ਪ੍ਰਸਿੱਧ ਸਾਹਿਤਕਾਰ ਡਾ. ਦੇਵਿੰਦਰ ਸੈਫ਼ੀ ਨੂੰ ਮਿਲੇਗਾ ‘ਕਵਿਤਾ ਰਤਨ ਪੁਰਸਕਾਰ’
ਕੋਟਕਪੂਰਾ, 12 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਵਿਰਾਸਤੀ ਅਕਾਦਮੀ (ਯੂ.ਐੱਸ.ਏ., ਕਨੇਡਾ, ਆਸਟਰੇਲੀਆ, ਭਾਰਤ, ਦੁਬਈ, ਜਰਮਨ, ਯੂ.ਕੇ.) ਦੇ ਚੇਅਰਮੈਨ ਡਾ. ਕਲਸੀ, ਅੰਤਰਰਾਸ਼ਟਰੀ ਸਭਿਆਚਾਰਕ ਮੰਚ ਦੇ ਕੌਮੀ ਪ੍ਰਧਾਨ ਬਲਵਿੰਦਰ ਕੌਰ ਪੰਡੋਰੀ ਅਤੇ ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਅਧੀਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਅਮੀਰਾ ਫ਼ਾਰਮ, ਏਅਰਪੋਰਟ ਰੋਡ, ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਦਾ ਤ੍ਰੈ-ਭਾਸ਼ਾਈ (ਪੰਜਾਬੀ, ਹਿੰਦੀ, ਉਰਦੂ) ਮੁਸ਼ਾਇਰਾ ਮਿਤੀ 14 ਅਪ੍ਰੈਲ, 2026 ਨੂੰ ਵਿਸਾਖੀ ਵਾਲੇ ਦਿਲ ਕਰਵਾ ਕੇ ‘ਮੇਲਾ ਕਵੀਆਂ ਦਾ’ ਲਵਾਇਆ ਜਾ ਰਿਹਾ ਹੈ। ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੂਥ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ. ਅਮਨਦੀਪ ਸਿੰਘ ਤੇ ਸ਼੍ਰੋਮਣੀ ਪੰਜਾਬੀ ਕਵੀ ਡਾ. ਰਵਿੰਦਰ ਮੁੱਖ ਮਹਿਮਾਨ ਵਜੋਂ ਹੋਣਗੇ, ਜਦਕਿ ਮੈਨੇਜਰ ਅਤਰ ਸਿੰਘ, ਡਾ. ਸਰਵਣ ਸਿੰਘ, ਕਹਾਣੀਕਾਰ ਦੇਵਿੰਦਰ ਦੀਦਾਰ, ਫ਼ਿਲਮੀ ਅਦਾਕਾਰ ਅਰਵਿੰਦਰ ਭੱਟੀ, ਸਾਬਕਾ ਐਕਸਾਈਜ਼ ਕਮਿਸ਼ਨਰ ਪੀ.ਸੀ. ਪਿਆਸਾ, ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸ਼ਾਇਰ ਹਰਪਾਲ ਸਿੰਘ ਸੰਧਾਵਾਲੀਆ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ਜ਼ਿਲ੍ਹਾ ਭਾਸ਼ਾ ਅਫ਼ਸਰ (ਸਾ.) ਗੁਰਦਾਸਪੁਰ ਤੇ ਅੰਮ੍ਰਿਤਸਰ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਇਸ ਰਾਸ਼ਟਰੀ ਮੁਸ਼ਾਇਰੇ ਦੀ ਪ੍ਰਧਾਨਗੀ ਅਤੇ ਸਰਪ੍ਰਸਤੀ ਕਰਨਗੇ। ਉੱਘੇ ਵਿਦਵਾਨ ਆਲੋਚਕ ਡਾ. ਗੁਰਵੰਤ ਸਿੰਘ ਇਸ ਮੁਸ਼ਾਇਰੇ ਦੇ ਕੋਆਰਡੀਨੇਟਰ ਅਤੇ ਸੰਚਾਲਕ ਹੋਣਗੇ। ਆਪਣੇ ਖੇਤਰਾਂ ਵਿੱਚ ਮਾਹਰ ਹਸਤੀਆਂ ਡਾ. ਆਂਚਲ ਅਰੜਾ, ਡਾ. ਦੇਵਿੰਦਰ ਸੈਫ਼ੀ ਅਤੇ ਡਾ. ਗੁਰਵੰਤ ਸਿੰਘ ਨੂੰ ਕ੍ਰਮਵਾਰ ਪੰਜਾਬ ਰਤਨ (ਵਿਰਾਸਤੀ) ‘ਪੰਜਾਬੀ ਕਵਿਤਾ ਰਤਨ’ ਤੇ ‘ਪੰਜਾਬੀ ਆਲੋਚਨਾ ਰਤਨ’ ਪੁਰਸਕਾਰ ਮੌਕੇ ’ਤੇ ਸਨਮਾਨ ਸਹਿਤ ਭੇਟ ਕੀਤੇ ਜਾਣਗੇ, ਤਾਂ ਜੋ ਸਮਾਜ ਦੇ ਵੱਖ-ਵੱਖ ਮਾਹਰਾਂ ਨੂੰ ਸਮਾਜ ਦੇ ਹੋਰ ਉਸਾਰੂ ਕਾਰਜਾਂ ਲਈ ਉਤਸ਼ਾਹਿਤ ਕੀਤਾ ਜਾ ਸਕੇ। ਪ੍ਰਬੰਧਕਾਂ ਵੱਲੋਂ ਸਾਰੇ ਸ਼ਾਇਰਾਂ ਤੇ ਲੇਖਕਾਂ ਨੂੰ ਇਸ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਹਾਰਦਿਕ ਸੱਦਾ ਦਿੱਤਾ ਹੈ।

