ਵਿਸ਼ਵ ਪੱਧਰ ਤੇ ਮਜ਼ਦੂਰ ਦਿਵਸ।

ਵਿਸ਼ਵ ਪੱਧਰ ਤੇ ਮਜ਼ਦੂਰ ਦਿਵਸ।

ਅੱਜ ਪਹਿਲੀ ਮਈ ਹੈ। ਵਿਸ਼ਵ ਪੱਧਰ ਤੇ ਮਜ਼ਦੂਰ ਦਿਵਸ। ਪਰ ਮਜ਼ਦੂਰ ਦਾ ਕੋਈ ਦਿਹਾੜਾ ਨਹੀਂ ਹੁੰਦਾ, ਦਿਹਾੜੀ ਹੁੰਦੀ ਹੈ। ਦਿਹਾੜੀ ਟੁੱਟ ਜਾਵੇ ਤਾਂ ਓਦਣ ਚੁੱਲ੍ਹਾ ਠੰਢਾ ਰਹਿੰਦਾ ਹੈ।
ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬ ਲੋਕ ਸੱਭਿਆਚਾਰ ਮੰਚ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਪੂਰੀ ਰਾਤ ਦਾ ਨਾਟਕ ਮੇਲਾ ਹੋਵੇਗਾ ਬਲਰਾਜ ਸਾਹਨੀ ਓਪਨ ਏਅਰ ਥੀਏਟਰ ਵਿੱਚ। ਵਿਸ਼ਾਲ ਪ੍ਰਦਰਸ਼ਨੀ ਹੋਵੇਗੀ ਕਿਤਾਬਾਂ ਦੀ। ਮੇਰੀਆਂ ਕਿਤਾਬਾਂ ਵੀ ਚੇਤਨਾ ਪ੍ਰਕਾਸ਼ਨ ਦੇ ਸਟਾਲ ਤੇ ਹੋਣਗੀਆਂ।
ਹੇਠਲੀ ਕਵਿਤਾ ਵੀ ਮੇਰੀ ਕਿਤਾਬ “ਚਰਖ਼ੜੀ” ਵਿੱਚੋਂ ਹੈ।

ਭੱਠੇ ’ਚ ਤਪਦੀ ਮਾਂ

ਇੱਟਾਂ ਨਹੀਂ,
ਭੱਠੇ ’ਚ,
ਮਾਂ ਤਪਦੀ ਹੈ ਦਿਨ ਰਾਤ ।
ਸਿਰ ’ਤੇ ਟੱਬਰ ਦਾ ਭਾਰ ਢੋਂਦੀ,
ਬਾਲ ਨਹੀਂ,
ਪਿੱਠ ’ਤੇ ਪੂਰੇ ਵਤਨ ਦਾ ਭਾਰ ।
ਵਰਤਮਾਨ ਤੇ ਭਵਿੱਖ
ਪੈਰੀਂ ਬੰਨ੍ਹ,
ਸਵੇਰੇ ਤੋਂ ਸ਼ਾਮ ਤੀਕ
ਲਗਾਤਾਰ ਤੁਰਦੀ ।

ਉਸ ਲਈ ਕੋਈ ਸੜਕ
ਕਿਤੇ ਨਹੀਂ ਜਾਂਦੀ ।
ਸਿਰਫ਼ ਝੁੱਗੀ ਤੋਂ ਪਥੇਰ ਤੀਕ ਆਉਂਦੀ ਹੈ ।
ਤੇ ਪਥੇਰ ਤੋਂ ਆਵੇ ਤੀਕ ।
ਵਿਚਕਾਰ ਕੋਈ ਮੀਲ ਪੱਥਰ ਨਹੀਂ,
ਸਿਰਫ਼ ਟੋਏ ਹਨ,
ਅੜਿੱਕੇ ਹਨ ਜਾਂ ਖਿੰਘਰ ਵੱਟੇ ।
ਕਿਰਕ ਹੈ ਮਣਾਂ ਮੂੰਹੀਂ,
ਬੇਓੜਕ,
ਉੱਡ ਕੇ ਗੁੰਨੇ ਹੋਏ ਆਟੇ ’ਚ ਲਗਾਤਾਰ ਪੈਂਦੀ ਹੈ ।

ਭੱਠੇ ਦੀਆਂ ਚਿਮਨੀਆਂ ’ਚੋਂ ਧੂੰਆਂ ਨਹੀਂ ਨਿਕਲਦਾ
ਦਰਦਮੰਦਾਂ ਦੀਆਂ ਆਹਾਂ ਹਨ ।
ਹੌਕੇ, ਸੁਪਨੇ,
ਉਮੰਗਾਂ ਤੇ ਤਰੰਗਾਂ ਹਨ ।
ਨਿੱਤ ਭੱਜਦੀਆਂ ਬਾਲਣ ਬਣ ਕੇ ।

ਬੜਾ ਔਖਾ ਹੈ,
ਜ਼ਿੰਦਗੀ ਦਾ ਵਰਕਾ ਵਰਕਾ
ਏਦਾਂ ਪਲਟਣਾ ।
ਕਿਤੇ ਨੇੜੇ ਤੇੜੇ ਨਹੀਂ ਹਨ
ਕਿਤਾਬਾਂ
ਪੁਸ਼ਤ ਦਰ ਪੁਸ਼ਤ
ਦਰਦਨਾਮਾ ਹੈ ।
ਇੱਕੋ ਜਹੇ ਭੁਲਾਵੇਂ ਅੱਖਰ,
ਪੜ੍ਹਨਾ ਪੜ੍ਹਾਉਣਾ
ਘਰ ਜੰਮੇ ਬਾਲਾਂ ਨੂੰ ।
ਕਿਸੇ ਸ਼ਬਦਕੋਸ਼ ਨੇ ਕਦੇ ਨਹੀਂ ਦੱਸਣਾ ।
ਸਿਰ ਤੇ ਇੱਟਾਂ ਢੋਂਦੀ
ਔਰਤ ਵੀ ਮਾਂ ਹੈ ।

ਝਲੂੰਘੀ ’ਚ ਲਮਕਦਾ ਬਾਲ,
ਚੰਦਰਯਾਨ ਨਹੀਂ, ਧਰਤੀ ਹੈ ।
ਇਸ ਦੀਆਂ ਦਰਦਾਂ ਦਾ,
ਪਾਰਾਵਾਰ ਕਿਉਂ ਨਹੀਂ ।
ਸੁਪਨਸਾਜ਼ੋ ।
ਭਰਮ ਸੀ ਕਿ
ਤੁਸੀਂ ਮੁਕਤੀਦਾਤਾ ਹੋ ।
ਟੋਏ ’ਚੋਂ ਕੱਢੋਗੇ
ਕਦੇ ਤਾਂ ਖੁਭਿਆ ਪਹੀਆ ।
ਪਰ ਤੁਸੀਂ ਵੀ
ਜ਼ਿੰਦਾਬਾਦ ਮੁਰਦਾਬਾਦ,
ਦੀ ਜਿੱਲ੍ਹਣ ’ਚ ਫਸੇ ਹੋਏ ਹੋਏ ।
ਬਾਈ ਮੰਜੀਆਂ ਵਾਲੇ,
ਵੰਨ ਸੁਵੰਨੇ ਧੜੇਬਾਜ਼ੋ ।
ਇਕ ਬੱਸ ’ਚ ਕਦੇ ਨਹੀਂ ਬੈਠਦੇ ।
ਸਾਰੇ ਦਿੱਲੀ ਦੇ ਸਵਾਰੋ ।
ਆਪੋ ਆਪਣਾ
ਘੋੜਾ ਭਜਾਉਂਦੇ ਮਰ ਚੱਲੇ ।
ਕਿੱਲੇ ਨਾਲ ਬੱਧੇ ਸ਼ਾਹ ਅਸਵਾਰੋ ।
ਪਰ ਸਾਡੇ ਸਿਰ ਤੇ ਓਹੀ ਭਾਰ,
ਲਗਾਤਾਰ ਬੇਸ਼ੁਮਾਰ ।

ਗੁਰਭਜਨ ਗਿੱਲ

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.