ਬਰਨਾਲਾ-25 ਮਈ (ਵਰਲਡ ਪੰਜਾਬੀ ਟਾਈਮਜ਼)
ਜਲਾਵਤਨੀ ਸਿੱਖ ਆਗੂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ.ਕੇ ਅਤੇ ਕੋਆਰਡੀਨੇਟਰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ ਦੀ ਚੜਦੀ ਕਲਾ-ਸਿਹਤਯਾਬੀ ਵਾਸਤੇ ਪਿੰਡ ਚੌਹਾਨਕੇ ਕਲਾਂ ਬਸ਼ਿੰਦਾ ਪੱਤੀ ਦੇ ਗੁਰਦਵਾਰਾ ਸਾਹਿਬ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਵੱਲੋਂ ਧਾਰਮਿਕ ਸਮਾਗਮ ਕੀਤਾ ਗਿਆ। ਗੌਰਤਲਬ ਹੈ ਕਿ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਦਾ ਨਾਮ ਅੱਜ-ਕਲ ਪੁਲਿਸ ਮਹਿਕਮੇ ਅਤੇ ਇੰਟੈਲੀਜੈਂਸ ਏਜੰਸੀਆਂ ਵਿੱਚ ਬਹੁਤ ਜਿਆਦਾ ਚਰਚਿਤ ਹੈ। ਪੁਲਿਸ ਅਤੇ ਏਜੰਸੀਆਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨਾਲ ਟੈਲੀਫੋਨ ਤੇ ਰਾਬਤਾ ਕਰਨ ਅਤੇ ਉਸ ਪਾਸੋਂ ਆਰਥਿਕ ਸਹਾਇਤਾ ਪ੍ਰਾਪਤ ਕਰਨ ਵਾਲਿਆਂ ਨੂੰ ਪੰਜਾਬ ਭਰ ਦੇ ਪੁੱਛ-ਗਿੱਛ ਕੇਂਦਰਾਂ ਵਿੱਚ ਸੱਦ ਰਹੀ ਹੈ। ਏਜੰਸੀਆਂ ਵੱਲੋਂ ਇਹਨਾਂ ਵਿਅਕਤੀਆਂ ਦੀ ਗਿਣਤੀ ਇੱਕ ਸੌ ਤੋਂ ਜਿਆਦਾ ਦੱਸੀ ਗਈ ਹੈ। ਕਈ ਪਰਿਵਾਰਾਂ ਨੂੰ ਤਿੰਨ-ਤਿੰਨ ਵਾਰ ਸੱਦਿਆ ਜਾ ਚੁੱਕਾ ਹੈ। ਜਿਹਨਾਂ ਵਿੱਚ ਕਈ ਸ਼ਹੀਦ ਪਰਿਵਾਰ ਵੀ ਹਨ। ਕੁੱਝ ਵਿਅਕਤੀਆਂ ਪਾਸੋ ਲਿਖਤੀ ਤੌਰ ਤੇ ਭਰੋਸਾ ਲਿਆ ਗਿਆ ਹੈ ਕਿ ਉਹ ਭਵਿੱਖ ਵਿੱਚ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨਾਲ ਕਿਸੇ ਵੀ ਤਰਾਂ ਦਾ ਸੰਪਰਕ ਨਹੀਂ ਕਰਨਗੇ ਅਤੇ ਉਨਾਂ ਕੋਲੋਂ ਆਪਣੇ ਸਾਹਮਣੇ ਨੰਬਰ ਬਲਾਕ ਕਰਵਾਇਆ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਦੀ ਵੀ ਇਸ ਸਿਲਸਲੇ ਵਿੱਚ ਚਾਰ ਵਾਰ ਭਾਰੀ ਪੁੱਛ-ਗਿੱਛ ਕੀਤੀ ਗਈ ਹੈ। ਪਰ ਉਸਨੇ ਬੇਪ੍ਰਵਾਹੀ ਦਾ ਸਬੂਤ ਦਿੰਦਿਆਂ ਐਤਵਾਰ ਸਵੇਰ ਦੇ ਦੀਵਾਨ ਵਿੱਚ ਆਪਣੇ ਸਮੂਹ ਪਰਿਵਾਰ ਸਮੇਤ ਹਾਜਰੀ ਭਰੀ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਵੱਲੋਂ ਕਥਾ ਵਿਚਾਰ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਸਾਨੂੰ ਆਪਣੇ ਧਰਮ ਦੇ ਅਕੀਦੇ ਤੇ ਚੱਲਣਾ ਚਾਹੀਦਾ ਹੈ। ਫਿਰ ਪਰਮਾਤਮਾ ਤੁਹਾਨੂੰ ਹਰ ਮੋੜ ‘ਤੇ ਤਾਕਤ ਬਖਸ਼ਦਾ ਹੈ। ਇਮਾਨਦਾਰੀ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ ਬਹੁਤ ਜਿਆਦਾ ਕਠਿਨਾਈਆਂ ਅਤੇ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਦਿਲ ਵਿੱਚ ਹਮੇਸ਼ਾਂ ਭਲਾਈ ਰੱਖ ਕੇ ਚੱਲਣ ਵਾਲਿਆਂ ਦਾ ਪਰਮਾਤਮਾ ਸਹਾਈ ਹੁੰਦਾ ਹੈ। ਉਹਨਾਂ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੇ ਸੰਘਰਸ਼ੀ ਜੀਵਨ ‘ਤੇ ਵੀ ਚਾਨਣਾ ਪਾਇਆ। ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਕੇ ਖੰਡੇ ਬਾਟੇ ਦੀ ਪਹੁੱਲ ਛੱਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ। ਸਾਡੇ ਜੀਵਨ ਦਾ ਇਹ ਹੀ ਅਸਲ ਮਨੋਰਥ ਹੈ।

