ਲਾਲ ਲਕੀਰ ਅੰਦਰ ਆਉਂਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਪਹਿਲ ਸ਼ਲਾਘਾਯੋਗ : ਨਵੀਨ ਅਰੋੜਾ
ਕੋਟਕਪੂਰਾ, 1 ਨਵੰਬਰ ( ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਮੇਰਾ ਘਰ-ਮੇਰੇ ਨਾਮ’ ਯੋਜਨਾ ਰਾਹੀਂ ਲਾਲ ਲਕੀਰ ਅੰਦਰ ਆਉਂਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਲੋਕਾਂ ਲਈ ਅਹਿਮ ਪਹਿਲ ਦੱਸਿਆ ਗਿਆ। ਇਸ ਯੋਜਨਾ ਦਾ ਉਦੇਸ਼ ਪਿੰਡਾਂ ਦੇ ਅਜਿਹੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਪਲਾਟਾਂ ਸਬੰਧੀ ਕਾਨੂੰਨੀ ਦਸਤਾਵੇਜ਼ ਮੁਹੱਈਆ ਕਰਵਾ ਕੇ ਮਾਲਕੀ ਹੱਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸੇ ਮੁਹਿੰਮ ਤਹਿਤ ਹਲਕਾ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਯੋਗ ਅਗਵਾਈ ਹੇਠ ਸੀਨੀਅਰ ‘ਆਪ’ ਆਗੂ ਨਵੀਨ ਅਰੋੜਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਆਉਂਦੀਆਂ ਜਾਇਦਾਦਾਂ ਦੀ ਪਛਾਣ ਅਤੇ ਲੋੜੀਂਦੀ ਕਾਗਜ਼ੀ ਕਾਰਵਾਈ ਰਾਹੀਂ ਲੋਕਾਂ ਨੂੰ ਮਾਲਕੀ ਹੱਕ ਦਿਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਆਮ ਪਰਿਵਾਰਾਂ ਨੂੰ ਆਪਣੀ ਜਾਇਦਾਦ ਸਬੰਧੀ ਦਸਤਾਵੇਜ ਪ੍ਰਾਪਤ ਕਰਨ ਅਤੇ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ, ਵਿਕਾਸ ਕਾਰਜਾਂ ਨੂੰ ਉਤਸ਼ਾਹਿਤ ਕਰਨ, ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਤੀਰਥ ਯਾਤਰਾ ਯੋਜਨਾ, ਬੁਢਾਪਾ ਪੈਨਸ਼ਨ, ਔਰਤਾਂ ਦੀ ਭਲਾਈ, 10 ਲੱਖ ਬੀਜਾਂ ਯੋਜਨਾ, ਵਪਾਰੀਆਂ ਅਤੇ ਬੇਰ ਮਜ਼ਦੂਰਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਰਾਹੀਂ ਵੱਖ-ਵੱਖ ਵਰਗਾਂ ਤੱਕ ਸਹੂਲਤਾਂ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਨਵੀਨ ਅਰੋੜਾ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਵਿਕਾਸ ਕਾਰਜਾਂ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਮੁੜ ਸਰਕਾਰ ਬਣਾਏਗੀ।

