ਲਾਸ਼ਾਂ ਅਤੇ ਵਾਰਦਾਤਾਂ ‘ਤੇ ਸਿਆਸਤ ਕਰ ਰਹੀ ਸਰਕਾਰ

ਪੰਜਾਬ ਦੀ ਨੌਜਵਾਨੀ ਕਿਹੜੇ ਰਾਹੇ ਪਈ ਜਾ ਰਹੀ ਹੈ, ਨਿੱਤ ਦਿਨ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਹਰ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨਸ਼ਾ ਕਿੱਥੋਂ ਆਉਂਦਾ ਹੈ, ਕੌਣ ਲਿਆਉਂਦਾ ਹੈ ਇਸ ਪਿੱਛੇ ਕੀ ਸਾਜ਼ਿਸ਼ ਹੈ ਇਹ ਗੱਲ ਕੋਈ ਲੁਕੀ-ਛਿਪੀ ਹੋਈ ਨਹੀਂ ਹੈ। ਭਾਰਤੀ ਹਕੂਮਤ ਵੱਲੋਂ ਮਿੱਥ ਕੇ ਪੰਜਾਬ ਦੀ ਨੌਜਵਾਨੀ ਦੀ ਨਸ਼ਿਆਂ ਰਾਹੀਂ ਨਸਲਕੁਸ਼ੀ ਕੀਤੀ ਜਾ ਰਹੀ ਹੈ।

ਜਿਹੜੇ ਸਿੱਖ ਅਤੇ ਪੰਜਾਬੀ ਨੌਜਵਾਨ ਸਰਕਾਰਾਂ ਦੀਆਂ ਧੱਕੇਸ਼ਾਹੀਆਂ ਅਤੇ ਬੇਇਨਸਾਫ਼ੀਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਸਨ, ਧਰਨੇ-ਮੋਰਚੇ ਤੇ ਹੋਰ ਪ੍ਰਦਰਸ਼ਨ ਕਰਕੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਜੂਝਦੇ ਸਨ ਤੇ ਜੇ ਸਰਕਾਰ ਹਿੰਸਾ ਕਰਦੀ ਸੀ ਤਾਂ ਉਸੇ ਅਨੁਸਾਰ ਮੋੜਵਾਂ ਜਵਾਬ ਵੀ ਦੇ ਦਿੰਦੇ ਸਨ। ਇਹਨਾਂ ਅਣਖੀਲੇ ਨੌਜਵਾਨਾਂ ਵਿੱਚ ਥਾਣਿਆਂ, ਕਚਹਿਰੀਆਂ, ਜੇਲ੍ਹਾਂ ਅਤੇ ਸਰਕਾਰਾਂ ਦਾ ਕੋਈ ਡਰ ਹੀ ਨਹੀਂ ਸੀ ਤੇ ਉਹ ਗੁਰੂਆਂ ਦੇ ਪੰਜਾਬ ਨੂੰ ਬਚਾਉਣ ਲਈ ਹਰੇਕ ਦੁਸ਼ਮਣ ਖ਼ਿਲਾਫ਼ ਡਟ ਜਾਂਦੇ ਸਨ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀ ਸੂਬਾ ਮੋਰਚਾ, ਧਰਮ ਯੁੱਧ ਮੋਰਚਾ, ਜੁਝਾਰੂ ਸਿੱਖ ਸੰਘਰਸ਼, ਕਿਸਾਨੀ ਮੋਰਚਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਲੱਗੇ ਮੋਰਚਿਆਂ ਵਿੱਚ ਹਮੇਸ਼ਾਂ ਸਿੱਖ ਨੌਜਵਾਨ ਮੋਹਰੀ ਰਹੇ ਹਨ। ਇਹ ਨੌਜਵਾਨ ਪੰਥ ਅਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਜਿਨ੍ਹਾਂ ਨੂੰ ਸਮੇਂ-ਸਮੇਂ ਦੀਆਂ ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸਰਕਾਰਾਂ ਦਾ ਮਕਸਦ ਸਿਰਫ਼ ਐਨਾ ਹੈ ਕਿ ਨੌਜਵਾਨੀ ਨੂੰ ਕੁਰਾਹੇ ਪਾਉਣਾ ਹੈ, ਜਵਾਨੀ ਅਤੇ ਭਵਿੱਖ ਨੂੰ ਬਰਬਾਦ ਕਰਨਾ ਹੈ, ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਪਾਉਣਾ ਹੈ, ਉਹ ਆਪਣੇ ਪੰਥ ਤੇ ਪੰਜਾਬ ਲਈ ਕੁਝ ਕਰਨ ਦੀ ਬਜਾਏ ਨਸ਼ੇ ਦੀ ਤੋੜ ਵਿੱਚ ਹੀ ਖੱਪਦੇ ਰਹਿਣ, ਨੌਜਵਾਨਾਂ ਦੀ ਸੋਚਣ ਸ਼ਕਤੀ ਅਤੇ ਸਰੀਰਕ ਸ਼ਕਤੀ ਨੂੰ ਸੁੰਗੇੜ ਦੇਣਾ ਹੈ, ਸਰਕਾਰਾਂ ਲਈ ਆਫ਼ਤ ਬਣੇ ਨੌਜਵਾਨ ਆਪਣੇ ਹੀ ਪਰਿਵਾਰਾਂ ਲਈ ਦੁੱਖਾਂ ਦੇ ਦਰਿਆ ਤੇ ਭਾਰੀ ਮੁਸੀਬਤ ਬਣ ਜਾਣ, ਪੜ੍ਹਾਈ-ਖੇਡਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਦੀ ਪੰਜਾਬ ਦੀ ਨੌਜਵਾਨੀ ਗਰਕ ਅਤੇ ਬਦਨਾਮ ਹੋ ਜਾਵੇ। ਸਰਕਾਰ ਦਾ ਇਹ ਪੰਜਾਬ ਮਾਰੂ ਏਜੰਡਾ ਦਿਨੋਂ-ਦਿਨ ਪੰਜਾਬ ਦੀ ਨੌਜਵਾਨੀ ਦਾ ਨੁਕਸਾਨ ਕਰ ਰਿਹਾ ਹੈ।

ਸਿੱਖ ਨੌਜਵਾਨਾਂ ਨੂੰ ਪੰਥਕ ਕੇਸਾਂ ਵਿੱਚ ਲੰਬਾ ਸਮਾਂ ਜੇਲ੍ਹਾਂ ਵਿੱਚ ਕੈਦ ਰੱਖਣਾ ਤੇ ਮੀਡੀਆ ਰਾਹੀਂ ਉਹਨਾਂ ਨੂੰ ਅੱਤਵਾਦੀ ਤੇ ਦਹਿਸ਼ਤਗਰਦ ਦਰਸਾਉਣਾ ਇਹ ਸਿਆਸੀ ਆਗੂਆਂ ਤੇ ਸਰਕਾਰਾਂ ਦੀ ਘਟੀਆ ਨੀਤੀ ਨੂੰ ਦਰਸਾਉਂਦਾ ਹੈ। ਇੱਥੇ ਹੀ ਬਸ ਨਹੀਂ, ਸਰਕਾਰਾਂ ਨੇ ਹੀ ਨੌਜਵਾਨਾਂ ਨੂੰ ਬੇਰੁਜ਼ਗਾਰੀ, ਗੈਂਗਸਟਰਪੁਣੇ, ਲੁੱਟਾਂ-ਖੋਹਾਂ ਤੇ ਮਾਰ-ਧਾੜ ਵੱਲ ਧੱਕਿਆ ਹੈ।

ਜਦੋਂ ਅਖ਼ਬਾਰਾਂ ਵਿੱਚ ਇਹ ਖ਼ਬਰਾਂ ਛਪਦੀਆਂ ਹਨ ਕਿ “ਦੋ ਨੌਜਵਾਨ ਦੁਕਾਨ ‘ਚੋਂ ਚੋਰੀ ਕਰਕੇ ਹੋਏ ਫਰਾਰ, ਬਜ਼ੁਰਗ ਮਾਤਾ ਦੀਆਂ ਕੰਨਾਂ ਦੀਆਂ ਵਾਲ਼ੀਆਂ ਖੋਹ ਕੇ ਭੱਜੇ ਨੌਜਵਾਨ, ਦਾਤਰ ਵਿਖਾ ਕੇ ਨੌਜਵਾਨਾਂ ਨੇ ਰਾਹਗੀਰ ਤੋਂ ਲੁੱਟੇ ਪੈਸੇ, ਸਕੂਲ ਦੀਆਂ ਵਿਦਿਆਰਥਣਾਂ ਨਾਲ ਨੌਜਵਾਨਾਂ ਦੇ ਗਰੁੱਪ ਨੇ ਕੀਤੀ ਛੇੜਛਾੜ, ਰਿਕਸ਼ੇ ‘ਤੇ ਬੈਠੀ ਔਰਤ ਦਾ ਨੌਜਵਾਨਾਂ ਨੇ ਖਿੱਚਿਆ ਪਰਸ, ਆਪਸੀ ਲੜਾਈ ਵਿੱਚ ਮਰੇ ਚਾਰ ਨੌਜਵਾਨ, ਵਿਅਕਤੀ ਨੂੰ ਘੇਰ ਕੇ ਉਸ ਦਾ ਮੋਟਰ ਸਾਇਕਲ ਲੈ ਗਏ ਤਿੰਨ ਨੌਜਵਾਨ, ਪਿਸਤੌਲ ਦੀ ਨੋਕ ‘ਤੇ ਚਾਰ ਨੌਜਵਾਨਾਂ ਨੇ ਲੁੱਟਿਆ ਵਪਾਰੀ, ਨਸ਼ੇ ਦੀ ਓਵਰਡੋਜ ਨਾਲ ਛੇ ਨੌਜਵਾਨਾਂ ਦੀ ਮੌਤ, ਤਿੰਨ ਗੈਂਗਸਟਰ ਨੌਜਵਾਨਾਂ ਨੂੰ ਪੁਲਿਸ ਨੇ ਮੁਕਾਬਲੇ ਵਿੱਚ ਮਾਰਿਆ, ਨੌਜਵਾਨ ਨੇ ਆਪਣੇ ਹੀ ਪਿਤਾ ਨੂੰ ਮਾਰੀ ਗੋਲ਼ੀ” ਤਾਂ ਪੜ੍ਹ ਕੇ ਹਰੇਕ ਪੰਜਾਬੀ ਦਾ ਸ਼ਰਮ ਨਾਲ ਸਿਰ ਝੁਕ ਜਾਂਦਾ ਤੇ ਉਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ! ਇਹ ਕਿਹੋ ਜਿਹੇ ਹਲਾਤ ਬਣਦੇ ਜਾ ਰਹੇ ਹਨ।

ਅਜਿਹੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ‘ਨੌਜਵਾਨ’ ਕਹਿਣਾ ਹੀ ਨੌਜਵਾਨੀ ਸ਼ਬਦ ਦੀ ਹੇਠੀ ਹੈ। ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲੀ ਸੂਬਾ ਸਰਕਾਰ ਵੀ ਇਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿੱਚ ਹਮੇਸ਼ਾਂ ਅਸਫ਼ਲ ਰਹੀ ਹੈ। ਐਨਾ ਹੀ ਨਹੀਂ ਸਗੋਂ ਇਸ ਗ਼ਲਤ ਰਾਹ ਤੁਰੇ ਲੋਕਾਂ ਨੂੰ ਹਮੇਸ਼ਾਂ ਸ਼ਹਿ ਅਤੇ ਬੜਾਵਾ ਦਿੱਤਾ ਜਾਂਦਾ ਰਿਹਾ ਹੈ, ਕਨੂੰਨ ਦੇ ਰਖਵਾਲੇ ਅਤੇ ਸਿਆਸੀ ਬਟੇਰੇ ਇਹਨਾਂ ਦੇ ਯਾਰ ਹਨ, ਜਦ ਕਦੇ ਵੀ ਪੁਲਿਸ ਅਤੇ ਸਰਕਾਰ ਨੇ ਇਹਨਾਂ ਉੱਤੇ ਕਾਰਵਾਈ ਕੀਤੀ ਤਾਂ ਉਹਨਾਂ ਨੂੰ ਸਹੀ ਰਾਹ ਪਾਉਣ ਅਤੇ ਵਾਪਸ ਲਿਆਉਣ ਦੀ ਬਜਾਏ ਕੋਈ ਸਾਰਥਿਕ ਕਦਮ ਨਹੀਂ ਚੁੱਕੇ ਬਲਕਿ ਹਫੜਾ-ਤਫੜੀ ਵਿੱਚ ਚਾਰ ਕੁ ਦਿਨ ਛਾਪੇ ਮਾਰ ਕੇ ਜਾਂ ਝੂਠੇ-ਸੱਚੇ ਮੁਕਾਬਲੇ ਬਣਾ ਕੇ ਕੇਵਲ ਸਿਆਸਤ ਕੀਤੀ ਹੈ ਤੇ ਆਪਣੀਆਂ ਮਸ਼ਹੂਰੀਆਂ ਲਈ ਬਜ਼ਾਰ ਗਰਮ ਕੀਤਾ ਹੈ।

ਇਸ ਹਕੀਕਤ ਬਾਰੇ ਹਰੇਕ ਪੰਜਾਬੀ ਜਾਣਦਾ ਹੈ ਕਿ ਦੋਸ਼ੀ ਇਹ ਨੌਜਵਾਨ ਨਹੀਂ, ਬਲਕਿ ਸਰਕਾਰਾਂ ਹਨ ਜਿਨ੍ਹਾਂ ਦੀਆਂ ਮਾੜੀਆਂ ਨੀਤੀਆਂ, ਘਟੀਆ ਵਿਹਾਰ, ਦੋ ਨੰਬਰ ਦਾ ਵਪਾਰ ਅਤੇ ਸਿਆਸੀ ਵਰਤਾਰੇ ਨੇ ਨੌਜਵਾਨਾਂ ਦੀ ਬਲੀ ਲਈ ਹੈ। ਜੇ ਪੰਜਾਬ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਏ ਤਾਂ ਸਰਕਾਰ ਤਹਿ ਤੱਕ ਪਹੁੰਚਣ ਦੀ ਬਜਾਏ ਜਾਂਚ ਹੋਣ ਤੋਂ ਪਹਿਲਾਂ ਹੀ ਸਿੱਖਾਂ ਅਤੇ ਪੰਜਾਬ ਨੂੰ ਦੋਸ਼ੀ ਬਣਾ ਕੇ ਵੱਡਾ ਬਿਰਤਾਂਤ ਸਿਰਜ ਦਿੰਦੀਆਂ ਹਨ। ਭਾਜਪਾ ਦੀ ਕੇਂਦਰ ਸਰਕਾਰ ਅਤੇ ਸੂਬੇ ਦੀ ਝਾੜੂ ਸਰਕਾਰ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਅਤੇ ਵਾਰਦਾਤਾਂ ਨੂੰ ਪੌੜੀ ਬਣਾ ਕੇ ਆਪਣੀ ਸਿਆਸਤ ਚਮਕਾ ਰਹੀਆਂ ਹਨ। ਜ਼ਾਹਰ ਹੈ ਕਿ ਕਿਸੇ ਸਰਕਾਰ ਜਾਂ ਆਗੂ ਨੇ ਨੌਜਵਾਨਾਂ ਨੂੰ ਸਹੀ ਪਾਸੇ ਨਹੀਂ ਲਿਆਉਣਾ, ਸਗੋਂ ਇਸ ਦਲਦਲ ਵਿੱਚ ਉਹਨਾਂ ਨੂੰ ਹੋਰ ਧਕੇਲਣਾ ਹੈ। ਇਸ ਲਈ ਨੌਜਵਾਨੀ ਦੀ ਰਾਖੀ ਲਈ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਖ਼ੁਦ ਹੀ ਕਮਰਕੱਸੇ ਕਰਕੇ ਨੌਜਵਾਨਾਂ ਵਿੱਚ ਜਾਗ੍ਰਿਤੀ ਲਿਆਉਣ ਅਤੇ ਦੇਸ ਪੰਜਾਬ ਨੂੰ ਹਰ ਹੀਲੇ ਬਚਾਉਣ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.