ਮੈਂ ਇਹ ਲੋਕ ਸਾਜ਼ ਪਹਿਲੀ ਵਾਰ 1988 ਵਿੱਚ ਸੁਣਿਆ ਸੀ ਜਦ ਇੱਕ ਝੁੱਗੀ ਵਿੱਚ ਰਹਿੰਦਾ ਲੋਕ ਫ਼ਨਕਾਰ ਰਾਮ ਸਰੂਪ ਰਾਜਿਸਥਾਨੀ ਸਾਨੂੰ ਪ੍ਰੋ. ਮੋਹਨ ਸਿੰਘ ਮੇਲੇ ਤੇ ਮਿਲਿਆ। ਉਹ ਅਜਿਹੇ ਵਜਦ ਵਿੱਚ ਗਾਉਂਦਾ ਤੇ ਇਹ ਲੋਕ ਸਾਜ਼ “ਰਾਵਣ ਹੱਥਾ”ਵਜਾਉਂਦਾ ਕਿ ਕਾਇਨਾਤ ਸ਼ਾਹ ਰੋਕ ਕੇ ਸੁਣਦੀ।
ਉਸ ਨੂੰ ਕੁਲਦੀਪ ਮਾਣਕ ਕਿਤੋਂ ਲੱਭ ਕੇ ਲਿਆਇਆ ਸੀ। ਆਪਣੇ ਸਾਜਿੰਦਿਆਂ ਵਿੱਚ ਸ਼ਾਮਿਲ ਕਰ ਲਿਆ।
ਦੂਰ ਦਰਸ਼ਨ ਕੇਦਰ ਜਲੰਧਰ ਦੇ ਸੁਘੜ ਪੇਸ਼ਕਾਰ ਹਰਜੀਤ ਸਿੰਘ ਨੇ ਕੁਲਦੀਪ ਮਾਣਕ ਦੀਆਂ ਗਾਈਆਂ ਬੋਲੀਆਂ ਵਿੱਚ ਰਾਮ ਸਰੂਪ ਰਾਜਿਸਥਾਨੀ ਨੂੰ ਵੀ ਫਰੇਮ ਵਿੱਚ ਲੈ ਲਿਆ। ਉਹ ਵਜਦ ਵਿੱਚ ਆ ਕੇ ਸਾਜ਼ “ਰਾਵਣ ਹੱਥਾ”ਵਜਾ ਰਿਹਾ ਸੀ। ਬੋਲੀਆ ਟੈਲੀਕਾਸਟ ਹੋਣ ਉਪਰੰਤ ਉਸ ਸ਼ਾਮ ਤੋਂ ਬਾਦ
ਰਾਮ ਸਰੂਪ ਰਾਜਿਸਥਾਨੀ ਵੀ ਪਛਾਨਣ ਯੋਗ ਚਿਹਰਾ ਬਣ ਗਿਆ।
ਉ ਦੀ ਆਪਣੀ ਆਵਾਜ਼ ਵੀ ਚੰਗੀ ਸੀ। ਸ. ਜਗਦੇਵ ਸਿੰਘ ਜੱਸੋਵਾਲ ਨੇ ਆਪ ਖ਼ਰਚਾ ਕਰਕੇ ਇੰਦਰ ਲੋਕ ਸਟੁਡੀਉ ਵਿੱਚ ਉਸ ਦੀ ਇਕਲੌਤੀ ਕੈਸਿਟ “ ਪੱਟੇਂਗੀ ਜਹਾਨੋ ਜਾਣੀਏਂ” ਰੀਕਾਰਡ ਕਰਵਾਈ। ਉਸ ਬਾਰੇ ਮੈਂ ਵੀ ਪੰਜਾਬੀ ਟ੍ਰਿਬਿਊਨ ਵਿੱਚ ਲੇਖ ਲਿਖਿਆ।
ਰਾਮ ਸਰੂਪ ਨੂੰ ਗੁਰਬਤ ਨੇ ਮਰੋੜ ਕੇ ਰੱਖ ਦਿੱਤਾ। ਉਹ ਸਮਰਾਲੇ ਝੁੱਗੀ ਪਾ ਕੇ ਰਹਿਣ ਲੱਗ ਪਿਆ। ਕੋਈ ਸ਼ਰਾਰਤੀ ਉਸ ਦੇ ਬਾਲ ਪੁੱਤਰ ਨੂੰ ਵਰਗਲ਼ਾ ਕੇ ਲੈ ਗਿਆ ਜੋ ਕਦੇ ਨਾ ਪਰਤਿਆ।
ਉਸ ਦੇ ਵਿਯੋਗ ਵਿੱਚ ਰਾਮ ਸਰੂਪ ਥਾਂ ਥਾਂ ਭਟਕਿਆ ਪਰ ਕਿਤੇਂ ਦੱਸ ਨਾ ਪਈ।
ਉਸ ਨੂੰ ਜੱਸੋਵਾਲ ਸਾਹਿਬ ਪਾਲਮ ਵਿਹਾਰ ਸਥਿਤ ਵਿਰਾਸਤ ਭਵਨ ਵਿੱਚ ਲੈ ਆਏ। ਉਹ ਉੱਥੋਂ ਕਿੱਧਰ ਚਲਾ ਗਿਆ, ਅੱਜ ਤੀਕ ਉੱਘ ਸੁੱਘ ਨਹੀਂ ਮਿਲੀ।
“ਰਾਵਣ ਹੱਥਾ”ਸਾਜ਼ ਨੂੰ ਉਹ “ਰੌਣਥਾ” ਕਹਿੰਦਾ ਹੁੰਦਾ ਸੀ।
ਅੱਜ ਇਸ ਸਾਜ਼ ਦੇ ਵਜੰਤਰੀ ਦੀ ਤਸਵੀਰ ਵੇਖੀ ਤਾਂ ਰਾਮ ਸਰੂਪ ਯਾਦ ਆਇਆ।
ਗੁਰਭਜਨ ਗਿੱਲ
