ਪਿੰਡ ਦੀਪ ਸਿੰਘ ਵਾਲਾ ਦੀ ‘ਡਿੰਪੀ ਗਰੁੱਪ’ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਕੀਤਾ ਹਾਸਲ
ਅਰਸ਼ ਸੱਚਰ ਨੇ ਜੇਤੂ ਟੀਮ ਨੂੰ 5,100 ਦੀ ਨਗਦ ਰਾਸ਼ੀ ਨਾਲ ਕੀਤਾ ਸਨਮਾਨਿਤ
ਕੋਟਕਪੂਰਾ, 12 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ “ਰੰਗਲਾ ਪੰਜਾਬ-ਮਿਸ਼ਨ 2027” ਤਹਿਤ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਹਰ ਪਿੰਡ ਵਿੱਚ ਰੱਸਾਕਸੀ ਮੁਕਾਬਲਿਆਂ ਦੀ ਲੜੀ ਦੀ ਅੱਜ ਸ਼ਾਨਦਾਰ ਸ਼ੁਰੂਆਤ ਹੋਈ। ਇਸ ਮੌਕੇ ਸਮਾਜਸੇਵੀ ਅਰਸ਼ ਸੱਚਰ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਹਲਕੇ ਦੇ ਹਰ ਪਿੰਡ ਵਿੱਚ ਹਰ ਸ਼ਨੀਵਾਰ ਅਤੇ ਐਤਵਾਰ ਅਜਿਹੇ ਖੇਡ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਸਿਹਤਮੰਦ, ਅਨੁਸ਼ਾਸਿਤ ਅਤੇ ਨਸ਼ਾ-ਮੁਕਤ ਜੀਵਨ ਵੱਲ ਪ੍ਰੇਰਿਤ ਕੀਤਾ ਜਾਵੇ। ਅੱਜ ਦੇ ਪਹਿਲੇ ਮੁਕਾਬਲੇ ਵਿੱਚ ਕੁੱਲ 7 ਟੀਮਾਂ ਨੇ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚ ਦੀਪ ਸਿੰਘ ਵਾਲਾ ਤੋਂ 3 ਟੀਮਾਂ, ਕੋਟਕਪੂਰਾ ਤੋਂ 2 ਟੀਮਾਂ, ਫਰੀਦਕੋਟ ਤੋਂ 1 ਟੀਮ ਅਤੇ ਢੀਮਾਂਵਾਲੀ ਤੋਂ 1 ਟੀਮ ਨੇ ਭਾਗ ਲਿਆ। ਸਖ਼ਤ ਅਤੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਦੀਪ ਸਿੰਘ ਵਾਲਾ ਦੀ “ਡਿੰਪੀ ਗਰੁੱਪ” ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ ₹5,100 ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅਰਸ਼ ਸੱਚਰ ਨੇ ਜੇਤੂ ਟੀਮ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਰਸ਼ ਸੱਚਰ ਨੇ ਵਿਸ਼ੇਸ਼ ਤੌਰ ‘ਤੇ ਪਿੰਡ ਦੀਪ ਸਿੰਘ ਵਾਲਾ ਦੇ ਸਮੂਹ ਪਿੰਡ ਵਾਸੀਆਂ, ਪੰਚਾਇਤ, ਨੌਜਵਾਨਾਂ ਅਤੇ ਸਮੂਹ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲ, ਸਾਦਿਕ ਰੋਡ, ਦੀਪ ਸਿੰਘ ਵਾਲਾ ਵਿਖੇ ਇਸ ਮੁਕਾਬਲੇ ਦਾ ਸਫ਼ਲ ਆਯੋਜਨ ਸੰਭਵ ਹੋ ਸਕਿਆ। ਉਨ੍ਹਾਂ ਮਿਸ਼ਨ 2027 ਲਈ ਦਿੱਤੇ ਜਾ ਰਹੇ ਪਿਆਰ, ਵਿਸ਼ਵਾਸ, ਅਸੀਸਾਂ ਅਤੇ ਭਰਪੂਰ ਸਹਿਯੋਗ ਲਈ ਵੀ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ “ਖੇਡਾਂ ਨਾਲ ਜੁੜੇਗਾ ਨੌਜਵਾਨ, ਤੰਦਰੁਸਤ ਬਣੇਗਾ ਪੰਜਾਬ” ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਇੱਕ ਲੋਕ ਅੰਦੋਲਨ ਹੈ। ਮਿਸ਼ਨ 2027 ਤਹਿਤ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਹਲਕਾ ਫਰੀਦਕੋਟ ਦੇ ਹਰ ਪਿੰਡ ਵਿੱਚ ਰੱਸਾਕਸੀ ਸਮੇਤ ਹੋਰ ਖੇਡ ਮੁਕਾਬਲੇ ਕਰਵਾਏ ਜਾਣਗੇ, ਤਾਂ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਮਿਲੇ ਅਤੇ ਨਸ਼ਾ-ਮੁਕਤ, ਤੰਦਰੁਸਤ ਅਤੇ ਰੰਗਲਾ ਪੰਜਾਬ ਸਿਰਜਿਆ ਜਾ ਸਕੇ।

