ਸਾਦਿਕ ਚੌਂਕ, ਫਰੀਦਕੋਟ ਵਿਖੇ ਦੂਜਾ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਸਫ਼ਲਤਾਪੂਰਵਕ ਸੰਪੰਨ : ਅਰਸ਼ ਸੱਚਰ
ਕੋਟਕਪੂਰਾ, 7 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਿਸ਼ਨ 2027 ਤਹਿਤ ਲੋਕ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਅੱਜ ਫਰੀਦਕੋਟ ਦੇ ਸਾਦਿਕ ਚੌਂਕ ਸਥਿਤ ਐਲੀਮਕੋ ਦਫ਼ਤਰ ਵਿਖੇ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਬਹੁਤ ਹੀ ਸੁਚੱਜੇ, ਸਫ਼ਲ ਅਤੇ ਸੇਵਾ ਭਾਵਨਾ ਨਾਲ ਸੰਪੰਨ ਹੋਇਆ। ਇਸ ਕੈਂਪ ਦੌਰਾਨ ਫਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਬਜ਼ੁਰਗਾਂ, ਦਿਵਿਆਂਗ ਭੈਣ-ਭਰਾਵਾਂ ਅਤੇ ਲੋੜਵੰਦ ਮਰੀਜ਼ਾਂ ਨੇ ਸ਼ਮੂਲੀਅਤ ਕਰਕੇ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਾਪਤ ਕੀਤਾ। ਕੈਂਪ ਵਿੱਚ ਯੋਗ ਲਾਭਪਾਤਰੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਵਹੀਲਚੇਅਰ, ਟਰਾਈਸਾਈਕਲਾਂ, ਵਾਕਿੰਗ ਸਟਿਕਾਂ, ਗੋਡਿਆਂ ਲਈ ਨੀ-ਕੈਪ, ਸਪੋਰਟ ਬੈਲਟਾਂ ਅਤੇ ਹੋਰ ਲੋੜੀਂਦੇ ਸਹਾਇਕ ਉਪਕਰਣ ਮੁਫ਼ਤ ਵੰਡੇ ਗਏ, ਜਿਸ ਨਾਲ ਕਈ ਲੋੜਵੰਦ ਪਰਿਵਾਰਾਂ ਨੂੰ ਰਾਹਤ ਅਤੇ ਨਵਾਂ ਹੌਸਲਾ ਮਿਲਿਆ। ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਸਮਾਜ ਦੇ ਸਭ ਤੋਂ ਲੋੜਵੰਦ ਵਿਅਕਤੀ ਤੱਕ ਸਹਾਇਤਾ ਪਹੁੰਚਾਉਣਾ ਹੀ ਅਸਲ ਲੋਕ ਸੇਵਾ ਹੈ। ਜਦੋਂ ਕਿਸੇ ਬਜ਼ੁਰਗ ਨੂੰ ਤੁਰਨ ਲਈ ਸਹਾਰਾ, ਕਿਸੇ ਦਿਵਿਆਂਗ ਨੂੰ ਆਤਮ-ਨਿਰਭਰ ਬਣਨ ਦਾ ਸਾਧਨ ਜਾਂ ਕਿਸੇ ਮਰੀਜ਼ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਆਸਾਨ ਬਣਾਉਣ ਵਾਲਾ ਉਪਕਰਣ ਮਿਲਦਾ ਹੈ, ਤਾਂ ਇਹੀ ਸਾਡੀ ਸਭ ਤੋਂ ਵੱਡੀ ਖੁਸ਼ੀ ਅਤੇ ਪ੍ਰੇਰਣਾ ਬਣਦੀ ਹੈ। ਉਨ੍ਹਾਂ ਐਲੀਮਕੋ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ, ਮੈਡੀਕਲ ਟੀਮ ਅਤੇ ਸਾਰੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਪੂਰੀ ਇਮਾਨਦਾਰੀ, ਮਿਹਨਤ ਅਤੇ ਸੇਵਾ ਭਾਵਨਾ ਨਾਲ ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਦੇ ਸਾਂਝੇ ਯਤਨਾਂ ਨਾਲ ਹੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਅਸਲ ਲਾਭਪਾਤਰੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਦੀਆਂ ਹਨ। ਅਰਸ਼ ਸੱਚਰ ਨੇ ਕੈਂਪ ਵਿੱਚ ਪਹੁੰਚੇ ਸਾਰੇ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ, ਪਿਆਰ ਅਤੇ ਅਸੀਸਾਂ ਹੀ ਉਨ੍ਹਾਂ ਨੂੰ ਲਗਾਤਾਰ ਸਮਾਜ ਸੇਵਾ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮਿਸ਼ਨ 2027 ਸਿਰਫ਼ ਇੱਕ ਰਾਜਨੀਤਿਕ ਸੋਚ ਨਹੀਂ, ਸਗੋਂ ਲੋਕ ਸੇਵਾ, ਮਨੁੱਖਤਾ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਦਾ ਸੰਕਲਪ ਹੈ। ਆਉਣ ਵਾਲੇ ਸਮੇਂ ਵਿੱਚ ਵੀ ਸਿਹਤ, ਸਿੱਖਿਆ, ਦਿਵਿਆਂਗ ਸਹਾਇਤਾ, ਮਹਿਲਾ ਸਸ਼ਕਤੀਕਰਨ, ਨੌਜਵਾਨਾਂ ਦੇ ਵਿਕਾਸ ਅਤੇ ਹੋਰ ਲੋਕ ਭਲਾਈ ਕਾਰਜਾਂ ਨਾਲ ਜੁੜੇ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਸੇਵਾ ਦਾ ਅਸਲ ਮਤਲਬ ਕਿਸੇ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ। ਲੋਕਾਂ ਦੀਆਂ ਦੁਆਵਾਂ ਹੀ ਸਾਡੀ ਸਭ ਤੋਂ ਵੱਡੀ ਦੌਲਤ ਹਨ ਅਤੇ ਇਹੀ ਮਿਸ਼ਨ 2027 ਦੀ ਅਸਲ ਤਾਕਤ ਹੈ।

