ਮਾਂ !
ਓ ਮਾਂ !!
ਕਿੱਥੇ ਹੈਂ ਤੂੰ ਮਾਂ !!!
ਸੱਚੀਂ ਤੂੰ ਤੇ ਤੁਰ ਗਈ
ਸੱਭ ਨੂੰ ਰੋਂਦਿਆਂ ਵਿਲਕਦਿਆਂ ਛੱਡ !
ਪਰ ਮੈਨੂੰ ਤੇ ਕਦੀ ਲੱਗਾ ਹੀ ਨਹੀਂ
ਕਿ ਤੂੰ ਤੁਰ ਗਈ !!
ਬਚੱਪਨ ਤੋਂ ਹਮੇਸ਼ਾਂ ਤੈਨੂੰ ਦੇਖਦੀ ਰਹੀ ਹਾਂ
ਨਿਤਨੇਮ ਤੇ ਘਰ ਦੇ ਕੰਮ-ਕਾਰ ਵਿੱਚ ਲੱਗੇ ਰਹਿਣਾ !!
ਹਰ ਆਏ ਗਏ ਦੀ ਨਿਰ-ਸਵਾਰਥ ਸੇਵਾ ਕਰਨਾ
ਤਾਹਨੇ ਮਿਹਨੇ ਸਹਿਣਾ ਤੇ ਕੁਝ ਨਾ ਕਹਿਣਾ !!!
ਯਾਦ ਏ ਨਾ ਮਾਂ
ਘੋੜੀ ਟੱਪਾ ਖੇਡਦਿਆਂ ਡਿੱਗ ਪਈ ਸੀ ਮੈਂ !
ਟੁੱਟ ਗਈ ਸੀ ਮੇਰੀ ਬਾਂਹ
ਤੂੰ ਸਾਰੀ ਰਾਤ ਸੁੱਤੀ ਨਹੀਂ
ਰੋਂਦੀ ਰਹੀ !!
ਮੈਂ ਆਪਣੀ ਪੀੜਾ ਛੁਪਾ ਕਿਹਾ ਸੀ
ਸੌ ਜਾ ਮਾਂ ਮੈਨੂੰ ਕੁਝ ਨਹੀਂ ਹੋਇਆ !!!
ਮਾਂ ਤੇਰੀ ਸਾਦੀ ਰਹਿਣੀ ਬਹਿਣੀ
ਸ਼ਾਂਤ ਰਹਿਣਾ ਤੇ ਮਿੱਠਾ ਬੋਲਣਾ !
ਹਰ ਵੇਲੇ ਮੁਸਕਰਾਂਉਂਦੇ ਰਹਿਣਾ
ਸਦਾ ਰੱਬ ਦਾ ਸ਼ੁਕਰ ਮਨਾਉਣਾ !!
ਮਾਂ ਜੀਅ ਕਰਦੇ ਤੂੰ ਇਕ ਵਾਰੀ ਆ ਜਾ
ਮੈਂ ਤੇਰੇ ਗੱਲ ਲੱਗ ਜਾਂ ਤੇ ਕਹਾਂ !
ਮਾਂ ਮੈਨੂੰ ਹੁਣ ਆਪਣੇ ਨਾਲ ਲੈ ਚੱਲ
ਮੇਰਾ ਹੁਣ ਇੱਥੇ ਜੀਅ ਨਹੀਂ ਲੱਗਦਾ !!
ਪਰ ਮਾਂ ਮੈਨੂੰ ਤੇ ਕਦੀ ਲੱਗਾ ਹੀ ਨਹੀਂ
ਕਿ ਤੂੰ ਤੁਰ ਗਈ ਹੋਵੇਂ !
ਤੂੰ ਤੇ ਮੇਰੀਆਂ ਯਾਦਾਂ ਵਿੱਚ
ਮੇਰੀਆਂ ਧੜਕਣਾਂ ਵਿੱਚ !!
ਮੇਰੇ ਸਾਹਾਂ ਵਿੱਚ !!
ਮੇਰੀਆਂ ਦੁਆਵਾਂ ਵਿੱਚ
ਅਜੇ ਵੀ ਹੈਂ
ਮਾਂ !
ਓ ਮਾਂ !!
ਮੇਰੀ ਪਿਆਰੀ
ਮਾਂ !!
( ਰਮਿੰਦਰ ਰੰਮੀ )
