ਸ਼ੁਭ ਸਵੇਰ ਮੁਬਾਰਕ
ਬੰਦ ਕਰੀ ਜਾਨੈਂ ਸਾਰੇ ਬੂਹੇ ਤੇ ਬਾਰੀਆਂ,
ਕੰਧਾਂ ਨੇ ਚੁਫ਼ੇਰੇ ਕਿੱਥੇ ਲਾਏਂਗਾ ਉਡਾਰੀਆਂ,
ਏਨੀ ਵੀ ਕੀਹ ਮਗਰੂਰੀ।
ਓ ਬੰਦਿਆ ਜਿਉਣ ਲਈ ਸੱਜਰੀ ਹਵਾ ਜ਼ਰੂਰੀ।
ਤੇਰਿਆਂ ਖੰਭਾਂ ‘ਚੋਂ ਪ੍ਰਵਾਜ਼ ਮਰ ਜਾਏਗੀ।
ਚੁੱਪ ਚੁੱਪ ਰਿਹਾ ਤਾਂ ਆਵਾਜ਼ ਮਰ ਜਾਏਗੀ।
ਰਿਸ਼ਤੇ ਨਿਭਾਉਣ ਵਾਲੀ ਲਾਜ ਮਰ ਜਾਏਗੀ।
ਵਧ ਜੂ ਮਨਾਂ ਵਾਲੀ ਦੂਰੀ।
ਰੰਗਲੇ ਬਗੀਚਿਆਂ ’ਚ ਖਿੜੇ ਫੁੱਲ ਪੱਤੀਆਂ।
ਧਰਤੀ ਤੇ ਵੇਖ ਤੂੰ ਬਹਾਰਾਂ ਰੰਗ ਰੱਤੀਆਂ।
ਸੱਜਣਾਂ ਦੇ ਅੰਗ ਸੰਗ ਵੇਲਾਂ ਮਾਣ ਮੱਤੀਆਂ।
ਮੱਥੇ ‘ਚ ਤਰੇੜਾਂ ਕਿਤੇ ਪੱਕੀਆਂ ਨਾ ਬਹਿਣ,
ਜਾਏਂ ਵਗਦੀ ਹਵਾ ਨੂੰ ਘੂਰੀ।
ਕੰਧਾਂ ਉੱਤੇ ਲਾਈਆਂ ਜੋ ਤੂੰ ਮੂਰਤਾਂ ਸੁਨੱਖੀਆਂ।
ਇਨ੍ਹਾਂ ਕਦੇ ਬੰਦਿਆਂ ਨੂੰ ਝੱਲੀਆਂ ਨਾ ਪੱਖੀਆਂ।
ਐਵੇਂ ਤੂੰ ਭੁਲੇਖੇ ’ਚ ਉਮੀਦਾਂ ਪਾਲ ਰੱਖੀਆਂ।
ਦੇਵਤੇ ਬਲੌਰੀ ਅੱਗੇ ਆਰਤੀ ਉਤਾਰੀ ਜਾਵੇਂ,
ਹੋਣੀ ਨਾ ਮੁਰਾਦ ਕਦੇ ਪੂਰੀ।
ਛੱਡ ਕੇ ਉਡਾਰੀਆਂ ਨੂੰ ਛਤਰੀ ਤੇ ਲਹਿ ਗਿਆ।
ਉੱਡਣੇ ਪਰਿੰਦਿਆ ਤੂੰ ਪਿੰਜਰੇ ‘ਚ ਬਹਿ ਗਿਆ।
ਚੱਲਿਆ ਸੈਂ ਕਿੱਥੇ, ਹੁਣ ਏਥੋਂ ਜੋਗਾ ਰਹਿ ਗਿਆ।
ਤੋਤਾ ਰਾਮ ਵਾਂਗੂੰ ਬੋਲੇਂ ਮਾਲਕਾਂ ਦੀ ਬੋਲੀ,
ਖਾ ਕੇ ਸ਼ੱਕਰ ਘਿਉ ਦੀ ਚੂਰੀ।
ਓ ਬੰਦਿਆ ਜਿਉਣ ਲਈ ਸੱਜਰੀ ਹਵਾ ਜ਼ਰੂਰੀ।
◾️ਗੁਰਭਜਨ ਗਿੱਲ

