ਐਸ.ਐੱਚ.ਓ. ਸਿਕੰਦਰ ਸਿੰਘ ਬਰਾੜ ਅਤੇ ‘ਆਪ’ ਆਗੂਆਂ ਨੇ ਲਾਏ ਮੋਢਿਆਂ ‘ਤੇ ਸਟਾਰ
ਕੋਟਕਪੂਰਾ, 2 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੇੜਲੇ ਪਿੰਡ ਹਰੀ ਨੌ ਦੇ ਵਸਨੀਕ ਅਤੇ ਵਾਲੀਬਾਲ ਦੇ ਉੱਘੇ ਰਾਸ਼ਟਰੀ ਪੱਧਰ ਦੇ ਖਿਡਾਰੀ ਜਗਮੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਸਹਾਇਕ ਸਬ-ਇੰਸਪੈਕਟਰ ਪਦਉੱਨਤ ਹੋਣ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣਾ ਸਦਰ ਕੋਟਕਪੂਰਾ ਦੇ ਐਸ.ਐਚ.ਓ. ਇੰਸਪੈਕਟਰ ਸਿਕੰਦਰ ਸਿੰਘ ਬਰਾੜ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਪੱਪੂ ਨੰਬਰਦਾਰ ਨੇ ਜਗਮੀਤ ਸਿੰਘ ਦੇ ਮੋਢਿਆਂ ‘ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਇਸ ਤਰੱਕੀ ਦੀਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਜਗਮੀਤ ਸਿੰਘ ਦਾ ਬਚਪਨ ਤੋਂ ਹੀ ਖੇਡਾਂ, ਵਿਸ਼ੇਸ਼ ਤੌਰ ‘ਤੇ ਵਾਲੀਬਾਲ ਵੱਲ ਵੱਡਾ ਲਗਾਅ ਸੀ, ਉਨ੍ਹਾਂ ਨੇ 10ਵੀਂ ਤੱਕ ਦੀ ਪੜ੍ਹਾਈ ਆਪਣੇ ਪਿੰਡ ਹਰੀ ਨੌ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ +2 ਦੀ ਪੜ੍ਹਾਈ ਪ੍ਰਸਿੱਧ ਸਪੋਰਟਸ ਕਾਲਜ, ਜਲੰਧਰ ਤੋਂ ਪੂਰੀ ਕੀਤੀ। ਸਕੂਲ ਸਮੇਂ ਦੌਰਾਨ ਹੀ ਉਹ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੇ ਸਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਵੱਲੋਂ ਖੇਡਦਿਆਂ ਉਨ੍ਹਾਂ ਨੇ ਆਲ ਇੰਡੀਆ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਸੋਨੇ ਦਾ ਤਗਮਾ ਹਾਸਿਲ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਪੱਪੂ ਨੰਬਰਦਾਰ ਨੇ ਅੱਗੇ ਦੱਸਿਆ ਕਿ ਖੇਡਾਂ ਵਿੱਚ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਬਦੌਲਤ ਸਾਲ 2011 ਵਿੱਚ ਸਪੋਰਟਸ ਕੋਟੇ ਅਧੀਨ ਉਹ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ (ਕਾਂਸਟੇਬਲ) ਭਰਤੀ ਹੋਏ। ਇਸ ਦੌਰਾਨ ਵੀ ਉਨ੍ਹਾਂ ਆਲ ਇੰਡੀਆ ਪੁਲਿਸ ਗੇਮਜ਼ ਵਿੱਚ ਪੰਜਾਬ ਪੁਲਿਸ ਦੀ ਵਾਲੀਬਾਲ ਟੀਮ ਦੀ ਨੁਮਾਇੰਦਗੀ ਕੀਤੀ।
ਉਹਨਾਂ ਦੱਸਿਆ ਕਿ ਆਪਣੀ ਮਿਹਨਤ ਦੇ ਦਮ ‘ਤੇ ਉਹ ਸਾਲ 2018 ਵਿੱਚ ਹੌਲਦਾਰ ਬਣੇ, ਪਿਛਲੇ 5 ਸਾਲਾਂ ਤੋਂ ਉਹ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਸਨ। ਸਾਲ 2026 ਵਿੱਚ ਪੰਜਾਬ ਪੁਲਿਸ ਦਾ ਇੰਟਰਮੀਡੀਏਟ ਸਕੂਲ ਕੋਰਸ ਸਫ਼ਲਤਾਪੂਰਵਕ ਪਾਸ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਬਤੌਰ ਏ ਐਸ ਆਈ ਪਦਉੱਨਤ ਕੀਤਾ ਗਿਆ ਹੈ। ਏ ਐਸ ਆਈ ਜਗਮੀਤ ਸਿੰਘ ਦੀ ਇਸ ਪ੍ਰਾਪਤੀ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਸੁਖਜਿੰਦਰ ਸਿੰਘ ਤੱਖੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਐਰਨ ਜੋਸ਼ੀ ਨਿਪੀ ਐੱਮ.ਸੀ., ਰਾਜਿੰਦਰ ਕੁਮਾਰ ਰਾਜਾ ਠੇਕੇਦਾਰ, ਗੁਰਸੇਵਕ ਸਿੰਘ ਸੰਧੂ, ਡਿਮਪਲ ਸਿੰਘ ਘੁਲਿਆਣੀ, ਇੰਦਰ ਸਿੰਘ ਵੜਿੰਗ, ਸੁਖਵਿੰਦਰ ਸਿੰਘ ਗੱਗੂ, ਪਿੰਡ ਹਰੀ ਨੌ ਦੇ ਸਰਪੰਚ ਗੁਰਜੀਤ ਸਿੰਘ ਅਤੇ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਤੌਰ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਅੱਗੇ ਵੀ ਇਮਾਨਦਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ।

