁਦਾ ਹੋਣੀ ਲਾਜ਼ਮੀ ਹੈ। ਮੇਲੇ ਦੇ ਆਖਰੀ ਦਿਨ 23 ਸਤੰਬਰ ਦਿਨ ਬੁੱਧਵਾਰ ਨੂੰ ਨਗਰ-ਕੀਰਤਨ ਗੁਰਦੁਆਰਾ ਗੌਦੜੀ ਸਾਹਿਬ ਪਹੁੰਚਣ ਉਪਰੰਤ ਦੀਵਾਨ ਹਾਲ ਵਿੱਚ ਸੰਗਤਾਂ ਦੀ ਹਾਜਰੀ ਵਿੱਚ ਇਹ ਅਵਾਰਡ ਪ੍ਰਦਾਨ ਕੀਤੇ ਜਾਣਗੇ। ਜਿਨ੍ਹਾਂ ਵਿੱਚੋਂ ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ-ਟੂ-ਹਿਊਮੈਂਟੀ ਵਿੱਚ ਸਿਰੋਪਾਉ, ਦੁਸ਼ਾਲਾ, ਸਾਈਟੇਸ਼ਨ ਅਤੇ 2 ਲੱਖ ਦੀ ਰਾਸ਼ੀ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ ਵਿੱਚ ਸਿਰੋਪਾਉ, ਦੁਸ਼ਾਲਾ, ਸਾਈਟੇਸ਼ਨ ਅਤੇ 1 ਲੱਖ ਦੀ ਰਾਸ਼ੀ ਭੇਟ ਕੀਤਾ ਜਾਵੇਗਾ। ਅੰਤ ਵਿੱਚ ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋ ਜੀ ਅਤੇ ਸਮੂਹ ਕਮੇਟੀ-ਮੈਂਬਰਾਂ ਨੇ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਇਸ ਆਗਮਨ-ਪੁਰਬ ਵਿੱਚ ਹੁੰਮ-ਹੁਮਾ ਕੇ ਪਹੁੰਚਣ ਅਤੇ ਬਾਬਾ ਫ਼ਰੀਦ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।

