ਕੋਟਕਪੂਰਾ, 20 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਓਲਡ ਇਜ/ਗੋਲਡ ਕਲੱਬ ਕੋਟਕਪੂਰਾ ਦੇ ਪ੍ਰਧਾਨ ਰਿਟਾ ਮਾਸਟਰ ਜੋਗਿੰਦਰ ਸਿੰਘ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਕੋਟਕਪੂਰਾ ਦੇ ਵਾਤਾਵਰਨ ਪ੍ਰੇਮੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਸਵੇਰੇ 4.00 ਵਜੇ ਤੋਂ ਲੈ ਕੇ ਤਕਰੀਬਨ 7.00 ਵਜੇ ਤੱਕ ਖੁੱਲੇ ਵਾਤਾਵਰਨ ਦਾ ਆਨੰਦ ਮਾਣਦੇ ਹਨ, ਜਿੰਨਾਂ ਵਿੱਚ ਸ਼ਹਿਰ ਦੇ ਵੱਡੇ ਕਾਰੋਬਾਰੀ, ਠੇਕੇਦਾਰ, ਡਾਕਟਰ ਅਤੇ ਹਰੇਕ ਵਿਭਾਗ ਦੇ ਰਿਟਾਇਰ ਕਰਮਚਾਰੀ ਸ਼ਾਮਿਲ ਹੁੰਦੇ ਹਨ। ਕਲੱਬ ਦੇ ਖਜਾਨਚੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਕੋਟਕਪੂਰਾ ਦੇ ਵਾਟਰ ਬਾਕਸ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਜਿੱਥੇ ਕਈ ਧਾਰਮਿਕ ਸੰਸਥਾਵਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ, ਉਸ ਦੇ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵਾਤਾਵਰਨ ਪ੍ਰੇਮੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸ਼ਹਿਰ ਵਾਸੀਆਂ ਅਤੇ ਵਿਸ਼ੇਸ਼ ਤੌਰ *ਤੇ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਦੋਂ ਵੀ ਤੁਹਾਡੇ ਪਰਿਵਾਰ ਵਿੱਚ ਕਿਸੇ ਬੱਚੇ ਦਾ ਜਨਮਦਿਨ ਮਨਾਉਣਾ ਹੋਵੇ ਜਾਂ ਆਪਣੇ ਵੱਡ ਵਡੇਰਿਆਂ ਦਾ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਉਹਨਾਂ ਦੀ ਯਾਦ ਵਿੱਚ ਸਾਨੂੰ ਇੱਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ, ਕਿਉਂਕਿ ਅਸੀਂ ਤਰੱਕੀ ਦੇ ਨਾਂਅ *ਤੇ ਸੜਕਾਂ ਚੌੜੀਆ ਅਤੇ ਨਹਿਰਾਂ ਪੱਕੀਆਂ ਹੋਣ ਕਰਕੇ ਬਹੁਤ ਸਾਰੇ ਦਰਖਤ ਗਵਾ ਚੁੱਕੇ ਹਾਂ ਇਸ ਕਰਕੇ ਅਸੀਂ ਵਾਤਾਵਰਨ ਨੂੰ ਸਾਫ-ਸੁਥਰਾ ਤੇ ਵਧੀਆ ਬਣਾਉਣ ਵੱਲ ਧਿਆਨ ਦਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਨਵੀਂ ਪੀੜੀ ਉਹ ਵੀ ਕੁਦਰਤੀ ਵਾਤਾਵਰਨ ਦਾ ਆਨੰਦ ਮਾਣ ਸਕਣ ਰਿਟਾ ਮਾਸਟਰ ਮੇਜਰ ਸਿੰਘ ਨੇ ਦੱਸਿਆ ਕਿ ਅੱਜ ਪਰਿਵਾਰਕ ਖੁਸ਼ੀ ਸਾਂਝੀ ਕਰਦਿਆਂ ਰਿਟਾ ਮੈਨੇਜਰ ਸਿਕੰਦਰਪਾਲ ਸਿੰਘ ਵੱਲੋਂ ਸਾਰੇ ਕਲੱਬ ਮੈਂਬਰਾਂ ਨੂੰ ਪਾਰਟੀ ਦਿੱਤੀ ਗਈ ਅਤੇ ਰਿਟਾ. ਪੁਲਿਸ ਅਫਸਰ ਅੰਗਰੇਜ਼ ਸਿੰਘ ਵੱਲੋਂ ਅਮਰੂਦਾਂ ਦਾ ਬੂਟਾ ਲਾਇਆ ਗਿਆ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲੱਬ ਮੈਂਬਰਾਂ ਵੱਲੋਂ ਫਾਲਦਾਰ ਅਤੇ ਫੁੱਲਦਾਰ ਪੌਦੇ ਲਾਏ ਜਾ ਚੁੱਕੇ ਹਨ। ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਰਿਟਾ. ਵੀਰਇੰਦਰਜੀਤ ਸਿੰਘ ਪੁਰੀ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਵਾਸਤੇ ਜਿੱਥੇ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਪੰਜਾਬ ਸਰਕਾਰ ਨੂੰ ਵੀ ਵਾਤਾਵਰਨ ਬਚਾਉਣ ਸਬੰਧੀ ਕੋਈ ਵੱਡੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਕਿ ਆਮ ਲੋਕਾਂ ਨੂੰ ਸਾਫ ਪਾਣੀ ਅਤੇ ਹਵਾ ਮਿਲ ਸਕੇ।

