-ਪਟਿਆਲਾ ਵਾਸੀਆਂ ਨੂੰ ਭਜਨ ਸੰਧਿਆ ‘ਚ ਸ਼ਾਮਿਲ ਹੋਣ ਦਾ ਸੱਦਾ- ਬਲਤੇਜ ਸਿੰਘ ਪੰਨੂ
-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੀ ਸਮਾਗਮ ਵਿਚ ਆਮ ਸ਼ਰਧਾਲੂ ਵਜੋਂ ਕਰਨਗੇ ਸ਼ਿਰਕਤ
-ਪ੍ਰਸਿੱਧ ਧਾਰਮਿਕ ਗਾਇਕ ਹੰਸਰਾਜ ਰਘੂਵੰਸ਼ੀ ਭਗਵਾਨ ਸ਼ਿਵ ਦਾ ਗੁਣ ਗਾਇਨ ਕਰਨਗੇ – ਤੇਜਿੰਦਰ ਮਹਿਤਾ
ਪਟਿਆਲਾ, 28 ਜੁਲਾਈ :(ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ 28 ਜੁਲਾਈ (ਮੰਗਲਵਾਰ) ਦੀ ਸ਼ਾਮ 6.30 ਵਜੇ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਮਹਾਨ ਧਾਰਮਿਕ ਸਮਾਗਮ, ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਕਰਵਾਇਆ ਜਾਵੇਗਾ। ਉਹ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਸ. ਬਲਤੇਜ ਸਿੰਘ ਪੰਨੂ, ਆਪ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਤੇਜਿੰਦਰ ਮਹਿਤਾ, ਸਨਾਤਨ ਸੇਵਾ ਸਮਿਤੀ ਦੇ ਪ੍ਰਧਾਨ ਵਿਜੈ ਸ਼ਰਮਾ, ਮੇਅਰ ਕੁੰਦਨ ਗੋਗੀਆ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨਾਲ ਸਮਾਗਮ ਵਾਲੀ ਜਗ੍ਹਾ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ।
ਇਸ ਮੌਕੇ ਸ. ਬਲਤੇਜ ਸਿੰਘ ਪੰਨੂ ਨੇ ਦੱਸਿਆ ਕਿ ਇਸ ਮਹਾਨ ਧਾਰਮਿਕ ਸਮਾਗਮ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੌਰਾਨ ਸੰਗਤੀ ਰੂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਆਪ ਪੰਜਾਬ ਪ੍ਰਧਾਨ ਅਮਨ ਅਰੋੜਾ, ਪੰਜਾਬ ਦੇ ਕੈਬਨਿਟ ਮੰਤਰੀ ਤੇ ਵਿਧਾਇਕਾਂ ਸਮੇਤ ਹੋਰ ਅਹਿਮ ਸ਼ਖ਼ਸੀਅਤਾਂ ਵੀ ਸ਼ਾਮਲ ਹੋਣਗੀਆਂ। ਸ. ਪੰਨੂ ਨੇ ਪਟਿਆਲਾ ਵਾਸੀਆਂ ਨੂੰ ਇਸ ਭਜਨ ਸੰਧਿਆ ‘ਚ ਸ਼ਾਮਿਲ ਹੋਣ ਸੱਦਾ ਦਿੱਤਾ।
ਇਸ ਮੌਕੇ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਇਸ ਵੱਡੇ ਧਾਰਮਿਕ ਸਮਾਗਮ ਮੌਕੇ ਪ੍ਰਸਿੱਧ ਧਾਰਮਿਕ ਗੁਣਗਾਨ ਕਰਤਾ ਸ੍ਰੀ ਹੰਸ ਰਾਜ ਰਘੂਵੰਸ਼ੀ ਭਗਵਾਨ ਸ਼ਿਵ ਦਾ ਗੁਣ ਗਾਇਨ ਕਰਨਗੇ ਅਤੇ ਭਜਨਾਂ ਰਾਹੀਂ ਹਜ਼ਾਰਾਂ ਸ਼ਰਧਾਲੂਆਂ ਨੂੰ ਅਧਿਆਤਮਿਕਤਾ ਨਾਲ ਜੋੜਨਗੇ।
ਚੇਅਰਮੈਨ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਹ ਸਮਾਗਮ, ਸ਼ਰਧਾ, ਆਸਥਾ, ਵਿਸ਼ਵਾਸ ਅਤੇ ਸਭਿਆਚਾਰ ਦਾ ਇਕ ਵਿਲੱਖਣ ਸੁਮੇਲ ਕਰਾਰ ਸਾਬਿਤ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਿੱਚ ਪਟਿਆਲਾ ਅਤੇ ਨੇੜਲੇ ਜਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਪ੍ਰਧਾਨ ਸਨਾਤਨ ਸੇਵਾ ਸਮਿਤੀ ਵਿਜੇ ਸ਼ਰਮਾ ਨੇ ਕਿਹਾ ਕਿ ਸਮਾਗਮ ਪੰਜਾਬ ਦੀ ਅਮੀਰ ਧਾਰਮਿਕ ਤੇ ਸਭਿਆਚਾਰਕ ਰਵਾਇਤਾਂ ਅਤੇ ਭਾਈਚਾਰਕ ਸਾਂਝ ਤੇ ਏਕਤਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਇਸ ਵਿਸ਼ੇਸ਼ ਪਹਿਲਕਦਮੀ ਦਾ ਮੁੱਖ ਉਦੇਸ਼ ਇਸ ਖੇਤਰ ਵਿੱਚ ਭਾਈਚਾਰਕ ਸਾਂਝ, ਸ਼ਾਂਤੀ ਅਤੇ ਧਾਰਮਿਕ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਫੋਟੋ ਕੈਪਸ਼ਨ-ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਸਥਿਤ ਆਤਮਾ ਰਾਮ ਕੁਮਾਰ ਸਭਾ ਗਰਾਊਂਡ ਵਿਖੇ ਭਜਨ ਸੰਧਿਆ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੀਆਂ ਤਿਆਰੀਆਂ ਦੀ ਤਸਵੀਰ।

