ਵਿਹਲੀ ਹੋ
ਮੂੰਹ ਪਰਨੇ ਧੜੱਮ ਦੇਣੀ
ਬਿਸਤਰ ਤੇ ਜਾ ਡਿੱਗੀ
ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ
ਸੋਚਦੇ ਸੋਚਦੇ ਬਹੁਤ ਪਿਛਾਂਹ
ਚਲੇ ਗਈ ਉਹ
ਉੁਫ਼ 50 ਸਾਲ ਬੀਤ ਗਏ
ਹਾਏ ਓਏ ਦੱਸ ਖਾਂ ਮੇਰਿਆ ਰੱਬਾ
ਕਿੰਨਾ ਸਫ਼ਰ ਰਹਿ ਗਿਆ ਬਾਕੀ
ਆਪਣੀ ਜ਼ਿੰਦਗੀ ਦਾ ਮਾਤਮ ਮਨਾਉਣ ਲਈ
ਪੱਲ ਪੱਲ ਦੀ ਮੌਤ ਮਰਦੀ ਰਹੀ
ਕੀ ਕੁਝ ਨਹੀਂ ਬਰਦਾਸ਼ਤ ਕੀਤਾ
ਤਾਹਨੇ - ਮਿਹਣੇ , ਗਾਲੀ - ਗਲੋਚ
ਮਾਰ - ਕੁਟਾਈ
ਬੱਸ ਹੁਣ ਹੋਰ ਸਹਿਣ ਨਹੀਂ ਹੁੰਦਾ
ਸਹਿਣ ਤੇ ਕੀਤਾ ਮੈਂ ,
ਕਿਸ ਦਿੱਤਾ ਸਾਥ ਮੇਰਾ
ਕੌਣ ਬਣਿਆ ਮੇਰਾ
ਮੇਰੇ ਤੇ ਸਿਰਫ਼ ਦਰਦ ਨੇ
ਦਿਲ ਤੇ ਪਏ ਜ਼ਖ਼ਮਾਂ ਦੇ ਨਿਸ਼ਾਨ ਨੇ
ਹਰ ਪੱਲ ਤਿੱਲ ਤਿੱਲ ਕਰ
ਮਰਦੀ ਰਹੀ ਸੱਭ ਸਹਿੰਦੀ ਰਹੀ
ਉਮਰ ਦੇ ਇਸ ਮੋੜ ਤੇ
ਅਜੇ ਵੀ ਉਸ ਬੰਦੇ ਦੀ
ਇਹ ਆਦਤ ਨਹੀਂ ਗਈ
ਡਰਾਵੇ ਧਮਕੀਆਂ ਗਾਲਾਂ
ਮਿਹਣੇ ਤਾਹਨੇ ਸੱਭ ਪਹਿਲੇ ਵਾਂਗ
ਹੁਣ ਤੇ ਜਿੰਦ ਮੁੱਕਣ ਤੇ ਆਈ
ਨੀ ਮਾਏ ਮਾਰੇ ਦਰਦ ਨਾ ਮੁੱਕੇ
ਡਿਗਦੀ ਢਹਿੰਦੀ ਡਿੱਕੋਡੋਲੇ ਖਾਂਦੀ
ਲੱਗੀ ਰਹਿੰਦੀ ਅਪਣੀ ਧੁੰਨ
ਵਿੱਚ ਮਸਤ , ਨੀਰ ਬਹਾਉਂਦੀ
ਸੋਚਦੀ ਰਹਿੰਦੀ ਮੇਰਾ ਬਨਵਾਸ
ਖ਼ਤਮ ਹੋਣ ਵਿਚ ਕਿਉਂ ਨਹੀਂ
ਆ ਰਿਹਾ ਕਦੀ
ਕਿਸਨੂੰ ਆਪਣਾ ਹਾਲ ਸੁਣਾਵੇ
ਮਾਂ ਹੋਵੇ ਤੇ ਗੱਲ ਨਾਲ ਲਾਵੇ
ਹਰ ਪੱਲ ਉਹ ਰੌਂਦੀ ਰਹਿੰਦੀ
ਰੂਹ ਉਸਦੀ ਵਿਲਕਦੀ ਰਹਿੰਦੀ
ਕੀ ਕਰੇ , ਕਿੱਥੇ ਜਾਏ
ਰੱਬ ਵੀ ਨਹੀਂ ਸੁਣਦਾ
ਕਿਸ ਕਦਰ ਮੁਸ਼ਕਿਲ ਹੈ
ਜ਼ਿੰਦਗੀ ਦਾ ਇਹ ਸਫ਼ਰ
ਮੁੱਕਣ ਵਿੱਚ ਨਹੀਂ ਆ ਰਿਹਾ
ਉਹ ਸੋਚਦੀ ਉਹ ਤੇ ਬੱਸ ਹੁਣ ਇੱਕ
ਵਿਲਕਦੀ ਰੂਹ ਹੈ
ਵਿਲਕਦੀ ਰੂਹ ।
( ਰਮਿੰਦਰ ਰੰਮੀ )
