ਬੜੇ ਲੰਮੇ ਸਮੇਂ ਤੋਂ ਲੱਭ ਰਿਹਾ ਸਾਂ ਕਿ ਅਮਰਜੀਤ ਗੁਰਦਾਸਪੁਰੀ ਜੀ ਦੇ ਸਮਕਾਲੀ ਪੁਰਾਣੇ ਲੋਕ ਗਾਇਕਾਂ ਦਾ ਅਤਾ ਪਤਾ ਜਾਣਿਆਂ ਜਾਵੇ।
ਕਿੱਥੇ ਗਏ? ਭਾਨ ਸਿੰਘ ਮਾਹੀ, ਉਜਾਗਰ ਸਿੰਘ ਮਲੰਗ, ਚਰਨ ਸਿੰਘ ਛਬੀਲਾ, ਭੇਟਾ ਗਾਉਣ ਵਾਲਾ ਗਿਰਧਾਰੀ ਲਾਲ। ਕਦੇ ਰੇਡੀਉ ਤੇ ਇਨ੍ਹਾਂ ਗਾਇਕਾਂ ਦੀ ਪੂਰੀ ਚੜਾਈ ਸੀ। ਭਾਨ ਸਿੰਘ ਮਾਹੀ ਦੇ ਕਿੰਨੇ ਗੀਤ ਰੇਡੀਉ ਤੋ ਸੁਣੇ ਯਾਦ ਆ ਰਹੇ ਨੇ। ਸਾਲ 1965 ਤੋਂ ਲੈ ਕੇ ਹੁਣ ਤੀਕ।
ਪਤਾ ਲੱਗਾ ਕਿ ਉਹ ਨਿਊਯਾਰਕ ਰਹਿਣ ਲੱਗ ਪਏ ਸਨ ਪੰਜਾਹ ਕੁ ਸਾਲ ਪਹਿਲਾਂ।
ਅਚਨਚੇਤ ਅਕਾਸ਼ਵਾਣੀ ਸਲੰਧਰ ਤੋਂ ਉਨ੍ਹਾਂ ਦੀ ਇੰਟਰਵਿਊ ਸੁਣੀ ਦੱਸ ਕੁ ਸਾਲ ਪਹਿਲਾਂ। ਏਥੇ ਕੰਮ ਕਰਦੀ ਬੀਬਾ ਸੁਖਜੀਤ ਕੌਰ ਨੇ ਦੱਸਿਆ ਕਿ ਆਏ ਸਨ ਪਰ ਚਲੇ ਗਏ। ਪਰਸੋਂ ਫਲਾਈਟ ਹੈ। ਅੱਜ ਦਿੱਲੀ ਹੋਣਗੇ, ਇਸ ਨੰਬਰ ਤੇ ਗੱਲ ਕਰ ਲਵੋ।
ਮੈਂ ਨੰਬਰ ਨੱਪਿਆ ਤੇ ਉਹ ਬੋਲ ਪਏ। ਮੇਰੀ ਆਵਾਜ਼ ਬੰਦ। ਲੱਗਿਆ ਕਿ ਮੈਂ ਕਿਤੇ ਸੁਪਨਾ ਤਾਂ ਨਹੀਂ ਵੇਖ ਰਿਹਾ। ਹੌਸਲਾ ਇਕੱਠਾ ਕਰਕੇ ਮੈਂ ਫਤਹਿ ਬੁਲਾਈ। ਲੱਗਿਆ ਕਿ ਵੱਡੇ ਵਡੇਰੇ ਨਾਲ ਗੱਲ ਕਰ ਰਿਹਾਂ। ਗੱਲਾਂ ਵਿੱਚੋਂ ਮੁਹੱਬਤ ਡੁੱਲ ਡੁੱਲ ਪੈ ਰਹੀ ਸੀ।
ਯਾਦਾਂ ਦੇ ਕਾਫ਼ਲੇ ਗੀਤ ਬਣ ਵਹਿ ਤੁਰੇ।
ਉਨ੍ਹਾਂ ਦੇ ਗਾਏ ਗੀਤ ਲੋਕ ਗੀਤਾਂ ਵਰਗੇ ਯਾਦਾਂ ਦੇ ਪਰਦੇ ਤੇ ਚਮਕੇ। ਉਨ੍ਹਾਂ ਦੇ ਪ੍ਰਸਿੱਧ ਗੀਤ ਚੇਤੇ ਆਏ। ਓਮ ਪ੍ਰਕਾਸ਼ ਸਮਰ ਕਰਤਾਰਪੁਰੀ, ਦੀਪਕ ਜੈਤੋਈ ਤੇ ਚਰਨ ਸਿੰਘ ਸਫ਼ਰੀ ਤੋਂ ਇਲਾਵਾ ਕੁਝ ਲੋਕ ਗੀਤ ਵੀ।
ਸ਼ਹਿਰ ਨੂੰ ਨਾ ਜਾਈਂ ਗੋਰੀਏ,
ਪੈਰੀਂ ਪਾ ਕੇ ਸਲੀਪਰ ਕਾਲੇ।
ਜਿਣਸਾਂ ਦਾ ਮੁੱਲ ਦੱਸਣਾ,
ਭੁੱਲ ਜਾਣਗੇ ਸ਼ਹਿਰ ਦੇ ਲਾਲੇ।
ਰਾਤੀਂ ਜਾਗ ਹੰਝੂਆਂ ਦਾ ਕਿਸ ਲਾਇਆ,
ਦੁੱਧ ਨੂੰ ਮਧਾਣੀ ਪੁੱਛਦੀ।
ਕੀਹਦਾ ਢੋਲ ਰੁੱਠੜਾ ਨੀਂ ਘਰ ਆਇਆ,
ਦੁੱਧ ਨੂੰ ਮਧਾਣੀ ਪੁੱਛਦੀ।
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾ,
ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਂਝਣਾ।
ਕਿੱਥੋਂ ਤੇ ਆਈ ਕਾਲੀ ਬੱਦਲੀ ਸੁਦਾਗਰ ਮੀਆਂ,
ਕਿੱਥੋਂ ਤੇ ਆਇਆ ਸਾਵਣ ਮੀਂਹ
ਓ ਪੁੰਨੂੰ ਮੇਰਿਆ, ਕਿੱਥੋਂ ਤੇ ਆਇਆ ਸਾਵਣ ਮੀਂਹ।
ਤੇਰੇ ਕੰਨਾਂ ਨੂੰ ਸੋਹਣੇ ਬੁੰਦੇ ਨੀਂ ਹੱਥੀਂ ਲਾਈ ਅੱਜ ਮਹਿੰਦੀ
ਰੰਗ ਮਹਿੰਦੀ ਦਾ ਕੱਚਾ ਨੀਂ ਮਹਿੰਦੀ ਲੱਥ ਲੱਥ ਪੈਂਦੀ।
ਰੰਗ ਜੋਗੀਆ ਟੱਸਰ ਦਾ ਨਾਲਾ,
ਗੋਰੀ ਦੇ ਪਸੰਦ ਆ ਗਿਆ।
ਫੁੱਲ ਚਿੜੀਆਂ ਕੰਘੀ ਨਾਲ ਪਾਵੇ,
ਚਾਅ ਮੁਕਲਾਵੇ ਦਾ।
ਲਾਡੋ ਸੱਸ ਦੀ ਨਜ਼ਰ ਨਾ ਆਵੇ,
ਮੱਸਿਆ ਸਵੇਰ ਦੀ ਵਗੇ।
ਭਾਬੀਏ ਨੀਂ ਘੁੰਡ ਕੱਢ ਲੈ,
ਵੈਰੀ ਰੂਪ ਦਾ ਸੁਣੀਂਦਾ ਜੱਗ ਨੀਂ।
ਵੰਗ ਛਣਕੀ ਵੰਗਾਂ ਦੇ ਨਾਲ ਵੱਜ ਕੇ,ਗੋਰੀ ਨਿਕਲੀ ਹਵੇਲੀ ਵਿੱਚੋਂ ਸੱਜ ਕੇ,
ਮਿੱਤਰਾਂ ਦਾ ਮਨ ਮੋਹ ਲਿਆ।
ਨੀਂ ਗੁੱਤਾਂ ਨੂੰ ਵਲਾਵੇਂ ਮਾਰ ਲੈ,
ਤੰਗ ਹੋ ਜੇ ਨਾ ਜਹਾਨ ਕਿਤੇ ਸਾਰਾ।
ਤੇਰੀ ਸਿਖਰੋਂ ਪੀਂਘ ਟੁੱਟ ਜਾਵੇ,
ਨੀਂ ਨਿੰਮ ਨਾਲ ਝੂਟਦੀਏ।
ਹੌਲੀ ਪੀਂਘ ਝੂਟ ਮੁਟਿਆਰੇ,
ਨੀਂ ਲੱਕ ਨਾ ਮਰੋੜਾ ਖਾ ਜਾਵੇ।
ਟੁੱਟ ਜਾਣ ਰੱਬ ਕਰਕੇ
ਨੀਂ ਤੇਰੇ ਨਵੇਂ ਗਜਰੇ ਮੁਟਿਆਰੇ,
ਸਿਖਰ ਦੁਪਹਿਰੇ ਗੋਰੀਏ,
ਪਾਉਂਦੀ ਪਿੰਡ ’ਚ ਫਿਰੇਂ ਲਿਸ਼ਕਾਰੇ।
ਕੁਝ ਮਹੀਨਿਆਂ ਬਾਅਦ ਮੈਂ ਅਮਰੀਕਾ ਗਿਆ ਤਾਂ ਨਿਊਯਾਰਕ ਪਹੁੰਚ ਕੇ ਹਰਵਿੰਦਰ ਰਿਆੜ ਨਾਲ ਗੱਲ ਕੀਤੀ ਕਿ ਆਪਾਂ ਸ. ਭਾਨ ਸਿੰਘ ਮਾਹੀ ਜੀ ਨੂੰ ਮਿਲਣਾ ਹੈ ਪਰ ਉਹ ਵਕਤ ਨਾ ਕੱਢ ਸਕਿਆ। ਇੱਕ ਦਿਨ ਮੈਂ ਆਪਣੀ ਸਰਦਾਰਨੀ ਦੇ ਚਾਚਾ ਜੀ ਹਰਜੀਤ ਸਿੰਘ ਨੱਤ ਦੇ ਸਪੁੱਤਰ ਹਰਪ੍ਰੀਤ ਸਿੰਘ ਨੂੰ ਪੁੱਛਿਆ ਕਿ ਇਹ ਸਿਰਨਾਵਾਂ ਕਿੱਥੋਂ ਦਾ ਹੈ। ਉਸ ਦੱਸਿਆ ਕਿ ਆਪਣੇ ਘਰੋਂ ਮਨਹਟਨ ਨੂੰ ਆਉਂਦਿਆਂ ਰਾਹ ਵਿੱਚ ਪੈਂਦਾ ਹੈ। ਉਸ ਦਾ ਕਾਰੋਬਾਰ ਮਨਹਟਨ ਵਿੱਚ ਹੋਣ ਕਰਕੇ ਹਰ ਰੋਜ਼ ਆਉਣ ਕਰਕੇ ਮਿਲਣਾ ਆਸਾਨ ਸੀ।
ਫੋਨ ਕਰਕੇ ਮਿਲਣ ਗਏ ਤਾਂ ਅੱਗਿਉਂ ਇੱਕ ਬਾਬੂ ਜੀ ਨੇ ਬੂਹਾ ਖੋਲ੍ਹਿਆ। ਮੇਰਾ ਮਨ ਚਿਤਵਿਆ ਭਾਨ ਸਿੰਘ ਅਜੇ ਆਉਣ ਵਾਲਾ ਸੀ। ਮੈਂ ਬੋਲਿਆ, ਜੀ ਅਸੀਂ ਸ. ਭਾਨ ਸਿੰਘ ਮਾਹੀ ਨੂੰ ਮਿਲਣਾ ਹੈ। ਉਹ ਬੋਲੇ ਮੈਂ ਹੀ ਰਾਂ। ਦੀਵਾਰ ਤੇ ਲੱਗੀ ਤਸਵੀਰ ਨਾਲ ਚਿਹਰਾ ਮਿਲਾਇਆ। ਉਹੀ ਸੀ। ਮਨ ਹੀ ਮਨ ਵਿੱਚ ਆਇਆ, ਡਾਲਰ ਕਿੰਨਾ ਕੁਝ ਖਾ ਜਾਂਦਾ ਹੈ। ਛਮਲੇ ਵਾਲੀ ਪੱਗ, ਗੋਲ ਮੋਲ ਮੁੱਛਾਂ ਤੇ ਮੜਕ ਸਮੇਤ।
ਯਾਦ ਗਲੀਆਂ ਵਿੱਚ ਘੁੰਮਦਿਆਂ ਉਨ੍ਹਾਂ ਦੱਸਿਆ ਕਿ ਨਕੋਦਰ ਚੌਂਕ ਵਿੱਚ ਮੇਰਾ ਚੁਬਾਰੇ ਵਿੱਚ ਦਫ਼ਤਰ ਸੀ। ਲੰਘਦਾ ਵੜਦਾ ਹਰ ਸ਼ਾਇਰ, ਗਾਇਕ ਤੇ ਵਜੰਤਰੀ ਆ ਜਾਂਦਾ। ਸਾਰਾ ਦਿਨ ਰੋਣਕਾਂ ਹੀ ਰੌਣਕਾਂ। ਨੰਦ ਲਾਲ ਨੂਰਪੁਰੀ, ਗੁਰਦਿੱਤ ਸਿੰਘ ਕੁੰਦਨ, ਹਜ਼ਾਰਾ ਸਿੰਘ ਮੁਸ਼ਤਾਕ, ਚਰਨ ਸਿੰਘ ਸਫ਼ਰੀ ਤੇ ਵੱਸਣ ਸਿੰਘ ਮਸਤਾਨਾ ਵਰਗੇ।
ਦਿਨ ਭਲੇ ਸਨ। ਅੱਜ ਵਾਂਗ ਮਨ ਭ੍ਰਿਸ਼ਟ ਨਹੀਂ ਸਨ। ਸੱਚੇ ਸੁੱਚੇ ਰਿਸ਼ਤੇਦਾਰਾਂ ਨਿਰਮਲ ਜਲ ਜਹੇ। ਧਰਮ, ਜ਼ਾਤ ਗੋਤ ਊਚ ਨੀਚ ਬਾਹਰ ਭਾਵੇਂ ਹੋਵੇ, ਮੇਰੇ ਚੁਬਾਰੇ ਵਿੱਚ ਸਾਰੇ ਇੱਕੋ ਘੜੇ ਵਿੱਚੋਂ ਪਾਣੀ ਪੀਂਦੇ ਸਨ। ਹੱਕ ਨਾਲ ਆਉਂਦੇ ਸਨ ਸਾਰੇ। ਹੋਰ ਵੀ ਬਹੁਤ ਗੱਲਾਂ ਹੋਈਆਂ।
ਉਸ ਦਿਨ ਮਗਰੋਂ ਸ. ਭਾਨ ਸਿੰਘ ਮਾਹੀ ਜੀ ਨਾਲ ਮੇਰਾ ਟੈਲੀਫੋਨੀ ਰਿਸ਼ਤਾ ਲਗਾਤਾਰ ਨਿਭ ਰਿਹਾ ਹੈ। ਜਿਸ ਦਿਨ ਸ਼ੁਭ ਕਾਮਨਾ ਸੰਦੇਸ਼ ਨਾ ਆਵੇ ਤਾਂ ਲੱਗਦਾ ਏ ਦਿਨ ਨਹੀਂ ਚੜ੍ਹਿਆ। ਆਪਣੇ ਬਾਲ ਪਰਿਵਾਰ ਵਿੱਚ ਰਹਿੰਦਿਆਂ ਮੇਰੇ ਨਾਲ ਦੁੱਖ ਸੁੱਖ ਦੀ ਪੂਰੀ ਭਾਈਵਾਲੀ ਰੱਖਦੇ ਹਨ।
ਕੁਝ ਦਿਨ ਪਹਿਲਾਂ ਕੈਨੇਡਾ ਰਹਿੰਦਾ ਗਾਇਕ ਮਿੱਤਰ ਸੁਰਜੀਤ ਮਾਧੋਪੁਰੀ ਦੱਸ ਰਿਹਾ ਸੀ ਕਿ ਗੱਲ ਕਰ ਲੈਣਾ ਮਾਹੀ ਜੀ ਨਾਲ, ਕਹਿ ਰਹੇ ਸਨ ਕਿ ਕਈ ਦਿਨਾਂ ਤੋਂ ਗੱਲ ਨਹੀਂ ਹੋਈ।
ਮੈਂ ਵਿਕੀਪੀਡੀਆ ਫੋਲਿਆ ਤਾਂ ਵਿੱਚੋਂ ਸ. ਭਾਨ ਸਿੰਘ ਮਾਹੀ ਬੋਲ ਪਏ। ਉਨ੍ਹਾਂ ਬਾਰੇ ਕੁਝ ਜਾਣਕਾਰੀਆਂ ਅਧੂਰੀਆਂ ਸਨ, ਸੋਧ ਕੇ ਦੱਸ ਰਿਹਾ
ਭਾਨ ਸਿੰਘ ਮਾਹੀ ਵੀਹਵੀਂ ਸਦੀ ਦੇ ਛੇਵੇਂ ਤੇ ਸੱਤਵੇਂ ਦਹਾਕੇ ਦਾ ਸਰਗਰਮ ਪੰਜਾਬੀ ਗਾਇਕ ਹੈ ਜੋ ਪੰਜਾਬੀ ਗਾਇਕੀ ਦੇ ਪਿੜ ਵਿੱਚ ਆਪਣੇ ਗੀਤ ‘ਰਾਤੀਂ ਜਾਗ ਹੰਝੂਆਂ ਦਾ ਕਿਸ ਲਾਇਆ, ਦੁੱਧ ਨੂੰ ਮਧਾਣੀ ਪੁੱਛਦੀ’ ਨਾਲ ਸਥਾਪਿਤ ਹੋਇਆ।
ਭਾਨ ਸਿੰਘ ਮਾਹੀ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਲਾਣਾ ਵਿਖੇ ਪਿਤਾ ਸ੍ਰੀ ਕਰਤਾਰ ਸਿੰਘ ਤੇ ਮਾਤਾ ਸ੍ਰੀਮਤੀ ਬਸੰਤ ਕੌਰ ਦੇ ਘਰ 1 ਜਨਵਰੀ 1940 ਨੂੰ ਹੋਇਆ। ਛੋਟੇ ਹੁੰਦਿਆਂ ਹੀ ਉਸਨੂੰ ਗਾਇਕੀ ਨਾਲ ਲਗਾਅ ਸੀ ਤੇ ਕੁਦਰਤੀ ਉਸਦੀ ਆਵਾਜ਼ ਵੀ ਸੁਰੀਲੀ ਸੀ। ਉਹ ਛੋਟਾ ਹੁੰਦਾ ਗੁਰਦੁਆਰੇ ਕੀਰਤਨ ਸੁਣਦਾ ਰਹਿੰਦਾ। ਇੱਕ ਦਿਨ ਉਸਦੀ ਵੱਡੀ ਭਰਜਾਈ ਨੇ ਉਸ ਨੂੰ ਇੱਕ ਸ਼ਬਦ ਯਾਦ ਕਰਵਾ ਦਿੱਤਾ। ਜਦੋਂ ਭਾਨ ਨੇ ਗੁਰਦੁਆਰੇ ਇਹ ਸ਼ਬਦ ਗਾਇਆ ਤਾਂ ਸੰਗਤ ਨੂੰ ਬਹੁਤ ਪਸੰਦ ਆਇਆ। ਇਸੇ ਤਰਾਂ ਹੀ ਉਹ ਸਕੂਲ ਦੀਆਂ ਬਾਲ ਸਭਾਵਾਂ ਵਿੱਚ ਗਾਉਣ ਲੱਗ ਪਿਆ। ਛੋਟੀ ਉਮਰ ਵਿੱਚ ਹੀ ਉਸ ਨੇ ਗਵੰਤਰੀ ਪਾਲ ਸਿੰਘ ਜੰਡਿਆਲਾ ਕੋਲੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਭਾਨ ਸਿੰਘ ਆਪਣੇ ਉਸਤਾਦ ਨਾਲ ਘੁੰਗਰੂ ਵਜਾਉਂਦਾ ਅਤੇ ਗਾਉਂਦਾ। ਨਾਲ ਨਾਲ ਉਸ ਨੇ ਤੂੰਬੀ ਵਜਾਉਣੀ ਵੀ ਸਿੱਖ ਲਈ। ਉਸਤਾਦ ਨੇ ਭਾਨ ਸਿੰਘ ਨੂੰ ਲੋਕ ਗਾਥਾਵਾਂ ਹੀਰ ਰਾਂਝਾ, ਮਿਰਜ਼ਾ, ਸੱਸੀ, ਸੋਹਣੀ, ਦਹੂਦ ਬਾਦਸ਼ਾਹ, ਦੁੱਲਾ ਭੱਟੀ ਯਾਦ ਕਰਵਾ ਦਿੱਤੀਆਂ। ਇਹ ਸਾਰੀਆਂ ਗਾਥਾਵਾਂ ਉਸ ਨੇ ਪਾਲ ਸਿੰਘ ਜੰਡਿਆਲਾ ਨਾਲ ਰੇਡੀਓ ‘ਤੇ ਰਲ਼ ਕੇ ਗਾਈਆਂ ਤੇ ਭਾਨ ਸਿੰਘ ਮਾਹੀ ਬਣ ਗਿਆ।
ਸਾਲ 1955 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਭਾਨ ਸਿੰਘ ਨੇ ਉਸਤਾਦ ਦੀ ਛਤਰ ਛਾਇਆ ਹੇਠ ਪੰਜਾਬ ਤੋਂ ਬਾਹਰ ਦਿੱਲੀ, ਭੁਪਾਲ, ਕਾਸ਼ੀ, ਬਿਲਾਸਪੁਰ, ਭੁਵਨੇਸ਼ਵਰ, ਕਲਕੱਤੇ ਆਦਿ ਸ਼ਹਿਰਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। 1959-60 ਵਿੱਚ ਕਲਕੱਤੇ ਬੈਰਕਪੁਰ ਗੁਰੂਘਰ ਵਿੱਚ ਉਸ ਨੇ ਕੁਝ ਸਮਾਂ ਗ੍ਰੰਥੀ ਦੀ ਸੇਵਾ ਵੀ ਨਿਭਾਈ ਪਰ ਕੁਝ ਸਮੇਂ ਬਾਅਦ ਫਿਰ ਉਹ ਗਾਇਕੀ ਵੱਲ ਪਰਤ ਆਇਆ ਤੇ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। 1960-61 ਵਿੱਚ ਮਾਹੀ ਨੇ ਜਲੰਧਰ ਰੇਡੀਓ ਸਟੇਸ਼ਨ ਤੋਂ ਗਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਹੀ ਭਾਨ ਸਿੰਘ ਮਾਹੀ ਦਾ ਐਚ.ਐਮ.ਵੀ. ਕੰਪਨੀ ਵਿੱਚ ਓਮ ਪ੍ਰਕਾਸ਼ ਸਮਰ ਕਰਤਾਰਪੁਰੀ ਦਾ ਲਿਖਿਆ ਪਹਿਲਾ ਗੀਤ ਰਿਕਾਰਡ ਹੋਇਆ।
ਹੌਲੀ ਹੌਲੀ ਉਸਦਾ ਉਹ ਪੰਜਾਬ ਤੇ ਦਿੱਲੀ ਦੇ ਗਾਇਕ ਕਲਾਕਾਰਾਂ ਆਸਾ ਸਿੰਘ ਮਸਤਾਨਾ, ਨਿਰਮਲ ਸਿੰਘ ਨਿਰਮਲ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਮੋਹਣੀ ਨਰੂਲਾ ਨੂੰ ਮਿਲਣ ਲੱਗ ਪਿਆ ਤੇ ਬੰਬਈ ਵੱਸਦੇ ਪੰਜਾਬੀ ਫ਼ਿਲਮੀ ਕਲਾਕਾਰ ਦੇ ਸੱਦੇ ਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲੱਗ ਪਿਆ।
ਉਸਦੀ ਤੂੰਬੀ ਦੀ ਕਲਾਕਾਰੀ ਕਾਰਨ ਹੀ ਉਸਨੂੰ ਫ਼ਿਲਮ ‘ਚੰਬੇ ਦੀ ਕਲੀ’ ਦੇ ਗੀਤ ‘ਚੁਣ ਚੁਣ ਤਾਰਿਆਂ ਨੂੰ…’ ਜੋ ਮੁਹੰਮਦ ਰਫ਼ੀ ਅਤੇ ਊਸ਼ਾ ਮੰਗੇਸ਼ਕਰ ਨੇ ਗਾਇਆ ਸੀ, ਵਿੱਚ ਤੂੰਬੀ ਵਜਾਉਣ ਦਾ ਮੌਕਾ ਮਿਲਿਆ। ਭਾਨ ਸਿੰਘ ਮਾਹੀ ਨੇ ਜਿੱਥੇ ਪ੍ਰਸਿੱਧ ਸ਼ਾਇਰਾਂ ਦੀਪਕ ਜੈਤੋਈ, ਚਰਨ ਸਿੰਘ ਸਫ਼ਰੀ, ਰਾਮ ਸ਼ਰਨ ਜੋਸ਼ੀਲਾ ਦੇ ਬੋਲਾਂ ਨੂੰ ਆਵਾਜ਼ਾਂ ਦਿੱਤੀਆਂ ਹਨ। ਉਸਨੇ ਪੇਂਡੂ ਅਖਾੜਿਆਂ ਵਿੱਚ ਸਵਰਨ ਲਤਾ, ਰਾਜਿੰਦਰ ਰਾਜਨ, ਚੰਦਰ ਕਾਂਤਾ ਕਪੂਰ ਨਾਲ ਵੀ ਦੋਗਾਣੇ ਵੀ ਗਾਏ।
ਉਸ ਬਾਰੇ ਨਾਭਾ ਵੱਸਦੇ ਲੋਕ ਸੰਗੀਤ ਦੇ ਖੋਜੀ ਵੀਰ ਹਰਦਿਆਲ ਸਿੰਘ ਥੁਹੀ ਨੇ ਵੀ ਲਿਖਿਆ ਹੈ, ਪਰ ਹੋਰ ਲੇਖਕਾਂ ਨੇ ਬੜਾ ਘੱਟ।
ਬਹੁਤੇ ਸੱਜਣਾਂ ਨੂੰ ਤਾਂ ਪਤਾ ਹੀ ਨਹੀਂ ਕਿ ਉਹ ਕਿੱਥੇ ਹੈ?
ਪਰ ਤੁਹਾਨੂੰ ਦੱਸ ਦਿਆਂ ਕਿ
1977 ਵਿੱਚ ਉਹ ਅਮਰੀਕਾ ਚਲਾ ਗਿਆ ਸੀ ਤੇ ਅੱਜ ਕੱਲ੍ਹ ਵੀ ਉਹ ਨਿਊਯਾਰਕ (ਅਮਰੀਕਾ) ਵਿੱਚ ਰਹਿ ਰਿਹਾ ਹੈ।
ਉਸ ਨਾਲ ਸੰਪਰਕ ਕਰਨ ਲਈ +1 (718) 200-3152 ਫੋਨ ਨੰਬਰ ਵੀ ਨੋਟ ਕਰੋ।
ਅਰਦਾਸ ਹੈ ਕਿ ਪ੍ਰਮਾਤਮਾ ਲੰਮੀ ਸਿਹਤਯਾਬ ਆਰਜਾ ਦੇਵੇ।
▪️ਗੁਰਭਜਨ ਗਿੱਲ
