ਸੀ ਪੀ ਆਈ ਪੰਜਾਬ ਦੀ ਸੂਬਾ ਕੌਂਸਲ ਦੀ ਹੋ ਰਹੀ ਮੀਟਿੰਗ ਵਿੱਚ ਕੀਤਾ ਹੋਵੇਗਾ ਅਗਲੇ ਪ੍ਰੋਗਰਾਮਾਂ ਦਾ ਐਲਾਨ
ਫਰੀਦਕੋਟ, 3 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਕਠਪੁਤਲੀ ਬਣਕੇ ਭਾਰਤ ਦੀ ਪ੍ਰਵਾਣਿਤ ਵਿਦੇਸ਼ ਨੀਤੀ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਮਰੇਡ ਹਰਦੇਵ ਅਰਸ਼ੀ ਸਾਬਕਾ ਵਿਧਾਇਕ ਅਤੇ ਮੈਂਬਰ ਕੌਮੀ ਕੌਂਸਲ ਭਾਰਤੀ ਕਮਿਊਨਿਸਟ ਪਾਰਟੀ ਨੇ ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਭਵਨ ਵਿਖੇ ਪਾਵਰਕੌਮ ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਤੇਲ ਊਰਜਾ ਦਾ ਮੁੱਖ ਸੋਮਾ ਹੈ ਜਿਸ ਉੱਪਰ ਕਬਜ਼ਾ ਕਰਨ ਲਈ ਟਰੰਪ ਨੇ ਪਹਿਲਾਂ ਵੈਨੇਜ਼ੁਏਲਾ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਫੌਜੀ ਤਾਕਤ ਦੇ ਜ਼ੋਰ‘ਤੇ ਅਗਵਾ ਕਰਕੇ ਕੈਦ ਕੀਤਾ ਹੋਇਆ ਹੈ ਅਤੇ ਹੁਣ ਈਰਾਨ ਦੇ ਤੇਲ ਉੱਪਰ ਕਬਜ਼ਾ ਕਰਨ ਦੀ ਮਾੜੀ ਨੀਯਤ ਨਾਲ ਪਿਛਲੇ 35 ਦਿਨਾਂ ਤੋਂ ਈਰਾਨ ਦੇ ਆਮ ਲੋਕਾਂ ‘ਤੇ ਭਿਆਨਕ ਬੰਬਾਰੀ ਕੀਤੀ ਜਾ ਰਹੀ ਹੈ। ਇਸ ਜੰਗ ਦਾ ਸੰਤਾਪ ਸਾਰੇ ਸੰਸਾਰ ਦੇ ਲੋਕਾਂ ਨੂੰ ਤੇਲ ਅਤੇ ਰਸੋਈ ਗੈਸ ਦੀ ਸਪਲਾਈ ਵਿੱਚ ਵਿਘਨ ਅਤੇ ਮਹਿੰਗਾਈ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕਣ ਕਾਰਨ ਭਾਰਤ ਨੂੰ ਆਪਣੇ ਰਵਾਇਤੀ ਦੋਸਤ ਰੂਸ ਅਤੇ ਈਰਾਨ ਦੇਸ਼ਾਂ ਤੋਂ ਤੇਲ ਮਿਲਣਾ ਵੀ ਲਗਭਗ ਬੰਦ ਹੋ ਗਿਆ ਹੈ, ਜੋ ਮੋਦੀ ਸਰਕਾਰ ਵੱਲੋਂ ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਕਰਨ ਅਤੇ ਗ਼ੱਦਾਰੀ ਕਰਨ ਦੇ ਬਰਾਬਰ ਹੈ। ਮੀਟਿੰਗ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਫਰੀਦਕੋਟ ਦੀ ਜਿਲਾ ਕਾਰਜਕਾਰਨੀ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਅਮਰੀਕਨ ਸਾਮਰਾਜ ਅਤੇ ਉਸ ਦੀ ਸ਼ਹਿ ਤੇ ਇਜ਼ਰਾਈਲੀ ਜੰਗਬਾਜ ਵੱਲੋਂ ਈਰਾਨ ‘ਤੇ ਥੋਪੀ ਨਿਹੱਕੀ ਜੰਗ ਕਾਰਨ ਹੋ ਰਹੀ ਭਾਰੀ ਤਬਾਹੀ ਅਤੇ ਜਾਨ-ਮਾਲ ਦੇ ਨੁਕਸਾਨ ਉੱਪਰ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ। ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਈਰਾਨ ਜੰਗ ਸਬੰਧੀ ਭਾਰਤ ਦੀ ਰਵਾਇਤੀ ਗੁੱਟ ਨਿਰਪੱਖ ਨੀਤੀ ‘ਤੇ ਪਹਿਰਾ ਦਿੰਦੇ ਹੋਏ ਭਾਰਤ ਦੇ ਸਦੀਆਂ ਪੁਰਾਣੇ ਮਿੱਤਰ ਈਰਾਨ ਦੇ ਹੱਕ ਵਿੱਚ ਖੜੇ, ਜੋ ਵਿਦੇਸ਼ੀ ਹਮਲਾਵਰਾਂ ਨਾਲ ਆਪਣੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਅਮਰੀਕਾ ਭਾਰਤ ਦਾ ਕਦੇ ਵੀ ਮਿੱਤਰ ਨਹੀਂ ਬਣਿਆ ਹੈ ਅਤੇ ਨਾ ਹੀ ਕਦੇ ਬਣ ਸਕਦਾ ਹੈ। ਪੰਜਾਬ ਰਾਜ ਬਾਰੇ ਗੱਲ ਕਰਦਿਆਂ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨੋ ਦਿਨ ਨਿੱਘਰ ਰਹੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਖੁੱਲ੍ਹੀ ਛੁੱਟੀ ਦੇ ਕੇ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦਾ ਨਿਰਣਾ ਲਿਆ ਗਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ 7 ਅਤੇ 8 ਅਪ੍ਰੈਲ ਨੂੰ ਅਜੇ ਭਵਨ, ਚੰਡੀਗੜ੍ਹ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਕੌਂਸਲ ਦੀ ਹੋ ਰਹੀ ਮੀਟਿੰਗ ਦੌਰਾਨ ਅਗਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਮੀਟਿੰਗ ਦੌਰਾਨ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਪੈਨਸ਼ਨਰ ਆਗੂ ਅਤੇ ਕਾਰਜਕਾਰੀ ਜ਼ਿਲ੍ਹਾ ਸਕੱਤਰ ਪ੍ਰੇਮ ਚਾਵਲਾ, ਗੁਰਚਰਨ ਸਿੰਘ ਮਾਨ, ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਆਗੂ ਵੀਰ ਸਿੰਘ ਕੰਮੇਆਣਾ ਤੇ ਗੋਰਾ ਪਿਪਲੀ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਪੈਨਸ਼ਨਰ ਆਗੂ ਇੰਦਰਜੀਤ ਸਿੰਘ ਗਿੱਲ, ਪ੍ਰਦੀਪ ਸਿੰਘ ਬਰਾੜ, ਪ੍ਰਿੰਸੀਪਲ ਗੁਰਦੀਪ ਕੌਰ ਬਰਾੜ, ਗੁਰਦੀਪ ਸਿੰਘ ਦੀਪ ਸਿੰਘ ਵਾਲਾ ਅਤੇ ਬਲਕਾਰ ਸਿੰਘ ਸਹੋਤਾ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ।

