ਪਿੰਡ ਵਾਸੀਆਂ ਨੇ ਅਧਿਕਾਰੀਆਂ ਅਤੇ ਠੇਕੇਦਾਰ ਉਪਰ ਲਾਏ ਲਾਪ੍ਰਵਾਹੀ ਦੇ ਦੋਸ਼
ਕੋਟਕਪੂਰਾ, 16 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਵਿੱਚੋਂ ਲੰਘਦੀ ਰਾਜਸਥਾਨ ਨਹਿਰ ਪੱਕੀ ਕੀਤੇ ਜਾਣ ਮਗਰੋਂ ਇਸ ਵਿੱਚ ਪਾਣੀ ਛੱਡਦਿਆਂ ਹੀ ਇਹ ਨਹਿਰ ਪਿੰਡ ਫਿੱਡੇ ਖੁਰਦ ਨੇੜੇ ਢਹਿ ਕੇ ਨਹਿਰ ਦੇ ਪਾਣੀ ਵਿੱਚ ਹੀ ਵਹਿ ਗਈ। ਇਸ ਕਾਰਨ ਨਹਿਰ ਵਿੱਚ 100 ਫੁੱਟ ਦੇ ਕਰੀਬ ਲੰਬਾ ਪਾੜ ਪੈ ਗਿਆ, ਜਿਸ ਕਰਕੇ ਨੇੜਲੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਫਿੱਡੇ ਖੁਰਦ ਦੇ ਇਕਬਾਲ ਸਿੰਘ ਨੇ ਦੱਸਿਆ ਕਿ ਕਰੀਬ 45 ਦਿਨਾਂ ਤੋਂ ਰਾਜਸਥਾਨ ਨਹਿਰ ਨੂੰ ਪੱਕਾ ਕੀਤਾ ਜਾ ਰਿਹਾ ਸੀ, ਇਹ ਕੰਮ ਪੂਰਾ ਹੁੰਦਿਆਂ ਹੀ ਦੇਰ ਰਾਤ ਨਹਿਰ ਵਿੱਚ ਪਾਣੀ ਛੱਡਿਆ ਗਿਆ। ਉਨ੍ਹਾਂ ਦੱਸਿਆ ਕਿ ਪਾਣੀ ਛੱਡਣ ਦੇ ਕੁਝ ਘੰਟੇ ਬਾਅਦ ਹੀ ਉਨ੍ਹਾਂ ਦੇ ਪਿੰਡ ਨਜ਼ਦੀਕ ਨਹਿਰ ਦੀ ਨਵੀਂ ਰੀਲਾਈਨਿੰਗ ਵਿੱਚ ਕਰੀਬ 100 ਫੁੱਟ ਦਾ ਪਾੜ ਪੈ ਗਿਆ। ਪਿੰਡ ਨਹਿਰ ਤੋਂ 20 ਫੁੱਟ ਤੋਂ ਵੱਧ ਨੀਵਾਂ ਹੋਣ ਕਾਰਨ ਨਹਿਰ ਦੀ ਪਟੜੀ ਵੀ ਖੁਰਨੀ ਸ਼ੁਰੂ ਹੋ ਗਈ, ਜਿਸ ਕਾਰਨ ਪਿੰਡਾਂ ਵਿੱਚ ਦਹਿਸ਼ਤ ਪੈਦਾ ਹੋ ਗਈ ਅਤੇ ਸਾਰੇ ਇਸ ਪਾੜ ਨੂੰ ਪੂਰਨ ਲਈ ਇਕੱਠੇ ਹੋ ਗਏ। ਇਸ ਜਗਾ ’ਤੇ ਨਹਿਰ ਅੰਦਰ ਇਸ ਨੂੰ ਬਣਾਉਂਦੇ ਸਮੇਂ 10 ਫੁੱਟ ਉਚਾ ਬੰਨ੍ਹ ਲਾਇਆ ਹੋਇਆ ਸੀ, ਜੋ ਪਾਣੀ ਛੱਡਣ ਤੋਂ ਪਹਿਲਾਂ ਖਤਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਤੇ ਠੇਕੇਦਾਰ ਦੀ ਕਥਿਤ ਲਾਪ੍ਰਵਾਹੀ ਕਾਰਨ ਪਾਣੀ ਇਸ ਬੰਨ੍ਹ ’ਤੇ ਇਕੱਠਾ ਹੋ ਗਿਆ ਅਤੇ ਉਸ ਨੇ ਪੱਕੇ ਨਿਕਾਰੇ ਨੂੰ ਤੋੜ ਦਿੱਤਾ। ਇਸ ਦਾ ਪਤਾ ਲੱਗਦੇ ਹੀ ਨਹਿਰ ਵਿਭਾਗ ਦੇ ਅਧਿਕਾਰੀ, ਜ਼ਿਲ੍ਹਾ ਅਤੇ ਪੁਲੀਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ। ਤਹਿਸੀਲਦਾਰ ਕੋਟਕਪੂਰਾ ਗੁਰਚਰਨ ਸਿੰਘ ਬਰਾੜ ਨੇ ਕਿਹਾ ਕਿ ਇਸ ਸਬੰਧੀ ਕਿਸ ਦੀ ਲਾਪ੍ਰਵਾਹੀ ਹੈ, ਇਹ ਤਾਂ ਨਹਿਰ ਵਿਭਾਗ ਦੱਸ ਸਕਦਾ ਹੈ ਪਰ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਰਾਜਸਥਾਨ ਨਹਿਰ ਵਿਭਾਗ ਦੇ ਐਕਸੀਅਨ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਜਿਸ ਜਗਾ ’ਤੇ ਪਾੜ ਪਿਆ ਹੈ, ਉਸ ਜਗਾ ’ਤੇ ਨਵੀਂ ਅਤੇ ਪੁਰਾਣੀ ਰੀਲਾਈਨਿੰਗ ਦਾ ਜੋੜ ਸੀ। ਇੱਕ ਹਿੱਸੇ ਦਾ ਕੰਮ 3 ਸਾਲ ਪਹਿਲਾਂ ਹੋਇਆ ਸੀ ਅਤੇ ਦੂਜੇ ਹਿੱਸੇ ਦਾ ਕੰਮ ਹੁਣ ਪੂਰਾ ਕਰਕੇ ਇਸ ਨਾਲ ਜੋੜ ਲਾਇਆ ਸੀ ਪਰ ਉਸ ਵਿੱਚੋਂ ਦੀ ਪਾਣੀ ਲੀਕ ਹੋਣ ਕਾਰਨ ਪਾਣੀ ਨੇ ਰੀਲਾਈਨਿੰਗ ਤੋੜ ਦਿੱਤੀ। ਮਿੱਟੀ ਦੀਆਂ ਬੋਰੀਆਂ ਲਗਾ ਕੇ ਇਸ ਪਾੜ ਨੂੰ ਪੂਰਿਆ ਜਾ ਰਿਹਾ ਹੈ ਤੇ ਦੇਰ ਰਾਤ ਤੱਕ ਇਸ ਨੂੰ ਪੂਰ ਲਿਆ ਜਾਵੇਗਾ।

