ਡੀ.ਐਸ.ਪੀ ਕਰਨੈਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪਾਣੀ ਬਚਾਉਣ ਤੇ ਰੁੱਖ ਲਗਾਉਣ ਲਈ ਪ੍ਰੇਰਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਪ੍ਰੈਲ:(ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਧਰਤੀ ਦਿਵਸ ਦੇ ਮੌਕੇ ‘ਤੇ ਡੀ.ਐਸ.ਪੀ ਕਰਨੈਲ ਸਿੰਘ, ਉਪ ਕਪਤਾਨ ਪੁਲਿਸ ਟ੍ਰੈਫਿਕ ਵੱਲੋਂ ਸਰਕਾਰੀ ਹਾਈ ਸਕੂਲ ਕੁੰਭੜਾ ਵਿਖੇ ਪਹੁੰਚ ਕੇ, ਸਕੂਲ ਦੇ ਗਰਾਊਂਡ ਵਿੱਚ ਪੌਦੇ ਲਗਾਏ ਗਏ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਸਕੂਲ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਵਿਸ਼ਵ ਧਰਤੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਪਾਣੀ ਦੀ ਬਚਤ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਅਕਸਰ ਪਾਣੀ ਦੀ ਟੂਟੀ ਖੁੱਲੀ ਛੱਡਣ ਕਾਰਨ ਕੀਮਤੀ ਪਾਣੀ ਵਿਅਰਥ ਵਗ ਜਾਂਦਾ ਹੈ, ਜਿਸ ਤੋਂ ਬਚਣਾ ਚਾਹੀਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਅਸੀਂ ਅੱਜ ਪਾਣੀ ਦੀ ਬਚਤ ਕਰਾਂਗੇ ਤਾਂ ਭਵਿੱਖ ਵਿੱਚ ਪਾਣੀ ਦੀ ਘਾਟ ਤੋਂ ਬਚ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤੀ ਵਿੱਚ ਕੀਟਨਾਸ਼ਕ ਦਵਾਈਆਂ ਦੀ ਲੋੜ ਤੋਂ ਵਧੇਰੇ ਵਰਤੋਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਚਿਤਾਵਨੀ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਹਾਨੀਕਾਰਕ ਆਦਤਾਂ ਤੋਂ ਦੂਰ ਰਹਿੰਦੇ ਹੋਏ ਧਰਤੀ ਅਤੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਵਿੱਚ ਯੋਗਦਾਨ ਪਾਇਆ ਜਾਵੇ।
ਇਸ ਮੌਕੇ ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਜਾਗਰੂਕ ਕੀਤਾ।
ਸਮਾਗਮ ਦੌਰਾਨ ਮਹਿਲਾ ਮਿੱਤਰ ਇੰਚਾਰਜ ਇੰਸਪੈਕਟਰ ਬਲਜਿੰਦਰ ਕੌਰ ਸੈਣੀ ਅਤੇ ਟ੍ਰੈਫਿਕ ਅਵੇਅਰਨੈੱਸ ਆਰਗਨਾਈਜ਼ੇਸ਼ਨ ਵੱਲੋਂ ਆਏ ਸ੍ਰੀ ਸੁਰੇਸ਼ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ. ਗੁਰਸੇਵਕ ਸਿੰਘ, ਅਧਿਆਪਕ ਸ੍ਰੀ ਅਨੀਲ ਕੁਮਾਰ, ਐਡਵਾਈਜ਼ਰ ਸੁਖਜੀਤ ਕੌਰ, ਸ੍ਰੀ ਅਸ਼ੋਕ ਮਨਚੰਦਾ, ਟ੍ਰੈਫਿਕ ਇੰਚਾਰਜ ਜੋਨ-3 ਐਸ.ਆਈ. ਪਰਵਿੰਦਰ ਸਿੰਘ ਸਮੇਤ ਹੋਰ ਸਟਾਫ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ. ਗੁਰਸੇਵਕ ਸਿੰਘ ਅਤੇ ਸਟਾਫ ਵੱਲੋਂ ਡੀ.ਐਸ.ਪੀ ਕਰਨੈਲ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ ਵਿਚਾਰਾਂ ਦੀ ਸਰਾਹਨਾ ਕੀਤੀ ਗਈ।

