ਫਰੀਦਕੋਟ, 8 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮਾਊਂਟ ਲਰਨਿੰਗ ਜੂਨੀਅਰ ਸਕੂਲ ਵਿੱਚ ਸਾਵਣ ਦੇ ਪਵਿੱਤਰ ਮਹੀਨੇ ਮੌਕੇ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਸਕੂਲ ਨੂੰ ਪੰਜਾਬੀ ਸੱਭਿਆਚਾਰ ਦੀ ਝਲਕ ਦਰਸਾਉਂਦੀ ਸੁੰਦਰ ਸਜਾਵਟ ਨਾਲ ਸਜਾਇਆ ਗਿਆ। ਪਲੇ-ਵੇਅ ਅਤੇ ਨਰਸਰੀ ਭਾਗਾਂ ਦੇ ਛੋਟੇ ਵਿਦਿਆਰਥੀਆਂ ਨੇ ਆਪਣੇ ਪੰਜਾਬੀ ਪਹਿਰਾਵੇ ਨਾਲ ਸਾਰਿਆਂ ਦੇ ਦਿਲ ਜਿੱਤ ਲਏ। ਇਸ ਮੌਕੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਪਾ ਕੇ ਗਿੱਧਾ, ਬੋਲੀਆਂ ਅਤੇ ਲੋਕ ਨਾਚ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਮਹਿੰਦੀ, ਝੂਲੇ ਅਤੇ ਪੰਜਾਬੀ ਲੋਕ-ਰਸਮਾਂ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਸਕੂਲ ਪ੍ਰਿੰਸੀਪਲ ਸੀਮਾ ਗੁਲਾਟੀ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੇ ਸਰਵਾਂਗੀਣ ਵਿਕਾਸ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸਰਾਹਨਾ ਕੀਤੀ ਗਈ ਅਤੇ ਸਭ ਨੇ ਖੁਸ਼ੀ-ਖੁਸ਼ੀ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ। ਇਹੋ ਜਿਹੇ ਸੱਭਿਆਚਾਰਕ ਸਮਾਗਮ ਸਕੂਲ ਵੱਲੋਂ ਪਹਿਲਾਂ ਵੀ ਕਰਵਾਏ ਜਾਂਦੇ ਰਹੇ ਹਨ।

