ਮੈਂ ਉਸਨੂੰ ਪੁੱਛਿਆ?
ਤੂੰ ਕਦੇ ਦਰਿਆ ਵਗਦਾ ਵੇਖਿਆ ਹੈ ।
ਉਸ ਸਤਲੁਜ ਦਾ ਨਾਮ ਲਿਆ ।
ਕਿੱਥੇ ਵੇਖਿਆ?
ਉਸ ਕਿਹਾ ਪਹਾੜੋਂ ਉੱਤਰਦਾ ।
ਮੈਂ ਕਿਹਾ!
ਏਨਾ ਵੇਗਮੱਤਾ ਦਰਿਆ
ਨਾ ਵੇਖਿਆ ਕਰ!
ਬੰਦਾ ਖੂੰਖ਼ਾਰ ਹੋ ਜਾਂਦਾ ਹੈ ।
ਕਦੇ ਰਾਵੀ ਵੇਖੀਂ,
ਡੇਰਾ ਬਾਬਾ ਨਾਨਕ ਦੇ ਕੋਲ ।
ਲਹਿਰ ਲਹਿਰ ਤੁਰਦੀ ਸ਼ਾਂਤ ਅਡੋਲ ।
ਛਾਹ ਵੇਲਾ ਲੈ ਕੇ,
ਪੈਲੀਆਂ ਨੂੰ ਜਾਂਦੀ ਮੁਟਿਆਰ ਵਾਂਗ,
ਠੁਮਕ ਠੁਮਕ ਤੁਰਦੀ ।
ਪੌਣਾਂ ਨੂੰ ਗੀਤ ਸੁਣਾਉਂਦੀ,
ਰੂਹ ਸਿੰਜਦੀ, ਮੁਸਕਰਾਉਂਦੀ ।
ਅਛੋਪਲੇ ਸਰਹੱਦ ਪਾਰ ਕਰਦੀ,
ਕਰਤਾਰਪੁਰ ਸਾਹਿਬ ਮੱਥਾ ਟੇਕਦੀ,
ਫਿਰ ਮੁੜ ਆਉਂਦੀ ਰਮਦਾਸ ਕੋਲ ।
ਬਾਬਾ ਬੁੱਢਾ ਜੀ ਦੇ ਚਰਨ ਪਰਸ,
ਫਿਰ ਤੁਰ ਜਾਂਦੀ
ਡੇਰਾ ਸਾਹਿਬ ਲਾਹੌਰ ।
ਇੰਜ ਲੱਗਦਾ
ਤੀਰਥ ਕਰਦੀ ਫਿਰਦੀ ਹੈ,
ਐਰਾਵਤੀ ਨਦੀ ।
ਮੈਂ ਪੁੱਛਿਆ?
ਤੂੰ ਕਦੇ ਕੋਠੇ ਤੇ ਸੁੱਕਣੇ ਪਏ,
ਮੱਕੀ ਦੇ ਦਾਣਿਆਂ ਦੀ
ਰਾਖੀ ਬੈਠੀ ਏਂ?
ਦੁਸਾਂਘੜ ਫਸਾ ਕੇ
ਮੰਜੇ ਦੀ ਛਾਵੇਂ ।
ਉਸ ਕਿਹਾ!
ਹਾਂ! ਨਿੱਕੇ ਹੁੰਦਿਆਂ ਬਹੁਤ ਵਾਰ ।
ਜਾਂ ਫਿਰ ਤੂੰ ਕਣਕ ਦੇ ਦਾਣਿਆਂ ਤੇ
ਜੰਜ਼ੀਰੀ ਟੁੱਕਦੀ ਘੁੱਗੀ ਵੇਖੀ ਸੀ ।
ਉਸ ਪੁੱਛਿਆ?
ਹਾਂ! ਤੈਨੂੰ ਕਿਹੋ ਜਹੀ ਲੱਗਦੀ ਸੀ?
ਮੈਂ ਕਿਹਾ,
ਤੇਰੇ ਵਾਂਗ ਪੋਲਾ ਪੋਲਾ ਹੱਸਦੀ ।
ਪੋਟਿਆਂ ਨਾਲ ਸੇਵੀਆਂ ਵੱਟਦੀ
ਮੇਰੀ ਮਾਂ ਵਾਂਗ ।
ਹੁਣ ਵੀ ਮੂੰਹ
ਸਵਾਦ ਸਵਾਦ ਹੋ ਜਾਂਦੈ
ਯਾਦ ਕਰਕੇ ।
ਮੈਂ ਉਸ ਨਾਲ
ਬਹੁਤ ਗੱਲਾਂ ਕੀਤੀਆਂ ।
ਇਹ ਵੀ ਕਿ
ਮੇਰੇ ਵੱਡੇ ਭੈਣ ਜੀ ਮਨਜੀਤ ਨੇ
ਜਦ ਚੁੱਲ੍ਹੇ ਮੁੱਢ ਪਈ
ਸਵਾਹ ਵਿਛਾ ਮੇਰੇ ਲਈ
ਪਹਿਲੀ ਵਾਰ ਊੜਾ ਵਾਹਿਆ ਸੀ ।
ਸੱਚੀਂ ਉਸ ਵਰਗਾ ਵਿਸਮਾਦ,
ਰੂਹ ਨੂੰ ਅੱਜ ਤੀਕ
ਕਦੇ ਨਹੀਂ ਆਇਆ ।
ਉਹੀ ਊੜਾ ਐੜਾ
ਤੋਰੀ ਫਿਰਦਾ ਹੈ ਹੁਣ ਤੀਕ ।
ਉਸ ਕਿਹਾ!
ਤੂੰ ਕਿੱਥੋਂ ਲੈਂਦਾ ਹੈਂ
ਕਵਿਤਾ ਦਾ ਨੀਲਾਂਬਰ ।
ਫੁਲਕਾਰੀ ਵਰਗੀ ਧਰਤੀ ਨੂੰ
ਕਿਵੇਂ ਗੀਤਾਂ ’ਚ ਪਰੋ ਲੈਂਦਾ ਹੈਂ?
ਮੈਂ ਕਿਹਾ!
ਸਭ ਕੁਝ ਉਧਾਰਾ ਹੈ
ਏਧਰੋਂ ਓਧਰੋਂ ।
ਮੈਂ ਪੁੱਛਿਆ!
ਤੂੰ ਕਦੇ ਦਰਿਆ ਕੋਲ ਜਾ,
ਉਸ ਨਾਲ ਗੱਲਾਂ ਕੀਤੀਆਂ?
ਉਸ ਕਿਹਾ, ਨਹੀਂ ।
ਹਰ ਵਾਰ,
ਦਰਿਆ ਹੀ ਮੇਰੇ ਕੋਲ ਆਉਂਦਾ ਹੈ ।
ਬਹੁਤ ਕੁਝ ਸੁਣਾਉਂਦਾ ਹੈ,
ਤੇਰੇ ਵਾਂਗ ।
ਮੈਂ ਧਰਤੀ ਹਾਂ,
ਸਿਰਫ਼ ਸੁਣਦੀ ਹਾਂ ।
▪️ਗੁਰਭਜਨ ਗਿੱਲ

