ਫ਼ਰੀਦਕੋਟ, 22 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਥਾਣਾ ਬਾਜਾਖਾਨਾ ਪੁਲਸ ਨੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਟੱਕਰ ਮਾਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਅੰਗਰੇਜ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਪਿੰਡ ਸਰਾਵਾਂ ਨੇ ਦੱਸਿਆ ਕਿ 18 ਜੂਨ ਰਾਤ ਕਰੀਬ 8.30 ਵਜੇ ਉਹ ਆਪਣੇ ਪਿੰਡ ਸਰਾਵਾਂ ਤੋਂ ਪੈਦਲ ਜੈਤੋ ਵੱਲ ਜਾਣ ਵਾਲੇ ਰਸਤੇ ’ਤੇ ਜਾ ਰਿਹਾ ਸੀ। ਇਸ ਦੌਰਾਨ ਸੁਖਦੇਵ ਸਿੰਘ ਵਾਸੀ ਪਿੰਡ ਸਰਾਵਾਂ ਆਪਣੇ ਮੋਟਰਸਾਈਕਲ ’ਤੇ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਆ ਰਿਹਾ ਸੀ। ਸ਼ਿਕਾਇਤ ਅਨੁਸਾਰ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਸੜਕ ਤੋਂ ਲੰਘਾਉਂਦੇ ਹੋਏ ਮੁਦੱਈ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਜ਼ਖ਼ਮੀ ਦਾ ਇਲਾਜ ਚੱਲਦਾ ਰਿਹਾ ਅਤੇ ਇਲਾਜ ਦੌਰਾਨ ਉਸ ਦੀ ਲੱਤ ਕੱਟਣੀ ਪਈ। ਪੁਲਿਸ ਰਿਕਾਰਡ ਅਨੁਸਾਰ ਇਸ ਘਟਨਾ ਸਬੰਧੀ ਪਹਿਲਾਂ ਪੰਚਾਇਤੀ ਪੱਧਰ ’ਤੇ ਰਾਜ਼ੀਨਾਮੇ ਦੀ ਕੋਸ਼ਿਸ਼ ਵੀ ਚੱਲਦੀ ਰਹੀ ਪਰ ਗੱਲ ਸਿਰੇ ਨਾ ਲੱਗਣ ’ਤੇ ਮੁਦੱਈ ਵੱਲੋਂ ਬਿਆਨ ਦਰਜ ਕਰਵਾਇਆ ਗਿਆ। ਚੌਕੀ ਬਰਗਾੜੀ ਦੇ ਪੁਲਸ ਮੁਲਾਜ਼ਮ ਵੱਲੋਂ ਬਿਆਨ ਅਤੇ ਕਾਰਵਾਈ ਲਿਖ ਕੇ ਥਾਣਾ ਬਾਜਾਖਾਨਾ ਭੇਜੀ ਗਈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਧਾਰਾ 281, 125(1), 125(2) ਬੀ.ਐੱਨ.ਐੱਸ. ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
