ਲੁਧਿਆਣਾ 15 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਖੇਤੀ ਇੰਜਨੀਅਰਾਂ ਬਾਰੇ ਭਾਰਤੀ ਸੁਸਾਇਟੀ ਦੀ 60ਵੀਂ ਸਲਾਨਾ ਇਕੱਤਰਤਾ ਵਿਚ 4 ਇਨਾਮ ਜਿੱਤੇ| ਇਹ ਇਕੱਤਰਤਾ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਸ਼੍ਰੀਨਗਰ ਵਿਚ ਆਯੋਜਿਤ ਕੀਤੀ ਗਈ ਸੀ|
ਵਿਭਾਗ ਦੇ ਪ੍ਰੋਫੈਸਰ ਡਾ. ਅਬਰਾਰ ਯੂਸਫ ਨੇ ਜੁਬਾਨੀ ਪੇਪਰ ਪੇਸ਼ਕਾਰੀ ਦੇ ਵਰਗ ਵਿਚ ਪਹਿਲਾ ਇਨਾਮ ਹਾਸਲ ਕੀਤਾ| ਉਹਨਾਂ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਵਾਧੇ ਲਈ ਮੀਂਹ ਦੇ ਪਾਣੀ ਦੀ ਵਰਤੋਂ ਦੀ ਪੈਮਾਇਸ਼ ਬਾਰੇ ਆਪਣਾ ਪੇਪਰ ਐੱਮ ਜੇ ਸਿੰਘ, ਡੈਨੀਅਲ ਖੰਨਾ, ਐੱਮ ਏ ਭੱਟ ਅਤੇ ਐੱਮ ਏ ਦਰਵੇਸ਼ ਨਾਲ ਸਾਂਝੇ ਰੂਪ ਵਿਚ ਲਿਖਿਆ ਸੀ| ਇਸੇ ਤਰ੍ਹਾਂ ਵਿਭਾਗ ਦੇ ਵਿਗਿਆਨੀ ਡਾ. ਪ੍ਰਵੀਨ ਦਹੀਫਾਲੇ ਨੇ ਰਿਮੋਟ ਸੈਂਸਿੰਗ ਅਤੇ ਜੀਓਸਪੇਸ਼ਲ ਬੌਧਿਕਤਾ ਦੇ ਵਰਗ ਵਿਚ ਜ਼ੁਬਾਨੀ ਪੇਪਰ ਪੇਸ਼ ਕਰਕੇ ਪਹਿਲਾ ਇਨਾਮ ਹਾਸਲ ਕੀਤਾ|
ਪੀ ਐੱਚ ਡੀ ਦੇ ਵਿਦਿਆਰਥੀ ਆਯੂਸ਼ੀ ਝਾਅ ਨੇ ਡਾ. ਸੁਨੀਲ ਗਰਗ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਦੀ ਪੇਪਰ ਪੇਸ਼ਕਾਰੀ ਵਰਗ ਵਿਚ ਸਮਾਰਟ ਸਿੰਚਾਈ ਅਤੇ ਖਾਦ ਸਿੰਚਾਈ ਵਿਸ਼ੇ ਤੇ ਪੇਪਰ ਲਿਖ ਕੇ ਪਹਿਲਾ ਇਨਾਮ ਜਿੱਤਿਆ| ਉਹਨਾਂ ਦੇ ਸਹਿ ਲੇਖਕ ਸੁਨੀਲ ਗਰਗ ਨਿਖਿਲ ਗਲੈਡਵਿਨ ਕਟਿੰਗ ਅਤੇ ਰਾਕੇਸ਼ ਸ਼ਾਰਦਾ ਸਨ| ਇਸੇ ਤਰ੍ਹਾਂ ਪੀ ਐੱਚ ਡੀ ਦੇ ਵਿਦਿਆਰਥੀ ਸੁਖਮਨਦੀਪ ਕੌਰ ਬਰਾੜ ਨੇ ਪੇਪਰ ਪੇਸ਼ਕਾਰੀ ਵਿਚ ਪਹਿਲਾ ਇਨਾਮ ਹਾਸਲ ਕੀਤਾ|
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡਾ. ਮਨਜੀਤ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਵਿਭਾਗ ਦੇ ਮੁਖੀ ਡਾ. ਸੁਨੀਲ ਗਰਗ ਨੇ ਇਹਨਾਂ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|

