ਸਕੇ ਭਰਾਵਾਂ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ
ਕੋਟਕਪੂਰਾ, 25 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀਨੌ ਦੇ ਦੋ ਸਕੇ ਭਰਾਵਾਂ ਵੱਲੋਂ ਕਰਜ਼ੇ ਕਾਰਨ ਰੇਲਗੱਡੀ ਅੱਗੇ ਆ ਕੇ ਖੁਦਕਸ਼ੀ ਮਗਰੋਂ ਮੰਗਲਵਾਰ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਪਹੁੰਚੇ। ਉਨ੍ਹਾਂ ਸ਼ਮਸ਼ਾਨਘਾਟ ਵਿੱਚ ਖੜ੍ਹ ਕੇ ਸਰਕਾਰ ਦੀਆਂ ਕਿਸਾਨ ਅਤੇ ਖੇਤੀਬਾੜੀ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ਅਤੇ ਸਰਕਾਰ ਨੂੰ ਅਲਟੀਮੇਟ ਦਿੱਤਾ ਕਿ ਜੇ ਹਫਤੇ ਦੇ ਅੰਦਰ-ਅੰਦਰ ਕਰਜ਼ੇ ਲਈ ਦੋਵਾਂ ਭਰਾਵਾਂ ਨੂੰ ਕਥਿੱਤ ਪ੍ਰੇਸ਼ਾਨ ਕਰਨ ਵਾਲੇ ਬੈਂਕ ਮੈਨੇਜਰ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਪਰਿਵਾਰ ਦਾ ਕਰਜ਼ਾ ਮੁਆਫ ਕਰਨ, ਮ੍ਰਿਤਕਾਂ ਦੀਆਂ ਪਤਨੀਆਂ ਨੂੰ ਨੌਕਰੀ ਦੇਣ ਅਤੇ ਪਰਿਵਾਰ ਦੇ ਗੁਜਾਰੇ ਲਈ ਗੁਜ਼ਾਰਾ ਭੱਤਾ ਦੇਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਸੋਮਵਾਰ ਨੂੰ ਹਰੀਨੌ ਪਿੰਡ ਦੇ ਦੋ ਕਿਸਾਨ ਸਕੇ ਭਰਾ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਕਰਜੇ ਤੋਂ ਤੰਗ ਆ ਕੇ ਰੇਲਗੱਡੀ ਅੱਗੇ ਖੁਦਕੁਸ਼ੀ ਕਰ ਲਈ ਸੀ। ਸ੍ਰੀ ਡੱਲੇਵਾਲ ਨੇ ਕਿਹਾ ਕਿ ਦੋਵਾਂ ਭਰਾਵਾਂ ਨੇ ਕੁਝ ਸਾਲ ਪਹਿਲਾਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਵਧ ਕੇ ਹੁਣ 17 ਲੱਖ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕਰਜ਼ਾ ਉਤਾਰਨ ਲਈ ਉਨ੍ਹਾਂ ਨੂੰ ਜ਼ਮੀਨ ਵੇਚਣ ਲਈ ਕਥਿੱਤ ਤੌਰ ’ਤੇ ਮਜਬੂਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਨੇ ਆਲੂਆਂ ਦੀ ਖੇਤੀ ਕੀਤੀ ਹੋਈ ਸੀ, ਜਿਸ ਦਾ ਭਾਅ ਘੱਟ ਮਿਲ ਰਿਹਾ ਹੈ ਅਤੇ ਉਧਰੋਂ ਟਰੈਕਟਰ ਦੀ ਕਿਸ਼ਤ ਆਈ ਹੋਈ ਸੀ। ਇਸ ਕਿਸ਼ਤ ਲਈ ਉਨ੍ਹਾਂ ਉੱਪਰ ਲਗਾਤਾਰ ਬੈਂਕ ਵੱਲੋਂ ਕਥਿੱਤ ਤੌਰ ’ਤੇ ਦਬਾਅ ਪਾਇਆ ਜਾ ਰਿਹਾ ਸੀ। ਇਸ ਕਾਰਨ ਦੁਖੀ ਹੋ ਕੇ ਦੋਵਾਂ ਭਰਾਵਾਂ ਨੇ ਇਕੋ ਵੇਲੇ ਇਹ ਆਤਮਹੱਤਿਆ ਦਾ ਕਦਮ ਚੁੱਕਿਆ। ਉਨ੍ਹਾਂ ਐਲਾਨ ਕੀਤਾ ਕਿ ਬੁੱਧਵਾਰ ਨੂੰ ਦੋਨਾਂ ਭਰਾਵਾਂ ਦੇ ਫੁੱਲ ਚੁਗਣ ਤੋਂ ਬਾਅਦ ਪਰਿਵਾਰ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇਗਾ ਅਤੇ ਸਾਰੀਆਂ ਮੰਗਾਂ ਉਨ੍ਹਾਂ ਸਾਹਮਣੇ ਰੱਖੀਆਂ ਜਾਣਗੀਆਂ।

