ਮੇਰਾ ਮਕਸਦ ਰਾਜਨੀਤੀ ਨਹੀਂ, ਸਗੋਂ ਲੋਕਾਂ ਦੀ ਸੇਵਾ ਅਤੇ ਹਲਕੇ ਦਾ ਵਿਕਾਸ ਕਰਨਾ ਹੈ : ਸੱਚਰ

ਮੇਰਾ ਮਕਸਦ ਰਾਜਨੀਤੀ ਨਹੀਂ, ਸਗੋਂ ਲੋਕਾਂ ਦੀ ਸੇਵਾ ਅਤੇ ਹਲਕੇ ਦਾ ਵਿਕਾਸ ਕਰਨਾ ਹੈ : ਸੱਚਰ

ਕੋਟਕਪੂਰਾ, 6 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਅਰਸ਼ ਸੱਚਰ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਦਾ ਇੱਕੋ ਮਕਸਦ ਹੈ, ਲੋਕਾਂ ਦੀ ਸੇਵਾ, ਇਨਸਾਫ਼ ਅਤੇ ਹਲਕੇ ਦਾ ਸਰਵਪੱਖੀ ਵਿਕਾਸ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਰਕਾਰੀ ਅਹੁਦੇ ਦੇ ਵੀ ਇੱਕ ਆਮ ਵਰਕਰ ਵਜੋਂ ਉਹ ਲੰਬੇ ਸਮੇਂ ਤੋਂ ਫਰੀਦਕੋਟ ਦੇ ਲੋਕਾਂ ਦੇ ਜਨਹਿਤ ਮਸਲੇ ਉਠਾਉਂਦੇ ਆ ਰਹੇ ਹਨ ਅਤੇ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਪ੍ਰਸ਼ਾਸਨਿਕ ਪੱਧਰ ’ਤੇ ਹੱਲ ਵੀ ਕਰਵਾਏ ਹਨ। ਅਰਸ਼ ਸੱਚਰ ਨੇ ਕਿਹਾ ਕਿ ਜੇਕਰ ਪਾਰਟੀ ਲੀਡਰਸ਼ਿਪ ਅਤੇ ਫਰੀਦਕੋਟ ਦੀ ਜਨਤਾ ਦਾ ਆਸ਼ੀਰਵਾਦ ਮਿਲਿਆ ਅਤੇ ਉਨ੍ਹਾਂ ਨੂੰ ਵਿਧਾਨਸਭਾ ਹਲਕਾ ਫਰੀਦਕੋਟ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਉਹ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਜ਼ਮੀਨ ’ਤੇ ਲਾਗੂ ਕਰਨ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਗਰੰਟੀ ਇਨਸਾਫ਼ ਦੀ ਗਰੰਟੀ ਹੋਵੇਗੀ, ਜਿਸ ਤਹਿਤ ਆਮ ਲੋਕਾਂ ਨੂੰ ਬਿਨਾਂ ਕਿਸੇ ਸਿਫ਼ਾਰਿਸ਼ ਅਤੇ ਬਿਨਾਂ ਬੇਵਜਾ ਦੇਰੀ ਦੇ ਇਨਸਾਫ਼ ਮਿਲੇਗਾ। ਦੂਜੀ ਸ਼ਿਕਾਇਤ ਨਿਵਾਰਣ ਗਾਰੰਟੀ ਹੋਵੇਗੀ, ਜਿਸ ਤਹਿਤ ਲੋਕਾਂ ਦੀ ਹਰ ਸ਼ਿਕਾਇਤ ਨੂੰ ਪਾਰਦਰਸ਼ੀ ਢੰਗ ਨਾਲ ਦਰਜ ਕਰਕੇ ਸਮਾਂਬੱਧ ਕਾਰਵਾਈ ਯਕੀਨੀ ਬਣਾਈ ਜਾਵੇਗੀ। ਸਿੱਖਿਆ ਖੇਤਰ ਵਿੱਚ ਸਰਕਾਰੀ ਸਕੂਲਾਂ ਨੂੰ ਹੋਰ ਮਜ਼ਬੂਤ, ਆਧੁਨਿਕ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ’ਤੇ ਖਾਸ ਧਿਆਨ ਦਿੱਤਾ ਜਾਵੇਗਾ। ਕਿਸਾਨਾਂ ਲਈ ਪਾਣੀ, ਬੀਜ, ਮੰਡੀ ਸਹੂਲਤਾਂ ਅਤੇ ਫਸਲ ਸੁਰੱਖਿਆ ਵਰਗੇ ਮੁੱਦੇ ਪ੍ਰਾਥਮਿਕਤਾ ’ਤੇ ਰਹਿਣਗੇ। ਇਸ ਤੋਂ ਇਲਾਵਾ ਹਰ ਪਿੰਡ, ਹਰ ਵਾਰਡ ਅਤੇ ਹਰ ਮੁਹੱਲੇ ਵਿੱਚ ਸਾਫ਼ ਪੀਣ ਵਾਲਾ ਪਾਣੀ, ਮਜ਼ਬੂਤ ਸੜਕਾਂ, ਐਲ.ਈ.ਡੀ. ਲਾਈਟਾਂ, ਬਿਹਤਰ ਸੀਵਰੇਜ ਅਤੇ ਸਫ਼ਾਈ ਪ੍ਰਬੰਧ ਯਕੀਨੀ ਬਣਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕੀਤਾ ਜਾਵੇਗਾ। ਅਰਸ਼ ਸੱਚਰ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਰਾਜਨੀਤੀ ਸਿਰਫ਼ ਚੋਣਾਂ ਜਿੱਤਣ ਦਾ ਸਾਧਨ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਅਸਲ ਬਦਲਾਅ ਲਿਆਉਣ ਦਾ ਜ਼ਿੰਮੇਵਾਰ ਮਾਧਿਅਮ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.